Babushahi Special - ਬਠਿੰਡਾ ਨਹਿਰ ਤੇ ਰਜਬਾਹਿਆਂ ਚੋਂ ਮਿਲਦੀਆਂ ਲਾਸ਼ਾਂ ਪ੍ਰਤੀ ‘ਮੁਰਦਾ’ ਬਣਿਆ ਹਕੂਮਤੀ ਤੰਤਰ
ਅਸ਼ੋਕ ਵਰਮਾ
ਬਠਿੰਡਾ , 5 ਜੂਨ 2026 : ਕੀ ਮੌਤ ਦੇ ਵਪਾਰੀਆਂ ਲਈ ਬਠਿੰਡਾ ਨਹਿਰ ਅਤੇ ਰਜਬਾਹੇ ਵਰਦਾਨ ਬਣੇ ਹੋਏ ਹਨ। ਇੰਨ੍ਹਾਂ ਥਾਵਾਂ ਤੋਂ ਲਗਾਤਾਰ ਮਿਲ ਰਹੀਆਂ ਲਾਸ਼ਾਂ ਸਬੰਧੀ ਚਰਚਾ ਚੱਲ ਰਹੀ ਹੈ ਕਿ ਕਿਧਰੇ ਇਹ ਕਤਲ ਤਾਂ ਨਹੀਂ ਹਨ। ਬਠਿੰਡਾ ਪੁਲਿਸ ਦੇ ਰਿਕਾਰਡ ਅਨੁਸਾਰ ਮਾਲੀ ਸਾਲ 2010-11 ਤੋਂ 2025- 26 ਤੱਕ ਦੇ 16 ਸਾਲਾਂ ਦੌਰਾਨ ਇੰਨ੍ਹਾਂ ਥਾਵਾਂ ’ਤੇ 1023 ਲਾਸ਼ਾਂ ਮਿਲ ਚੁੱਕੀਆਂ ਹਨ ਜਿੰਨ੍ਹਾਂ ਦੀ ਪ੍ਰਤੀ ਮਹੀਨਾ ਔਸਤ 5 ਬਣਦੀ ਹੈ। ਸਮਾਜ ਸੇਵੀ ਆਗੂ ਅਤੇ ਆਰਟੀਆਈ ਕਾਰਕੁੰਨ ਸੰਜੀਵ ਗੋਇਲ ਵੱਲੋਂ ਬਠਿੰਡਾ ਪੁਲਿਸ ਤੋਂ ਸੂਚਨਾ ਦੇ ਅਧਿਕਾਰ ਐਕਟ ਤਹਿਤ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਇਹ ਗੰਭੀਰ ਤੱਥ ਸਾਹਮਣੇ ਆਏ ਹਨ। ਸ੍ਰੀ ਗੋਇਲ ਦਾ ਕਹਿਣਾ ਹੈ ਕਿ ਆਪਣੇ ਆਪ ’ਚ ਇਹ ਵੱਡਾ ਸਵਾਲ ਹੈ ਕਿ ਬਠਿੰਡਾ ਜਿਲ੍ਹੇ ’ਚ ਮਿਲਦੀਆਂ ਇਹ ਲਾਸ਼ਾਂ ਕਿੱਥੋਂ ਆਉਂਦੀਆਂ ਹਨ ਅਤੇ ਇਨ੍ਹਾਂ ਦੇ ਕੀ ਕਾਰਨ ਹੋ ਸਕਦੇ ਹਨ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ।
ਸੰਜੀਵ ਗੋਇਲ ਵੱਲੋਂ ਮੀਡੀਆ ਨੂੰ ਦਿੱਤੀ ਜਾਣਕਾਰੀ ਅਨੁਸਾਰ ਇੰਨ੍ਹਾਂ 1023 ਲਾਸ਼ਾਂ ਚੋਂ ਸਿਰਫ 357 ਦੀ ਪਛਾਣ ਹੋਈ ਹੈ ਜਦੋਂਕਿ 666 ਅਜਿਹੀਆਂ ਹਨ ਜਿੰਨ੍ਹਾਂ ਨੂੰ ਪਛਾਣਿਆ ਹੀ ਨਹੀਂ ਜਾ ਸਕਿਆ ਹੈ। ਦੇਖਣ ’ਚ ਆਉਂਦਾ ਹੈ ਕਿ ਸਰਹਿੰਦ ਨਹਿਰ ਅਤੇ ਇਸ ਦੇ ਰਜਬਾਹਿਆਂ ਚੋਂ ਅਕਸਰ ਲਾਸ਼ਾਂ ਮਿਲਦੀਆਂ ਰਹਿੰਦੀਆਂ ਹਨ। ਸੂਤਰ ਦੱਸਦੇ ਹਨ ਕਿ ਜਿਆਦਾਤਰ ਲਾਸ਼ਾਂ ਦੇ ਹਾਲਾਤ ਸਪਸ਼ਟ ਤੌਰ ’ਤੇ ਕਤਲ ਦੀ ਕਹਾਣੀ ਬਿਆਨ ਕਰਦੇ ਦਿਖਾਈ ਦਿੰਦੇ ਹਨ ਪਰ ਸ਼ਨਾਖਤ ਨਾਂ ਹੋਣ ਕਾਰਨ ਨਾਂ ਤਾਂ ਮ੍ਰਿਤਕ ਦੇ ਵਾਰਿਸਾਂ ਦਾ ਪਤਾ ਲੱਗ ਪਾਉਂਦਾ ਹੈ ਅਤੇ ਨਾਂ ਹੀ ਸੰਭਾਵੀ ਕਾਤਲਾਂ ਨੂੰ ਸਜ਼ਾ ਮਿਲਦੀ ਹੈ ਜਦੋਂਕਿ ਪ੍ਰੀਵਾਰਾਂ ਵੱਲੋਂ ਅੰਤਿਮ ਰਸਮਾਂ ਕਰਵਾਉਣੀਆਂ ਤਾਂ ਦੂਰ ਦੀ ਗੱਲ ਹੈ। ਅਜਿਹੀ ਸਥਿਤੀ ਦਰਮਿਆਨ ਅਜਿਹੀਆਂ ਲਾਸ਼ਾਂ ਪਿੱਛੇ ਲੁਕਿਆ ਸੱਚ ਰਾਜ਼ ਹੀ ਬਣਕੇ ਰਹਿ ਜਾਂਦਾ ਹੈ। ਹਾਲਾਂਕਿ ਅਧਿਕਾਰੀ ਆਖਦੇ ਹਨ ਕਿ ਪੁਲਿਸ ਆਪਣੀ ਤਰਫੋਂ ਪੁਰਜੋਰ ਕੋਸ਼ਿਸ਼ਾਂ ਕਰਦੀ ਹੈ ਫਿਰ ਵੀ ਕਈ ਲਾਸ਼ਾਂ ਬੇਪਛਾਣ ਰਹਿ ਜਾਂਦੀਆਂ ਹਨ।
ਸੂਚਨਾ ਦੇ ਅਧਿਕਾਰ ਐਕਟ ਤਹਿਤ ਸਾਹਮਣੇ ਆੲਂੇ ਅੰਕੜੇ ਹੈਰਾਨਕੁੰਨ ਹਨ ਕਿ ਕਿਸ ਤਰਾਂ ਮਿਲਣ ਵਾਲੀਆਂ ਲਾਸ਼ਾਂ ਚੋਂ ਤਕਰੀਬਨ ਅੱਧੀਆਂ ਜਾਂ ਇਸ ਤੋਂ ਵੱਧ ਦੀ ਪਛਾਣ ਹੀ ਨਹੀਂ ਹੋ ਪਾਉਂਦੀ ਹੈ। ਅੰਕੜਿਆਂ ਅਨੁਸਾਰ 2021-22 ’ਚ ਸਭ ਤੋਂ ਵੱਧ 99 ਲਾਸ਼ਾਂ ਮਿਲੀਆਂ ਹਨ ਜਿੰਨ੍ਹਾਂ ਚੋਂ ਤਕਰੀਬਨ ਅੱਧੀਆਂ 48 ਦੀ ਪਛਾਣ ਨਹੀਂ ਹੋ ਸਕੀ ਹੈ। ਸਾਲ 2022-23 ’ਚ ਇਹ ਅੰਕੜਾ 93 ਸੀ ਜਿਸ ਚੋਂ ਬੇਪਛਾਣ 44 , 2024-25 ’ਚ 92 ’ਤੇ ਪਛਾਣ ਰਹਿਤ 59 ਅਤੇ 2025-26 ’ਚ 90 ਲਾਸ਼ਾਂ ਮਿਲੀਆਂ ਸਨ ਜਿੰਨ੍ਹਾਂ ਚੋਂ 56 ਨੂੰ ਪਛਾਣਿਆ ਨਹੀਂ ਜਾ ਸਕਿਆ ਸੀ। ਇਸੇ ਤਰਾਂ ਹੀ 2019-20 ’ਚ 84 ਲਾਸ਼ਾਂ ਮਿਲੀਆਂ ਸਨ ਜਿੰਨ੍ਹਾਂ ਚੋਂ 42 ਦੀ ਸ਼ਿਨਾਖਤ ਨਹੀਂ ਹੋ ਸਕੀ । ਸਾਲ 2020 -21 ਦੀਆਂ 82 ਲਾਸ਼ਾਂ ਚੋਂ 43 ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ ਜਦੋਂਕਿ 2023-24 ’ਚ ਮਿਲੀਆਂ 80 ਲਾਸ਼ਾਂ ਚੋਂ ਪਛਾਣ ਰਹਿਤ ਦਾ ਅੰਕੜਾ ਅੱਧਿਓਂ ਵੱਧ 50 ਸੀ।
ਬੇਪਛਾਣ ਲਾਸ਼ਾਂ ਦਾ ਅੰਕੜਾ ਵੀ ਵੱਡਾ
ਬਠਿੰਡਾ ’ਚ ਮਿਲਦੀਆਂ ਲਾਸ਼ਾਂ ਚੋਂ ਬੇਪਛਾਣ ਦਾ ਅੰਕੜਾ ਵੀ ਵੱਡਾ ਹੈ। ਸਾਲ 2012-13 ਅਤੇ 2014-15 ’ਚ 33-33 ਲਾਸ਼ਾਂ ਪਰ ਸ਼ਿਨਾਖਤ ਸਿਰਫ ਛੇ ਦੀ ਹੋ ਸਕੀ ਸੀ। ਇਸੇ ਤਰਾਂ 2010-11 ’ਚ 58 ਚੋਂ 11 ਜਦੋਂਕਿ 2013-14 ’ਚ 54 ਚੋਂ 7 ਤੋਂ ਇਲਾਵਾ 2016 –17 ’ਚ 42 ਚੋਂ 5 ਦੀ ਸ਼ਿਨਾਖਤ ਹੋ ਸਕੀ ਸੀ। ਅੰਕੜਿਆਂ ਅਨੁਸਾਰ 34.89 ਫੀਸਦੀ ਲਾਸ਼ਾਂ ਦੀ ਸ਼ਨਾਖਤ ਨਹੀਂ ਹੋ ਸਕੀ ਜਦੋਂਕਿ ਬੇਪਛਾਣ ਦਾ ਇਹ ਅੰਕੜਾ 65.10 ਪ੍ਰਤੀਸ਼ਤ ਬਣਦਾ ਹੈ।
ਸਮਾਜਿਕ ਧਿਰਾਂ ਦਾ ਯੋਗਦਾਨ
ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਨੌਜਵਾਨ ਵੈਲਫੇਅਰ ਸੁਸਾਇਟੀ ਅਤੇ ਸਹਾਰਾ ਜਨ ਸੇਵਾ ਆਦਿ ਇੰਨ੍ਹਾਂ ਲਾਵਾਰਿਸ ਲਾਸ਼ਾਂ ਦੇ ਅੰਤਿਮ ਸਸਕਾਰ ਕਰਨ ’ਚ ਪੁਲਿਸ ਨੂੰ ਸਹਿਯੋਗ ਦਿੰਦੀਆਂ ਹਨ। ਇਹ ਸੰਸਥਾਵਾਂ ਲਾਸ਼ ਨੂੰ ਬਾਹਰ ਕੱਢਣ ਤੋਂ ਲੈਕੇ ਪੋਸਟਮਾਰਟਮ , ਸ਼ਿਨਾਖਤ ਅਤੇ ਆਖਰੀ ਰਸਮਾਂ ’ਚ ਆਪਣਾ ਯੋਗਦਾਨ ਪਾਉਂਦੀਆਂ ਹਨ ਪਰ ਕਈ ਵਾਰੀ ਪੁਲਿਸ ਕਾਗਜੀ ਕਾਰਵਾਈ ਨੂੰ ਬੋਝ ਮੰਨ ਜਾਂਦੀ ਹੈ
ਲਾਸ਼ਾਂ ਦਾ ਮਿਲਣਾ ਚਿੰਤਾਜਨਕ
ਗਾਹਕ ਜਾਗੇ ਆਗੂ ਸੰਜੀਵ ਗੋਇਲ ਦਾ ਕਹਿਣਾ ਸੀ ਕਿ ਇਸ ਤਰਾਂ ਲਾਸ਼ਾਂ ਦਾ ਤਕਰੀਬਨ ਹਰ ਮਹੀਨੇ ਮਿਲਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਤਾਂ ਇਹੋ ਜਾਪਦਾ ਹੈ ਕਿ ਅਪਰਾਧਿਕ ਅਨਸਰਾਂ ਵੱਲੋਂ ਪਤਾ ਨਹੀਂ ਕਿੰਨੇ ਬੇਗੁਨਾਹਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਫਿਕਰ ਵਾਲੀ ਗੱਲ ਇਹ ਵੀ ਹੈ ਕਿ ਸਜ਼ਾ ਨਾਂ ਮਿਲਣ ਕਾਰਨ ਅਪਰਾਧੀਆਂ ਦੇ ਹੌਂਸਲੇ ਬੁਲੰਦ ਬੁਲੰਦ ਹੋ ਰਹੇ ਹਨ। ਸੰਜੀਵ ਗੋਇਲ ਨੇ ਕਿਹਾ ਕਿ ਅਜਿਹੇ ਮਾਮਲਿਆਂ ’ਚ ਜੇਕਰ ਪੁਲਿਸ ਸਖਤੀ ਨਾਲ ਦੋਸ਼ੀਆਂ ਨੂੰ ਸਜਾ ਦਿਵਾਏ ਤਾਂ ਕਾਫੀ ਹੱਦ ਤੱਕ ਇਸ ਵਰਤਾਰੇ ਨੂੰ ਰੋਕਿਆ ਜਾ ਸਕਦਾ ਹੈ।
ਪੁਲਿਸ ਬਕਾਇਦਾ ਕਾਰਵਾਈ ਕਰਦੀ : ਐਸਪੀ
ਐਸਪੀ ( ਡੀ ) ਬਠਿੰਡਾ ਜਸਮੀਤ ਸਿੰਘ ਸਾਹੀਵਾਲ ਦਾ ਕਹਿਣਾ ਸੀ ਕਿ ਹਰ ਲਾਸ਼ ਮਿਲਣ ’ਤੇ ਪੁਲਿਸ ਬਣਦੀ ਕਾਰਵਾਈ ਕਰਦੀ ਹੈ। ਉਨ੍ਹਾਂ ਕਿਹਾ ਕਿ ਕਈ ਮਾਮਲਿਆਂ ’ਚ ਪੁਲਿਸ ਨੂੰ ਮ੍ਰਿਤਕ ਦਹ ਸ਼ਨਾਖਤ ਕਰਵਾਉਣ ਅਤੇ ਕਾਤਲਾਂ ਨੂੰ ਸਜ਼ਾ ਤਿਵਾਉਣ ’ਚ ਸਫਲਤਾ ਵੀ ਮਿਲੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਭਵਿੱਖ ’ਚ ਵੀ ਪੂਰੀ ਗੰਭੀਰਤਾ ਨਾਲ ਕੰਮ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਕਈ ਲਾਸ਼ਾਂ ਦੀ ਮਾੜੀ ਸਥਿਤੀ ਕਾਰਨ ਉਨ੍ਹਾਂ ਦੀ ਪਛਾਣ ਹੋਣੀ ਮੁਸ਼ਿਕਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਕ ਹਰ ਲਾਸ਼ ਨੂੰ 72 ਘੰਟੇ ਤੱਕ ਸੁਰੱਖਿਅਤ ਰੱਖਕੇ ਸ਼ਿਨਾਖਤ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਪਛਾਣ ਨਾਂ ਹੋਣ ਦੀ ਸੂਰਤ ’ਚ ਪੋਸਟਮਾਰਟਮ ਤੋਂ ਬਾਅਦ ਅੰਤਿਮ ਸਸਕਾਰ ਕੀਤਾ ਜਾਂਦਾ ਹੈ।
- Download Babushahi App
-
-