ਲੁਧਿਆਣਾ ਪੁਲਿਸ ਦੀ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ: 15 ਗ੍ਰਾਮ 'ਆਈਸ' ਸਮੇਤ ਤਸਕਰ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 9 ਮਾਰਚ 2026- ਕਮਿਸ਼ਨਰ ਪੁਲਿਸ ਲੁਧਿਆਣਾ ਸਵੱਪਨ ਸ਼ਰਮਾ (IPS) ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਥਾਣਾ ਕੂੰਮ ਕਲਾਂ ਦੇ ਅਧੀਨ ਪੈਂਦੀ ਚੌਕੀ ਕਟਾਣੀ ਕਲਾਂ ਦੀ ਪੁਲਿਸ ਟੀਮ ਨੇ ਇੱਕ ਨਾਮੀ ਨਸ਼ਾ ਤਸਕਰ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ ਕੀਤਾ।
ਇਹ ਕਾਰਵਾਈ ਜਸਕਰਨ ਸਿੰਘ ਤੇਜਾ (PPS) ਡਿਪਟੀ ਕਮਿਸ਼ਨਰ ਪੁਲਿਸ (ਦਿਹਾਤੀ), ਜਸ਼ਨਦੀਪ ਸਿੰਘ ਗਿੱਲ (PPS) ADCP ਜ਼ੋਨ-4, ਅਤੇ ਇੰਦਰਜੀਤ ਸਿੰਘ (PPS) ACP ਇੰਡਸਟਰੀ ਏਰੀਆ-ਏ ਦੀ ਅਗਵਾਈ ਹੇਠ ਇੰਸਪੈਕਟਰ ਪਰਮਦੀਪ ਸਿੰਘ ਮੁੱਖ ਅਫ਼ਸਰ ਥਾਣਾ ਕੂੰਮ ਕਲਾਂ ਵੱਲੋਂ ਅਮਲ ਵਿੱਚ ਲਿਆਂਦੀ ਗਈ।
ਪੁਲਿਸ ਜਾਣਕਾਰੀ ਅਨੁਸਾਰ ਮਿਤੀ 08-03-2026 ਨੂੰ ਨਾਕਾਬੰਦੀ ਦੌਰਾਨ ਸ਼ੱਕੀ ਹਾਲਾਤ ਵਿੱਚ ਘੁੰਮ ਰਹੇ ਜਗਦੀਪ ਸਿੰਘ ਉਰਫ ਜੱਗੀ (35 ਸਾਲ) ਪੁੱਤਰ ਮਨਜੀਤ ਸਿੰਘ, ਵਾਸੀ ਪਿੰਡ ਕਟਾਣੀ ਕਲਾਂ ਨੂੰ ਕਾਬੂ ਕੀਤਾ ਗਿਆ। ਤਲਾਸ਼ੀ ਲੈਣ 'ਤੇ ਦੋਸ਼ੀ ਦੇ ਕਬਜ਼ੇ ਵਿੱਚੋਂ 15 ਗ੍ਰਾਮ 'ਆਈਸ' (ਨਸ਼ੀਲਾ ਪਦਾਰਥ), ਇੱਕ ਇਲੈਕਟ੍ਰੋਨਿਕ ਕੰਡਾ ਅਤੇ 20 ਪਲਾਸਟਿਕ ਦੀਆਂ ਜਿਪਦਾਰ ਲਿਫਾਫੀਆਂ ਬਰਾਮਦ ਹੋਈਆਂ।
ਪੁਲਿਸ ਦੀ ਮੁੱਢਲੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਪਿਛਲੇ 2 ਸਾਲਾਂ ਤੋਂ ਖ਼ੁਦ ਨਸ਼ੇ ਦਾ ਆਦੀ ਹੈ ਅਤੇ ਆਪਣੀ ਨਸ਼ੇ ਦੀ ਪੂਰਤੀ ਲਈ ਸ਼ਹਿਰ ਅਤੇ ਪਿੰਡਾਂ ਵਿੱਚ ਨਸ਼ਾ ਸਪਲਾਈ ਕਰਦਾ ਸੀ। ਦੋਸ਼ੀ 'ਤੇ ਪਹਿਲਾਂ ਵੀ ਨਸ਼ਾ ਤਸਕਰੀ ਅਤੇ ਲੜਾਈ-ਝਗੜੇ ਦੇ 03 ਗੰਭੀਰ ਮੁਕੱਦਮੇ ਦਰਜ ਹਨ।
ਪੁਲਿਸ ਨੇ ਦੋਸ਼ੀ ਖ਼ਿਲਾਫ਼ ਮੁਕੱਦਮਾ ਨੰਬਰ 39, ਮਿਤੀ 08-03-2026 ਅ/ਧ 21-61-85 NDPS Act ਤਹਿਤ ਮਾਮਲਾ ਦਰਜ ਕਰ ਲਿਆ ਹੈ। ਅੱਜ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਇਹ ਨਸ਼ਾ ਕਿੱਥੋਂ ਖਰੀਦਦਾ ਸੀ ਅਤੇ ਅੱਗੇ ਕਿਹੜੇ-ਕਿਹੜੇ ਲੋਕਾਂ ਨੂੰ ਵੇਚਦਾ ਸੀ। ਪੁਲਿਸ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਕਈ ਹੋਰ ਅਹਿਮ ਖੁਲਾਸੇ ਹੋ ਸਕਦੇ ਹਨ।
Click to Follow Babushahi Facebook Page →