ਸਮਰਾਲਾ ਦੇ ਸਿਵਲ ਹਸਪਤਾਲ 'ਚ ਤਿੰਨ ਦਿਨ ਪਹਿਲਾਂ ਮਾਂ ਬਣੀ ਔਰਤ ਨੇ ਤੋੜਿਆ ਦਮ, ਪਰਿਵਾਰ ਦੇ ਗੰਭੀਰ ਇਲਜ਼ਾਮਾਂ ਨੇ ਖੜ੍ਹੇ ਕੀਤੇ ਸਵਾਲ
Ravinder Singh
ਸਮਰਾਲਾ, 24 ਅਪ੍ਰੈਲ, 2026
ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਅੱਜ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਤਿੰਨ ਦਿਨ ਪਹਿਲਾਂ ਬੱਚੇ ਨੂੰ ਜਨਮ ਦੇਣ ਵਾਲੀ 27 ਸਾਲਾ ਨੌਜਵਾਨ ਮਹਿਲਾ ਪੂਜਾ ਦੀ ਇਲਾਜ ਦੌਰਾਨ ਮੌਤ ਹੋ ਗਈ। ਪਿੰਡ ਊਰਨਾ ਦੀ ਰਹਿਣ ਵਾਲੀ ਅਤੇ ਮੂਲ ਰੂਪ ਵਿੱਚ ਨੇਪਾਲੀ ਮੂਲ ਦੀ ਇਸ ਮਹਿਲਾ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਭਾਰੀ ਰੋਸ ਪ੍ਰਦਰਸ਼ਨ ਕੀਤਾ ਅਤੇ ਹਸਪਤਾਲ ਪ੍ਰਸ਼ਾਸਨ ਤੇ ਡਾਕਟਰਾਂ 'ਤੇ ਇਲਾਜ ਦੌਰਾਨ ਗੰਭੀਰ ਲਾਪਰਵਾਹੀ ਵਰਤਣ ਦੇ ਇਲਜ਼ਾਮ ਲਾਏ ਹਨ।
ਮ੍ਰਿਤਕਾ ਦੇ ਪਿਤਾ ਨੇ ਰੋਂਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਬੇਟੀ ਬਿਲਕੁਲ ਸਿਹਤਮੰਦ ਸੀ ਅਤੇ ਉਸਨੂੰ ਸਿਰਫ਼ ਖਾਂਸੀ ਦੀ ਸ਼ਿਕਾਇਤ ਸੀ, ਪਰ ਹਸਪਤਾਲ ਦੇ ਡਾਕਟਰਾਂ ਦੀ ਅਣਗਹਿਲੀ ਨੇ ਉਨ੍ਹਾਂ ਦੀ ਧੀ ਦੀ ਜਾਨ ਲੈ ਲਈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਹਸਪਤਾਲ ਕੋਲ ਸਹੂਲਤਾਂ ਦੀ ਕਮੀ ਸੀ, ਤਾਂ ਉਨ੍ਹਾਂ ਨੂੰ ਪਹਿਲਾਂ ਹੀ ਦੱਸਿਆ ਜਾ ਸਕਦਾ ਸੀ ਤਾਂ ਜੋ ਉਹ ਕਿਸੇ ਵੱਡੇ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾ ਸਕਦੇ। ਪਰਿਵਾਰਕ ਮੈਂਬਰਾਂ ਮੁਤਾਬਕ, ਜਦੋਂ ਪੂਜਾ ਦੀ ਹਾਲਤ ਵਿਗੜੀ ਤਾਂ ਮੌਕੇ 'ਤੇ ਕੋਈ ਵੀ ਸੀਨੀਅਰ ਡਾਕਟਰ ਮੌਜੂਦ ਨਹੀਂ ਸੀ ਅਤੇ ਸਿਰਫ਼ ਨਰਸਿੰਗ ਸਟਾਫ਼ ਹੀ ਉੱਥੇ ਸੀ। ਪਰਿਵਾਰ ਨੇ ਡਾਕਟਰਾਂ ਵੱਲੋਂ ਦੱਸੇ ਗਏ ਮੌਤ ਦੇ ਕਾਰਨ 'ਹਾਰਟ ਅਟੈਕ' ਨੂੰ ਮੰਨਣ ਤੋਂ ਇਨਕਾਰ ਕਰਦਿਆਂ ਹਸਪਤਾਲ ਤੋਂ ਮੌਤ ਦੀ ਪੂਰੀ ਲਿਖਤੀ ਰਿਪੋਰਟ ਅਤੇ ਸਬੂਤਾਂ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਸਪੱਸ਼ਟ ਕਹਿਣਾ ਹੈ ਕਿ ਜਿੰਨਾ ਚਿਰ ਲਾਪਰਵਾਹੀ ਵਰਤਣ ਵਾਲੇ ਸਟਾਫ਼ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ, ਉਹ ਸ਼ਾਂਤ ਨਹੀਂ ਬੈਠਣਗੇ।
ਦੂਜੇ ਪਾਸੇ, ਹਸਪਤਾਲ ਪ੍ਰਸ਼ਾਸਨ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਹਸਪਤਾਲ ਦੀ ਗਾਇਨੀਕੋਲੋਜਿਸਟ ਡਾ. ਸੁਖਵਿੰਦਰ ਕੌਰ ਨੇ ਸਪੱਸ਼ਟ ਕੀਤਾ ਕਿ ਮਰੀਜ਼ ਦਾ ਇਲਾਜ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਹੋਇਆ ਸੀ ਅਤੇ ਆਪਰੇਸ਼ਨ ਤੋਂ ਬਾਅਦ ਉਸਦੀ ਹਾਲਤ ਬਿਲਕੁਲ ਸਥਿਰ ਸੀ। ਉਨ੍ਹਾਂ ਦੱਸਿਆ ਕਿ ਮੌਤ ਦਾ ਮੁੱਢਲਾ ਕਾਰਨ ਅਚਾਨਕ ਆਇਆ ਦਿਲ ਦਾ ਦੌਰਾ (Cardiac Arrest) ਲੱਗ ਰਿਹਾ ਹੈ ਅਤੇ ਡਾਕਟਰਾਂ ਦੀ ਟੀਮ ਨੇ ਉਸਨੂੰ ਬਚਾਉਣ ਲਈ ਕਰੀਬ 45 ਮਿੰਟ ਤੱਕ ਸੀ.ਪੀ.ਆਰ (CPR) ਸਮੇਤ ਹਰ ਸੰਭਵ ਕੋਸ਼ਿਸ਼ ਕੀਤੀ। ਇਸ ਸਮੇਂ ਡਿਊਟੀ ਡਾਕਟਰ, ਸਟਾਫ਼ ਨਰਸਾਂ ਅਤੇ ਹੋਰ ਸਹਾਇਕ ਅਮਲਾ ਮੌਕੇ 'ਤੇ ਹੀ ਮੌਜੂਦ ਸੀ। ਫਿਲਹਾਲ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਆਪਣੀ ਬੇਟੀ ਨੂੰ ਤਾਂ ਵਾਪਸ ਨਹੀਂ ਲਿਆ ਸਕਦੇ, ਪਰ ਉਹ ਚਾਹੁੰਦੇ ਹਨ ਕਿ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਗਰੀਬ ਦੀ ਜਾਨ ਇਸ ਤਰ੍ਹਾਂ ਹਸਪਤਾਲਾਂ ਦੀ ਅਣਗਹਿਲੀ ਦੀ ਭੇਟ ਨਾ ਚੜ੍ਹੇ।
Click to Follow Babushahi Facebook Page →