"ਬੇਬੇ ਦੀ ਰਸੋਈ 'ਚ ਵਿਰਾਸਤ ਦੀ ਮਹਿਕ, ਹਰ ਨਿਵਾਲੇ ਨਾਲ ਸਿਹਤ ਦੀ ਲਿਖੀ ਜਾਵੇਗੀ ਨਵੀਂ ਇਬਾਰਤ : ਉਮੇਂਦਰ ਦੱਤ"
25 ਜੁਲਾਈ ਤੋਂ 2 ਅਗਸਤ ਤੱਕ ਜੈਤੋ 'ਚ ਸਜੇਗਾ ਨੌਂ ਦਿਨਾਂ ਦਾ 'ਬੇਬੇ ਦੀ ਰਸੋਈ–ਮਿਲੇਟੇਰੀਅਨ ਫੈਸਟੋਰੈਂਟ'
ਜੈਤੋ, 2 ਜੁਲਾਈ (ਮਨਜੀਤ ਸਿੰਘ ਢੱਲਾ)- ਖੇਤੀ ਵਿਰਾਸਤ ਮਿਸ਼ਨ ਜੈਤੋ ਦੇ ਮੁੱਖ ਸੰਚਾਲਕ ਸ੍ਰੀ ਉਮੇਂਦਰ ਦੱਤ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ 25 ਜੁਲਾਈ ਤੋਂ 2 ਅਗਸਤ 2026 ਤੱਕ ਜੈਤੋ ਦੇ ਡਾ. ਅਮਰ ਸਿੰਘ ਆਜ਼ਾਦ ਹਾਲ, ਕਿਸਾਨ ਭਵਨ ਵਿਖੇ 'ਬੇਬੇ ਦੀ ਰਸੋਈ–ਮਿਲੇਟੇਰੀਅਨ ਫੈਸਟੋਰੈਂਟ™' ਦੇ ਰੂਪ ਵਿੱਚ ਨੌਂ ਦਿਨਾਂ ਦਾ ਵਿਸ਼ੇਸ਼ ਮਿਲੇਟ ਉਤਸਵ ਕਰਵਾਇਆ ਜਾਵੇਗਾ। ਉਤਸਵ ਹਰ ਰੋਜ਼ ਸਵੇਰੇ 8:30 ਵਜੇ ਤੋਂ ਰਾਤ 9:30 ਵਜੇ ਤੱਕ ਚੱਲੇਗਾ।
ਉਮੇਂਦਰ ਦੱਤ ਨੇ ਕਿਹਾ ਕਿ ਇਹ ਸਥਾਈ ਰੈਸਟੋਰੈਂਟ ਨਹੀਂ, ਸਗੋਂ ਮਿਲੇਟਾਂ ਨੂੰ ਲੋਕਾਂ ਦੀ ਰੋਜ਼ਾਨਾ ਥਾਲੀ ਨਾਲ ਜੋੜਨ ਅਤੇ ਭਾਰਤੀ ਭੋਜਨ ਪਰੰਪਰਾ ਨੂੰ ਨਵੀਂ ਪਛਾਣ ਦੇਣ ਦਾ ਉਪਰਾਲਾ ਹੈ। ਸੀਮਿਤ ਮੀਨੂ, ਸੀਮਿਤ ਬੈਠਕ ਵਿਵਸਥਾ ਅਤੇ ਤਜਰਬੇਕਾਰ ਸ਼ੈਫ਼ਾਂ ਵੱਲੋਂ ਮਿਲੇਟਾਂ ਤੋਂ ਤਿਆਰ ਕੀਤੇ ਪਰੰਪਰਾਗਤ ਅਤੇ ਨਵੇਂ ਵਿਅੰਜਨ ਪਰੋਸੇ ਜਾਣਗੇ।
ਉਨ੍ਹਾਂ ਕਿਹਾ ਕਿ 'ਬੇਬੇ' ਪੰਜਾਬੀ ਘਰਾਂ ਦੀ ਮਮਤਾ, ਆਪਣੇਪਣ ਅਤੇ ਪੌਸ਼ਟਿਕ ਭੋਜਨ ਦੀ ਪੁਰਾਤਨ ਪਰੰਪਰਾ ਦਾ ਪ੍ਰਤੀਕ ਹੈ। 'ਬੇਬੇ ਦੀ ਰਸੋਈ' ਇਸੇ ਵਿਰਾਸਤ ਨੂੰ ਮੁੜ ਜੀਵੰਤ ਕਰਨ ਦਾ ਯਤਨ ਹੈ, ਜਿੱਥੇ ਹਰ ਥਾਲੀ ਵਿੱਚ ਸਿਹਤ, ਕੁਦਰਤ ਅਤੇ ਸੱਭਿਆਚਾਰ ਦਾ ਸੁਮੇਲ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਉਤਸਵ ਦਾ ਮਕਸਦ ਲੋਕਾਂ ਨੂੰ ਇਹ ਦੱਸਣਾ ਹੈ ਕਿ ਮਿਲੇਟਾਂ ਨਾਲ ਬਣਿਆ ਭੋਜਨ ਸੁਆਦਲਾ, ਪੌਸ਼ਟਿਕ ਅਤੇ ਆਧੁਨਿਕ ਜੀਵਨ-ਸ਼ੈਲੀ ਲਈ ਬਹੁਤ ਲਾਹੇਵੰਦ ਹੈ। ਇਸ ਦੇ ਨਾਲ ਹੀ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਅਤੇ ਸਥਾਨਕ ਅਨਾਜਾਂ ਨੂੰ ਵੀ ਉਤਸ਼ਾਹ ਮਿਲੇਗਾ।
- Download Babushahi App
-
-