ਸੜਕ ਹਾਦਸੇ ਵਿੱਚ ਧੀ ਦੀ ਮੌਤ: 6 ਮਹੀਨੇ ਬਾਅਦ ਵੀ ਚਲਾਨ ਪੇਸ਼ ਨਾ ਹੋਣ 'ਤੇ ਇਨਸਾਫ਼ ਲਈ ਦਰ-ਦਰ ਭਟਕ ਰਹੀ ਹੈ ਪੀੜਤ ਵਿਧਵਾ ਮਾਂ
Baljit Singh
ਤਰਨਤਾਰਨ/ਭਿੱਖੀਵਿੰਡ, 24 ਅਪ੍ਰੈਲ, 2026
ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਤਤਲਾ ਦੀ ਇੱਕ ਪੀੜਤ ਵਿਧਵਾ ਔਰਤ ਆਪਣੀ ਧੀ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਦਾ ਇਨਸਾਫ਼ ਲੈਣ ਲਈ ਪਿਛਲੇ ਛੇ ਮਹੀਨਿਆਂ ਤੋਂ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਪੀੜਤ ਮਾਂ ਪਰਮਜੀਤ ਕੌਰ ਨੇ ਦੋਸ਼ ਲਾਇਆ ਹੈ ਕਿ ਪੁਲਿਸ ਚੌਂਕੀ ਸੁਰ ਸਿੰਘ ਵੱਲੋਂ ਉਸਦੀ ਧੀ ਅਕਬੀਰ ਕੌਰ ਦੀ ਮੌਤ ਦੇ ਮਾਮਲੇ ਵਿੱਚ ਦੋਸ਼ੀ ਖ਼ਿਲਾਫ਼ ਚਲਾਨ ਪੇਸ਼ ਕਰਨ ਵਿੱਚ ਟਾਲ-ਮਟੋਲ ਕੀਤੀ ਜਾ ਰਹੀ ਹੈ, ਜਿਸ ਕਾਰਨ ਦੋਸ਼ੀ ਸ਼ਰੇਆਮ ਘੁੰਮ ਰਿਹਾ ਹੈ ਅਤੇ ਪਰਿਵਾਰ ਨੂੰ ਧਮਕੀਆਂ ਦੇ ਰਿਹਾ ਹੈ।
ਘਟਨਾਕ੍ਰਮ ਅਨੁਸਾਰ, 21 ਨਵੰਬਰ 2025 ਨੂੰ ਅਕਬੀਰ ਕੌਰ ਭਿੱਖੀਵਿੰਡ ਵਿਖੇ ਆਪਣੀ ਨੌਕਰੀ ਤੋਂ ਵਾਪਸ ਪਰਤ ਰਹੀ ਸੀ। ਜਦੋਂ ਉਹ ਭਿੱਖੀਵਿੰਡ ਬੀਐਸਐਫ ਹੈੱਡਕੁਆਰਟਰ ਦੇ ਨੇੜੇ ਪਹੁੰਚੀ ਤਾਂ ਪਿੰਡ ਬਲੇਰ ਦੇ ਵਾਸੀ ਇੰਦਰਜੀਤ ਸਿੰਘ ਨੇ ਆਪਣੀ ਸਕਾਰਪੀਓ ਗੱਡੀ ਨਾਲ ਉਸਦੀ ਐਕਟੀਵਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਅਕਬੀਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਭਾਵੇਂ ਪੁਲਿਸ ਚੌਂਕੀ ਸੁਰ ਸਿੰਘ ਨੇ ਦੋਸ਼ੀ ਇੰਦਰਜੀਤ ਸਿੰਘ ਖ਼ਿਲਾਫ਼ ਮਾਮਲਾ ਤਾਂ ਦਰਜ ਕਰ ਲਿਆ ਸੀ, ਪਰ ਪਰਿਵਾਰ ਦਾ ਦੋਸ਼ ਹੈ ਕਿ ਦੋਸ਼ੀ ਨੂੰ ਮੌਕੇ 'ਤੇ ਹੀ ਜ਼ਮਾਨਤ ਮਿਲ ਗਈ ਸੀ ਅਤੇ ਹੁਣ ਛੇ ਮਹੀਨੇ ਬੀਤ ਜਾਣ ਦੇ ਬਾਵਜੂਦ ਪੁਲਿਸ ਕੋਰਟ ਵਿੱਚ ਚਲਾਨ ਪੇਸ਼ ਨਹੀਂ ਕਰ ਰਹੀ ਹੈ।
ਪੀੜਤ ਮਾਂ ਪਰਮਜੀਤ ਕੌਰ, ਜੋ ਖੁਦ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੀ ਹੈ, ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਅਕਬੀਰ ਕੌਰ ਹੀ ਘਰ ਦੀ ਆਰਥਿਕ ਰੀੜ੍ਹ ਦੀ ਹੱਡੀ ਸੀ। ਪਰਿਵਾਰ ਦੇ ਮੈਂਬਰਾਂ, ਜਿਨ੍ਹਾਂ ਵਿੱਚ ਭਰਾ ਕਵਲਜੀਤ ਸਿੰਘ ਅਤੇ ਨਿਸ਼ਾਨ ਸਿੰਘ ਵੀ ਸ਼ਾਮਲ ਹਨ, ਨੇ ਦੋਸ਼ ਲਾਇਆ ਕਿ ਪੁਲਿਸ ਚੌਂਕੀ ਸੁਰ ਸਿੰਘ ਦੋਸ਼ੀ ਦੀ ਮਦਦ ਕਰ ਰਹੀ ਹੈ। ਉਨ੍ਹਾਂ ਨੇ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਅਤੇ ਡੀਜੀਪੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਚੌਂਕੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਚਲਾਨ ਜਲਦ ਤੋਂ ਜਲਦ ਕੋਰਟ ਵਿੱਚ ਪੇਸ਼ ਕਰਵਾ ਕੇ ਦੋਸ਼ੀ ਨੂੰ ਸਜ਼ਾ ਦੁਆਈ ਜਾਵੇ।
ਦੂਜੇ ਪਾਸੇ, ਇਸ ਮਾਮਲੇ ਸਬੰਧੀ ਜਦੋਂ ਪੁਲਿਸ ਚੌਂਕੀ ਸੁਰ ਸਿੰਘ ਦੇ ਇੰਚਾਰਜ ਏਐਸਆਈ ਕੇਪੀ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਪੀੜਤ ਪਰਿਵਾਰ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਚਲਾਨ ਤਿਆਰ ਕਰਨ ਵਿੱਚ ਸਮਾਂ ਇਸ ਲਈ ਲੱਗ ਰਿਹਾ ਹੈ ਤਾਂ ਜੋ ਇਸਨੂੰ ਕਾਨੂੰਨੀ ਤੌਰ 'ਤੇ ਇੰਨਾ ਮਜ਼ਬੂਤ ਬਣਾਇਆ ਜਾ ਸਕੇ ਕਿ ਦੋਸ਼ੀ ਕੋਰਟ ਵਿੱਚੋਂ ਬਰੀ ਨਾ ਹੋ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਚਲਾਨ ਜਲਦੀ ਹੀ ਕੋਰਟ ਵਿੱਚ ਪੇਸ਼ ਕਰ ਦਿੱਤਾ ਜਾਵੇਗਾ।
Click to Follow Babushahi Facebook Page →