ਪੰਜਾਬ ਦੀਆਂ ਜੁਝਾਰੂ ਮਹਿਲਾਵਾਂ ਆਪਣੇ ਨਾਲ ਧੋਖਾ ਬਰਦਾਸ਼ਤ ਨਹੀਂ ਕਰਨਗੀਆਂ- ਮਨਪ੍ਰੀਤ ਸਿੰਘ ਇਯਾਲੀ
ਆਪਣੇ ਚੋਣ ਮੈਨੀਫੈਸਟੋ ਦੇ ਵਾਅਦੇ ਮੁਤਾਬਿਕ ਹਰ ਮਹਿਲਾ ਨੂੰ 60 ਹਜ਼ਾਰ ਰੁਪਏ ਦੇਣ ਦਾ ਵਾਅਦਾ ਪੂਰਾ ਕਰੇ ਸਰਕਾਰ
ਚੰਡੀਗੜ੍ਹ - "ਅਕਾਲੀ ਦਲ ਵਾਰਿਸ ਪੰਜਾਬ ਦੇ" ਦੇ ਸੀਨੀਅਰ ਆਗੂ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਹੈ ਕਿ ਪੰਜਾਬ ਦੀਆਂ ਜੁਝਾਰੂ ਮਹਿਲਾਵਾਂ ਆਮ ਆਦਮੀ ਪਾਰਟੀ ਵੱਲੋਂ ਆਪਣੇ ਨਾਲ ਕੀਤੇ ਰਾਜਨੀਤਿਕ ਧੋਖੇ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਨਗੀਆਂ। ਆਮ ਆਦਮੀ ਪਾਰਟੀ ਵੱਲੋਂ ਮਹਿਲਾਵਾਂ ਦੀਆਂ ਵੋਟਾਂ ਬਟੋਰਨ ਲਈ ਪ੍ਰਤੀ ਮਹੀਨਾ ਇੱਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜਨਰਲ ਵਰਗ ਦੀਆਂ ਮਹਿਲਾਵਾਂ ਲਈ ਇਹ ਰਕਮ 60 ਹਜ਼ਾਰ ਰੁਪਏ ਅਤੇ ਐਸਸੀ ਭਾਈਚਾਰੇ ਨਾਲ ਸੰਬਧਿਤ ਮਹਿਲਾਵਾਂ ਲਈ ਇਹ ਰਕਮ 90 ਹਜ਼ਾਰ ਰੁਪਏ ਬਣਦੀ ਹੈ,ਪਰ ਹੁਣ ਆਪ ਸਰਕਾਰ ਇਸ ਵਾਅਦੇ ਤੋਂ ਪੂਰੀ ਤਰਾਂ ਭੱਜ ਚੁੱਕੀ ਹੈ, ਸਰਕਾਰ ਆਪਣੇ ਕਾਰਜਕਾਲ ਦੇ ਮਹਿਜ ਆਖਰੀ ਤਿੰਨ ਮਹੀਨੇ ਦੇ ਪੈਸੇ ਦੇਕੇ ਸਿਆਸੀ ਧੋਖਾ ਕਰ ਰਹੀ ਹੈ।
ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਹਰ ਮਹਿਲਾ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣ ਦਾ ਵਾਅਦਾ ਚੋਣ ਜੁਮਲਾ ਸਾਬਤ ਹੋਇਆ ਹੈ, ਜਿਸ ਨਾਲ ਪੰਜਾਬ ਦੀਆਂ ਲੱਖਾਂ ਮਹਿਲਾਵਾਂ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀਆਂ ਹਨ। ਓਹਨਾਂ ਕਿਹਾ ਕਿ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਆਖ਼ਿਰ ਉਹ ਆਪਣਾ ਵਾਅਦਾ ਕਦੋਂ ਪੂਰਾ ਕਰੇਗੀ। ਜੇਕਰ ਵਾਅਦਾ ਪੂਰਾ ਕਰਨ ਦੀ ਨੀਅਤ ਨਹੀਂ ਸੀ ਤਾਂ ਚੋਣਾਂ ਦੌਰਾਨ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਵੋਟਾਂ ਕਿਉਂ ਮੰਗੀਆਂ ਗਈਆਂ?
ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਹੁਣ ਜਾਗਰੂਕ ਹਨ ਅਤੇ ਉਹ ਆਪਣੇ ਸਨਮਾਨ ਅਤੇ ਹੱਕਾਂ ਨਾਲ ਸਮਝੌਤਾ ਨਹੀਂ ਕਰਨਗੀਆਂ। ਆਉਣ ਵਾਲੇ ਸਮੇਂ ਵਿੱਚ ਉਹ ਅਜਿਹੀ ਰਾਜਨੀਤੀ ਦਾ ਲੋਕਤੰਤਰੀ ਤਰੀਕੇ ਨਾਲ ਜਵਾਬ ਦੇਣਗੀਆਂ, ਜੋ ਸਿਰਫ਼ ਵਾਅਦਿਆਂ ਤੱਕ ਸੀਮਤ ਰਹਿੰਦੀ ਹੈ। ਸਰਦਾਰ ਇਯਾਲੀ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪੰਜਾਬ ਦੀਆਂ ਮਹਿਲਾਵਾਂ ਦੇ ਹੱਕਾਂ ਅਤੇ ਸਨਮਾਨ ਦੀ ਲੜਾਈ ਲਗਾਤਾਰ ਲੜਦਾ ਰਹੇਗਾ ਅਤੇ ਹਰ ਅਧੂਰੇ ਵਾਅਦੇ ਦਾ ਹਿਸਾਬ ਲੋਕਾਂ ਦੀ ਕਚਹਿਰੀ ਵਿੱਚ ਮੰਗੇਗਾ।
- Download Babushahi App
-
-