ਕਮਿਊਨਿਟੀ ਹੈਲਥ ਸੈਂਟਰ ਗੋਨਿਆਣਾ ਵਿਖੇ ਗਰਭਵਤੀ ਔਰਤਾਂ ਦੀ ਸਿਹਤ ਜਾਂਚ ਲਈ ਕੈਂਪ ਲਾਇਆ
ਅਸ਼ੋਕ ਵਰਮਾ
ਗੋਨਿਆਣਾ,24 ਅਪ੍ਰੈਲ 2026 : ਸਿਵਲ ਸਰਜਨ ਡਾ: ਤਪਿੰਦਰਜੋਤ ਕੌਸ਼ਲ ਦੀਆਂ ਹਦਾਇਤਾਂ ਮੁਤਾਬਿਕ ਸਮੁਦਾਇਕ ਸਿਹਤ ਕੇਂਦਰ (ਸੀ.ਐਚ.ਸੀ.) ਗੋਨਿਆਣਾ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਯੋਜਨਾ ਤਹਿਤ ਗਰਭਵਤੀ ਔਰਤਾਂ ਦੀ ਜਾਂਚ ਲਈ ਇੱਕ ਵਿਸ਼ੇਸ਼ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਕਰੀਬ 60 ਗਰਭਵਤੀ ਔਰਤਾਂ ਜਾਂਚ ਕਰਵਾਉਣ ਲਈ ਪੁੱਜੀਆਂ। ਗਰਭਵਤੀ ਔਰਤਾਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ: ਧੀਰਾ ਗੁਪਤਾ ਨੇ ਕਿਹਾ ਕਿ ਉਹ ਜਣੇਪੇ ਸਮੇਂ ਹਸਪਤਾਲ ਆਉਣ ਅਤੇ ਘਰ ਜਾਣ ਲਈ 108 ਐਂਬੂਲੈਂਸ ਦੀ ਸਹੂਲਤ ਦਾ ਲਾਭ ਲੈਣ ਜੋ ਕਿ ਪੂਰੀ ਤਰ੍ਹਾਂ ਮੁਫ਼ਤ ਹੈ।
ਉਨ੍ਹਾਂ ਕਿਹਾ ਕਿ ਗਰਭ ਦੌਰਾਨ ਪੌਸ਼ਟਿਕ ਖੁਰਾਕ ਖਾਧੀ ਜਾਵੇ ਅਤੇ ਆਪਣੇ ਸਰੀਰ ਦੀ ਸਾਫ਼ ਸਫ਼ਾਈ ਰੱਖੀ ਜਾਵੇ।ਇਸ ਮੌਕੇ ਬੋਲਦਿਆਂ ਜੱਚਾ ਰੋਗ ਮਾਹਿਰ ਡਾ: ਜਗਦੀਪ ਕੌਰ ਨੇ ਕਿਹਾ ਕਿ ਗਰਭ ਦੌਰਾਨ ਮਾਹਿਰ ਡਾਕਟਰ ਨੂੰ ਨਿਰੰਤਰ ਮਿਲਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਖਾਣ—ਪੀਣ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਸੰਸਥਾ ਦੇ ਸਟਾਫ਼ ਦੀ ਸਹਾਇਤਾ ਨਾਲ ਗਰਭਵਤੀ ਔਰਤਾਂ ਨੂੰ ਕੇਲੇ ਅਤੇ ਫਰੂਟੀਆਂ ਦੀ ਵੰਡ ਕੀਤੀ ਗਈ।
Click to Follow Babushahi Facebook Page →