ਬਰਨਾਲਾ ਮਹਾਂਪੰਚਾਇਤ ਵਿੱਚ ਸਮੂਲੀਅਤ ਦੀਆਂ ਤਿਆਰੀਆਂ ਜ਼ੋਰਾਂ 'ਤੇ
ਦਲਜੀਤ ਕੌਰ
ਲੌਂਗੋਵਾਲ 9 ਮਾਰਚ, 2026: ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਭਲਕੇ ਬਰਨਾਲੇ ਦੀ ਦਾਣਾ ਮੰਡੀ ਵਿੱਚ ਭਾਰਤ ਅਮਰੀਕਾ ਵਪਾਰ ਸਮਝੌਤਾ ਰੱਦ ਕਰਨ, ਬਿਜਲੀ ਸੋਧ ਬਿੱਲ, ਬੀਜ ਬਿਲ ਰੱਦ ਕਰਨ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਹੋ ਰਹੀ ਮਹਾਂਪੰਚਾਇਤ ਵਿੱਚ ਕਿਰਤੀ ਕਿਸਾਨ ਯੂਨੀਅਨ ਦਾ ਵੱਡਾ ਜਥਾ ਲੌਂਗੋਵਾਲ ਇਲਾਕੇ ਵਿੱਚੋਂ ਸਮੂਲੀਅਤ ਕਰੇਗਾ। ਜਿਸ ਦੀ ਤਿਆਰੀ ਸਬੰਧੀ ਅੱਜ ਪਿੰਡ ਤਕੀਪੁਰ, ਢੱਡਰੀਆਂ, ਰੱਤੋਕੇ, ਸ਼ਾਹੋਕੇ ਅਤੇ ਲੌਂਗੋਵਾਲ ਵਿਖੇ ਕਿਸਾਨਾਂ ਦੀ ਲਾਮਬੰਦੀ ਲਈ ਮੀਟਿੰਗਾਂ ਕੀਤੀਆਂ ਗਈਆਂ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਭਜਨ ਸਿੰਘ ਢੱਡਰੀਆਂ, ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ ਨੇ ਦੱਸਿਆ ਕਿ ਸਾਡੇ ਦੇਸ਼ ਵਿੱਚ ਰਾਜ ਕਰਦੀ ਭਾਜਪਾ ਸਰਕਾਰ ਨੇ ਸਾਡੇ ਦੇਸ਼ ਦੀ ਪ੍ਰਭੂਸੱਤਾ ਨੂੰ ਅਮਰੀਕਾ ਅੱਗੇ ਗਹਿਣੇ ਰੱਖ ਦਿੱਤਾ ਹੈ,ਇਸ ਕਰਕੇ ਭਾਰਤ ਨੂੰ ਅੱਜ ਇਹ ਨਿਰਣਾ ਵੀ ਅਮਰੀਕਾ ਕੋਲੋਂ ਲੈਣਾ ਪੈ ਰਿਹਾ ਹੈ ਕਿ ਉਸ ਨੇ ਕਿਹੜੇ ਦੇਸ਼ ਕੋਲੋਂ ਤੇਲ ਖਰੀਦਣਾ ਹੈ ਤੇ ਕਿਹੜੇ ਦੇਸ਼ ਕੋਲੋਂ ਅਨਾਜ ਖਰੀਦਣਾ ਹੈ। ਕਰ ਮੁਕਤ ਵਪਾਰ ਸਮਝੌਤਿਆਂ ਰਾਹੀਂ ਜਿੱਥੇ ਆਪਣੇ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਦੇ ਰੁਜ਼ਗਾਰ ਤੇ ਭਾਰੀ ਸੱਟ ਮਾਰੀ ਹੈ ਉੱਥੇ ਹੀ ਦੇਸ਼ ਦੀ ਸੰਪਤੀ ਨੂੰ ਕਾਰਪੋਰੇਟ ਘਰਾਣਿਆਂ ਨੂੰ ਲੁਟਾਉਣ ਲਈ ਰਾਹ ਪੱਧਰਾ ਕੀਤਾ ਹੈ। ਪਰ ਇਸ ਦੇਸ਼ ਦੇ ਲੋਕ ਆਪਣੇ ਦੇਸ਼ ਦੀ ਰਾਖੀ ਲਈ ਹਮੇਸ਼ਾ ਕੁਰਬਾਨੀਆਂ ਕਰਦੇ ਆਏ ਨੇ ਅਤੇ ਇਸ ਵਾਰ ਵੀ ਉਹ ਇਸ ਕਾਰਪੋਰੇਟ ਅਤੇ ਸਾਮਰਾਜ ਦੀ ਦਲਾਲੀ ਕਰਨ ਵਾਲਿਆਂ ਖਿਲਾਫ ਸੰਘਰਸ਼ ਤੋਂ ਪਿੱਛੇ ਨਹੀਂ ਹਟਣਗੇ ਅਤੇ ਕਿਸਾਨਾਂ ਦੀ ਵੱਡੀ ਲਾਮਬੰਦੀ ਕਰਕੇ ਸੰਘਰਸ਼ ਰਾਹੀਂ ਇਹਨਾਂ ਮਾਮਲਿਆਂ ਤੋਂ ਸਰਕਾਰ ਨੂੰ ਪਿੱਛੇ ਹਟਣ ਲਈ ਮਜਬੂਰ ਕੀਤਾ ਜਾਵੇਗਾ।
ਇਸ ਮੌਕੇ ਵੱਖ ਵੱਖ ਪਿੰਡਾਂ ਵਿੱਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਯੂਥ ਵਿੰਗ ਦੇ ਜਿਲਾ ਆਗੂ ਰਵਿੰਦਰ ਸਿੰਘ ਤਕੀਪੁਰ ਅਤੇ ਅਵਤਾਰ ਸਿੰਘ ਸਾਹੋਕੇ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਬਰਨਾਲੇ ਮਹਾਂਪੰਚਾਇਤ ਵਿੱਚ ਸ਼ਾਮਿਲ ਹੋਵੋ ਤਾਂ ਜੋ ਸੰਘਰਸ਼ ਨੂੰ ਤਕੜਾ ਕਰਕੇ ਆਪਣੀਆਂ ਜਮੀਨਾਂ ਅਤੇ ਕਿੱਤੇ ਦੀ ਰਾਖੀ ਕੀਤੀ ਜਾ ਸਕੇ। ਇਸ ਮੌਕੇ ਸਾਹਿਬ ਸਿੰਘ ਤਕੀਪੁਰ, ਜੋਗਾ ਸਿੰਘ ਢੱਡਰੀਆਂ, ਹਰਦੇਵ ਸਿੰਘ ਦੁੱਲਟ, ਹਰਜਿੰਦਰ ਰੱਤੋਕੇ ਅਤੇ ਬਲਿਹਾਰ ਸਿੰਘ ਨੇ ਵੀ ਸੰਬੋਧਨ ਕੀਤਾ।
Click to Follow Babushahi Facebook Page →