ਮਾਲਵਾ ਕੱਲਬ ਮੱਲੇਗਾ ਪੰਜਾਬ ਦਾ ਚੋਣ ਅਖਾੜਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀਨਿਧਾਂ ਦੀ ਨਿਊਜ਼ੀਲੈਂਡ ਫੇਰੀ ਦੌਰਾਨ ਪੰਜਾਬ ਦੀ ਸਿਆਸਤ ਗਰਮਾਈ
-ਸੀਨੀਅਰ ਉਪ ਪ੍ਰਧਾਨ ਸ. ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਨੇ ਦਿੱਤਾ ਦਮਦਾਰ ਭਾਸ਼ਣ
-ਨਿਊਜ਼ੀਲੈਂਡ ਤੋਂ 5 ਲੱਖ ਰੁਪਏ ਦੀ ਰਾਸ਼ੀ ਦਾ ਵੀ ਐਲਾਨ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 26 ਅਪ੍ਰੈਲ, 2026:-ਨਿਊਜ਼ੀਲੈਂਡ ਦੇ ਵਿਚ ਬੀਤੇ ਇਕ ਹਫ਼ਤੇ ਤੋਂ ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਦੋ ਪ੍ਰਤੀਨਿਧਾਂ ਸ. ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਨੇ ਵੱਖ-ਵੱਖ ਜਨਤਕ ਮੀਟਿੰਗਾਂ ਦੇ ਵਿਚ ਸਿਆਸੀ ਮਾਹੌਲ ਸਿਰਜਿਆ ਹੋਇਆ ਹੈ। ਗੁਰਦੁਆਰਾ ਸਾਹਿਬਾਨਾਂ ਤੋਂ ਲੈ ਕੇ ਵੱਖ-ਵੱਖ ਥਾਵਾਂ ਉਤੇ ‘ਗੱਲ ਪੰਜਾਬ ਦੀ’ ਸੁਨਣ ਵਾਸਤੇ ਪੰਜਾਬ ਨਾਲ ਪ੍ਰੇਮ ਕਰਨ ਵਾਲੇ ਪ੍ਰਵਾਸੀ ਪਹੁੰਚ ਰਹੇ ਹਨ। ਅੱਜ ਮਾਲਵਾ ਸਪੋਰਟਸ ਕਲੱਬ ਦੇ ਸਾਰੇ ਮੈਂਬਰਾਂ ਨੇ ਆਪਣੇ ਮਿੱਤਰਾਂ ਦੋਸਤਾਂ ਅਤੇ ਸਹਿਯੋਗੀ ਸੰਸਥਾਵਾਂ ਦੇ ਪ੍ਰਤੀਨਿਧ ਇਕੱਤਰ ਕਰਕੇ ਇਨ੍ਹਾਂ ਨੇਤਾਵਾਂ ਨੂੰ ਐਨਾ ਕੁ ਭਰੋਸਾ ਦੇ ਦਿੱਤਾ ਕਿ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਹੋਵੇਗਾ।
ਮੈਨੂਰੇਵਾ ਦੇ ‘ਲਵ ਪੰਜਾਬ’ ਰੈਸਟੋਰੈਂਟ ਵਿਖੇ ਰੱਖੇ ਇਸ ਪ੍ਰੋਗਰਾਮ ਦੇ ਵਿਚ ਪੰਜਾਬੀਆਂ ਦਾ ‘ਲਵ’ (ਪਿਆਰ) ਪੰਜਾਬ ਪ੍ਰਤੀ ਝਲਕਦਾ ਨਜ਼ਰ ਆਇਆ। ਇਹ ਅਹਿਮ ਮੀਟਿੰਗ ਬਹੁਤ ਹੀ ਉਤਸ਼ਾਹਜਨਕ ਮਾਹੌਲ ਵਿੱਚ ਸੰਪੰਨ ਹੋਈ, ਜੈਕਾਰੇ ਲੱਗੇ ਅਤੇ ਜ਼ਜਬਾ ਬੋਲਿਆ।
ਮੁੱਖ ਬੁਲਾਰੇ: ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਤੇਜਿੰਦਰ ਸਿੰਘ ਮਿਡੂਖੇੜਾ ਅਤੇ ਨੌਜਵਾਨ ਆਗੂ ਸ. ਸਰਬਜੀਤ ਸਿੰਘ ਝਿੰਜਰ (ਪ੍ਰਧਾਨ ਯੂਥ ਅਕਾਲੀ ਦੱਲ) ਨੇ ਵਿਸ਼ੇਸ਼ ਤੌਰ ’ਤੇ ਮੀਟਿੰਗ ਨੂੰ ਸੰਬੋਧਨ ਕੀਤਾ। ਬੁਲਾਰਿਆਂ ਨੇ ਪੰਜਾਬ ਦੀ ਮੌਜੂਦਾ ਸਥਿਤੀ, ਪਾਰਟੀ ਦੀ ਮਜ਼ਬੂਤੀ ਅਤੇ ਪਰਵਾਸੀ ਭਾਰਤੀਆਂ ਦੇ ਮੁੱਦਿਆਂ ’ਤੇ ਵਿਸਥਾਰਪੂਰਵਕ ਚਰਚਾ ਕੀਤੀ। ਉਨ੍ਹਾਂ ਨਿਊਜ਼ੀਲੈਂਡ ਵਿੱਚ ਵਸਦੇ ਸਿੱਖ ਭਾਈਚਾਰੇ ਵੱਲੋਂ ਮਿਲੇ ਨਿੱਘੇ ਸਵਾਗਤ ਲਈ ਸਾਰਿਆਂ ਦਾ ਧੰਨਵਾਦ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਚੋਣਮੈਨੀਫੈਸਟੋ ਦੇ ਵਿਚ ਸ਼ਾਮਿਲ ਕਰਨ ਦੇ ਲਈ ਬਹੁਤ ਸਾਰੀਆਂ ਤਿਆਰੀਆਂ ਦਾ ਜ਼ਿਕਰ ਕੀਤਾ ਗਿਆ ਜਿਵੇਂ ਪਿੰਡਾਂ ਵਿਚ ਜ਼ਮੀਨਾਂ ਦੀ ਨਵੇਂ ਸਿਰੇ ਤੋਂ ਤਕਸੀਮ, ਨੌਜਵਾਨਾਂ ਨੂੰ ਕਿੱਤਾਮੁਖੀ ਕੋਰਸਾਂ ਦੇ ਵਿਚ ਦਾਖਲਾ, ਸਕਿੱਲ ਯੂਨੀਵਰਸਿਟੀ ਸਥਾਪਿਤ ਕਰਨਾ, ਕਿਸਾਨਾਂ ਦੀ ਫਸਲ ਦੇ ਲਈ ਇਕ ਖਾਸ ਪ੍ਰੋਗਰਾਮ ਲੈ ਕੇ ਆਉਣਾ ਅਤੇ ਦੁਬਾਰਾ ਐਨ. ਆਰ. ਆਈ, ਸੰਮੇਲਨ ਕਰਵਾਉਣਾ। ਉਨ੍ਹਾਂ ਮੌਜੂਦਾ ਸਰਕਾਰ ਦੀਆਂ ਨਾਕਾਮੀਆਂ ਉਤੋਂ ਵੀ ਪਰਦਾ ਚੁੱਕਿਆ ਅਤੇ ਟਰਾਲੀ ਚੋਰ ਦੇ ਖਿਤਾਬ ਦੇ ਕੇ ਕਈ ਹੋਰ ਰਾਜ਼ ਖੋਲੇ੍ਹ।
ਸ. ਮਿੱਡੂਖੇੜਾ ਨੇ ਦੱਸਿਆ ਕਿ ਸ. ਸੁਖਬੀਰ ਸਿੰਘ ਬਾਦਲ ਨਿਊਜ਼ੀਲੈਂਡ ਦੇ ਇਸ ਦੌਰੇ ਤੋਂ ਕਾਫੀ ਪ੍ਰਭਾਵਿਤ ਹਨ ਅਤੇ ਆਸ ਹੈ ਕਿ ਉਹ ਜਲਦੀ ਹੀ ਨਿਊਜ਼ੀਲੈਂਡ ਦਾ ਦੌਰਾ ਵੀ ਮੁਕਰਰ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਬਣਦੀ ਹੈ ਤਾਂ ਪਹਿਲੇ ਦਿਨ ਹੀ ਵਿਸ਼ਵ ਕਬੱਡੀ ਕੱਪ ਦਾ ਐਲਾਨ ਕੀਤਾ ਜਾਵੇਗਾ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਖਿੱਚ ਦਾ ਕੇਂਦਰ ਹੋਣਗੀਆਂ।
ਅੱਜ ਦੀ ਮੀਟਿੰਗ ਦੇ ਪ੍ਰਬੰਧਕੀ ਟੀਮ ਦੇ ਮੈਂਬਰਾਂ ਵਿਚੋਂ ਸ. ਬਲਰਾਜ ਸਿੰਘ ਹੋਰਾਂ ਨੇ ਸਟੇਜ ਦੀ ਕਾਰਵਾਈ ਸੰਪੂਰਨ ਕੀਤੀ। ਇਸ ਤੋਂ ਇਲਾਵਾ ‘ਲਵ ਪੰਜਾਬ ਰੈਸਟੋਰੈਂਟ’ ਵਾਲੇ ਸ. ਸੁੱਖਪਾਲ ਸਿੰਘ ਕੁੱਕੂ ਮਾਨ, ਸ. ਚਰਨਜੀਤ ਸਿੰਘ ਚਾਹਲ, ਸ੍ਰੀ ਮਾਈਕ ਢਿੱਲੋਂ, ਸ. ਜਗਦੇਵ ਸਿੰਘ ਜੱਗੀ ਰਾਮੂਵਾਲੀਆ, ਸ. ਜਗਦੀਪ ਸਿੰਘ ਵੜੈਚ, ਸ. ਮੋਹਨ ਸਿੰਘ ਹਮਿਲਟਨ, ਸ. ਤਾਰਾ ਸਿੰਘ ਬੈਂਸ (ਨਿਊਜ਼ੀਲੈਂਡ ਸਿੱਖ ਗੇਮਜ਼), ਸ. ਖੜਗ ਸਿੰਘ ਲੇਬਰ ਪਾਰਟੀ ਉਮੀਦਵਾਰ ਹਲਕਾ ਟਾਕਾਨੀਨੀ, ਕੀਵੀ ਕਾਰੋਬਾਰੀ ਸ. ਗੁਰਪ੍ਰੀਤ ਸਿੰਘ ਗੋਪੀ ਹਕੀਮਪੁਰ ਅਤੇ ਕਈ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ। ਅਖੀਰ ਦੇ ਵਿਚ ਆਏ ਦੋਵਾਂ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਨਿਊਜ਼ੀਲੈਂਡ ਤੋਂ ਸਮੂਹਿਕ ਤੌਰ ਉਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਗਲੀਆਂ ਵੋਟਾਂ ਵੇਲੇ 5 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ ਗਿਆ। ਰੇਡੀਓ ਸਪਾਈਸ ਤੋਂ ਐਨ. ਵੀ. ਸਿੰਘ ਅਤੇ ਪੀ.ਟੀ. ਸੀ. ਤੋਂ ਮੈਡਮ ਗਗਨਦੀਪ ਕੌਰ ਵੀ ਪਹੁੰਚੇ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਉਪ ਪ੍ਰਧਾਨ ਸ. ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਦਾ ਸਨਮਾਨ ਕਰਦੇ ਹੋਏ ਅਤੇ ਹੇਠਾਂ ਵੱਖ-ਵੱਖ ਬੁਲਾਰੇ।
Click to Follow Babushahi Facebook Page →