← ਪਿਛੇ ਪਰਤੋ
ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਰਾਸ਼ੀ ਜਾਰੀ ਹੋਣ 'ਤੇ ਸਰਪੰਚ ਗੁਰਦੀਪ ਸਿੰਘ ਜਖਵਾਲੀ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ ਗੁਰਪ੍ਰੀਤ ਸਿੰਘ ਜਖਵਾਲੀ ਫ਼ਤਹਿਗੜ੍ਹ ਸਾਹਿਬ 02 ਜੁਲਾਈ 2026:- ਪੰਜਾਬ ਸਰਕਾਰ ਵੱਲੋਂ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਤਿੰਨ ਮਹੀਨਿਆਂ ਦੀ ਸਤਿਕਾਰ ਰਾਸ਼ੀ ਜਾਰੀ ਕੀਤੇ ਜਾਣ ਉਪਰੰਤ ਪੰਜਾਬ ਭਰ ਦੀਆਂ ਮਾਵਾਂ ਅਤੇ ਧੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਸਰਪੰਚ ਗੁਰਦੀਪ ਸਿੰਘ ਅਤੇ ਸਮੂੰਹ ਗ੍ਰਾਮ ਪੰਚਾਇਤ ਜਖਵਾਲੀ ਵੱਲੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਔਰਤਾਂ ਦੇ ਸਤਿਕਾਰ ਲਈ ਚਲਾਈ ਗਈ ਇਸ ਯੋਜਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਹਰ ਮਾਂ ਅਤੇ ਧੀ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਅੱਜ ਹਰ ਪਰਿਵਾਰ ਨੂੰ ਆਪਣੇ ਘਰ ਵਿੱਚ ਔਰਤ ਹੋਣ ਦਾ ਮਾਣ ਮਹਿਸੂਸ ਹੋ ਰਿਹਾ ਹੈ। ਸਰਕਾਰ ਵੱਲੋਂ ਦਿੱਤਾ ਗਿਆ ਇਹ ਸਤਿਕਾਰ ਔਰਤਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਦੇ ਨਾਲ-ਨਾਲ ਸਮਾਜ ਵਿੱਚ ਉਨ੍ਹਾਂ ਦੇ ਸਨਮਾਨ ਨੂੰ ਵੀ ਹੋਰ ਵਧਾਏਗਾ। ਸਰਪੰਚ ਗੁਰਦੀਪ ਸਿੰਘ ਜਖਵਾਲੀ ਨੇ ਕਿਹਾ ਕਿ ਮਾਵਾਂ-ਧੀਆਂ ਸਤਿਕਾਰ ਯੋਜਨਾ ਵਰਗੇ ਉਪਰਾਲੇ ਧੀਆਂ ਪ੍ਰਤੀ ਸਮਾਜ ਦੀ ਸੋਚ ਨੂੰ ਹੋਰ ਸਕਾਰਾਤਮਕ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਆਸ ਜਤਾਈ ਕਿ ਅਜਿਹੀਆਂ ਯੋਜਨਾਵਾਂ ਨਾਲ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ 'ਤੇ ਵੀ ਕਾਫ਼ੀ ਹੱਦ ਤੱਕ ਰੋਕ ਲੱਗੇਗੀ ਅਤੇ ਧੀਆਂ ਨੂੰ ਸਨਮਾਨ ਅਤੇ ਬਰਾਬਰੀ ਦਾ ਹੱਕ ਮਿਲੇਗਾ। ਉਨ੍ਹਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕ ਭਲਾਈ ਲਈ ਚਲਾਈਆਂ ਜਾ ਰਹੀਆਂ ਅਜਿਹੀਆਂ ਯੋਜਨਾਵਾਂ ਦਾ ਲਾਭ ਹਰ ਯੋਗ ਪਰਿਵਾਰ ਤੱਕ ਪਹੁੰਚਣਾ ਚਾਹੀਦਾ ਹੈ।
Total Responses : 17