ਈਰਾਨ, ਇਜ਼ਰਾਈਲ ਅਤੇ ਅਰਬ ਦੇਸ਼ਾਂ 'ਚ ਫ਼ਸੇ ਪੰਜਾਬੀ-ਭਾਰਤੀਆਂ ਲਈ ਬ੍ਰਹਮਪੁਰਾ ਵੱਲੋਂ ਯੂ.ਐਨ. ਨੂੰ ਚਿੱਠੀ ਲਿਖ ਕੇ ਮੰਗੀ ਮਦਦ
- ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਵੀ ਤੁਰੰਤ ਕੂਟਨੀਤਕ ਦਖਲ ਦੇਣ ਦੀ ਕੀਤੀ ਸਖ਼ਤ ਅਪੀਲ
- ਜੰਗੀ ਹਾਲਾਤਾਂ ਵਿੱਚ ਫ਼ਸੇ ਭਾਰਤੀਆਂ ਦੀ ਸੁਰੱਖਿਆ ਮੁੱਦਾ ਉਭਰਿਆ
ਤਰਨ ਤਾਰਨ 02 ਮਾਰਚ 2026: ( ) ਮੱਧ ਪੂਰਬ (ਮਿਡਲ ਈਸਟ) ਅਤੇ ਖਾਸ ਕਰਕੇ ਇਜ਼ਰਾਈਲ ਅਤੇ ਈਰਾਨ ਦੇ ਆਸ-ਪਾਸ ਭੜਕੀ ਜੰਗ ਦਰਮਿਆਨ ਫ਼ਸੇ ਹਜ਼ਾਰਾਂ ਪੰਜਾਬੀ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਅੰਤਰਰਾਸ਼ਟਰੀ ਪੱਧਰ 'ਤੇ ਇੱਕ ਵੱਡਾ ਤੇ ਇਤਿਹਾਸਕ ਕਦਮ ਚੁੱਕਿਆ ਗਿਆ ਹੈ। ਸ੍ਰ. ਬ੍ਰਹਮਪੁਰਾ ਨੇ ਅੱਜ ਜਨੇਵਾ ਸਥਿਤ 'ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ' ਦੇ ਹਾਈ ਕਮਿਸ਼ਨਰ ਵੋਲਕਰ ਤੁਰਕ ਨੂੰ ਇੱਕ ਬੇਹੱਦ ਪ੍ਰਭਾਵਸ਼ਾਲੀ ਮੰਗ ਪੱਤਰ ਭੇਜ ਕੇ ਜੰਗ ਦੇ ਹਾਲਾਤਾਂ ਵਿੱਚ ਫ਼ਸੇ ਪੰਜਾਬੀ ਅਤੇ ਭਾਰਤੀ ਪ੍ਰਵਾਸੀ ਮਜ਼ਦੂਰਾਂ ਦੀ ਜਾਨ ਬਚਾਉਣ ਲਈ ਤੁਰੰਤ ਕੌਮਾਂਤਰੀ ਦਖਲ ਦੀ ਜ਼ੋਰਦਾਰ ਮੰਗ ਕੀਤੀ ਹੈ।
ਸੰਯੁਕਤ ਰਾਸ਼ਟਰ ਨੂੰ ਲਿਖੇ ਆਪਣੇ ਅਧਿਕਾਰਤ ਪੱਤਰ ਵਿੱਚ ਜ਼ਮੀਨੀ ਹਕੀਕਤ ਬਿਆਨ ਕਰਦਿਆਂ ਸ੍ਰ. ਬ੍ਰਹਮਪੁਰਾ ਨੇ ਦੱਸਿਆ ਕਿ ਅਰਬ ਦੇਸ਼ਾਂ ਵਿੱਚ ਕੰਮ ਕਰਦੇ ਜ਼ਿਆਦਾਤਰ ਪੰਜਾਬੀ ਮਜ਼ਦੂਰ ਵਰਗ ਨਾਲ ਸਬੰਧਤ ਹਨ ਅਤੇ ਉਹ ਇਸ ਵੇਲੇ ਬੇਹੱਦ ਸੰਵੇਦਨਸ਼ੀਲ ਹਾਲਾਤਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਇੱਕ ਬਹੁਤ ਹੀ ਗੰਭੀਰ ਮੁੱਦਾ ਚੁੱਕਦਿਆਂ ਦੱਸਿਆ ਕਿ ਖਾੜੀ ਦੇਸ਼ਾਂ ਵਿੱਚ ਪ੍ਰਚੱਲਿਤ 'ਕਫਾਲਾ' ਸਿਸਟਮ ਅਤੇ ਕੰਪਨੀਆਂ ਵੱਲੋਂ ਮਜ਼ਦੂਰਾਂ ਦੇ ਪਾਸਪੋਰਟ ਅਤੇ ਸਫ਼ਰ ਦਸਤਾਵੇਜ਼ ਜ਼ਬਤ ਕਰ ਲੈਣ ਕਾਰਨ, ਇਹ ਨੌਜਵਾਨ ਬਿਨਾਂ ਕਾਗਜ਼ਾਂ ਤੋਂ ਬੇਵੱਸ ਹੋ ਚੁੱਕੇ ਹਨ। ਹਵਾਈ ਹਮਲਿਆਂ ਅਤੇ ਅੰਦਰੂਨੀ ਗੜਬੜੀ ਦੇ ਬਾਵਜੂਦ ਉਹ ਬਿਨਾਂ ਦਸਤਾਵੇਜ਼ਾਂ ਤੋਂ ਆਪਣੀ ਜਾਨ ਬਚਾ ਕੇ ਉਸ ਇਲਾਕੇ 'ਚੋਂ ਬਾਹਰ ਵੀ ਨਹੀਂ ਨਿਕਲ ਸਕਦੇ, ਜੋ ਕਿ ਮਨੁੱਖੀ ਅਧਿਕਾਰਾਂ ਦੀ ਸਿੱਧੀ ਅਤੇ ਵੱਡੀ ਉਲੰਘਣਾ ਹੈ।
ਕੌਮਾਂਤਰੀ ਕਾਨੂੰਨਾਂ ਦਾ ਸਿੱਧਾ ਹਵਾਲਾ ਦਿੰਦਿਆਂ ਅਕਾਲੀ ਆਗੂ ਨੇ 'ਚੌਥੀ ਜਨੇਵਾ ਕਨਵੈਨਸ਼ਨ', 'ਯੂਨੀਵਰਸਲ ਡਿਕਲੇਰੇਸ਼ਨ ਆਫ਼ ਹਿਊਮਨ ਰਾਈਟਸ' ਅਤੇ ਪ੍ਰਵਾਸੀ ਮਜ਼ਦੂਰਾਂ ਦੇ ਅਧਿਕਾਰਾਂ ਸੰਬੰਧੀ ਕੌਮਾਂਤਰੀ ਸੰਧੀਆਂ ਦਾ ਜ਼ਿਕਰ ਕਰਦਿਆਂ ਸੰਯੁਕਤ ਰਾਸ਼ਟਰ ਅੱਗੇ ਸਪੱਸ਼ਟ ਮੰਗ ਰੱਖੀ ਕਿ ਜੰਗ ਵਾਲੇ ਖੇਤਰਾਂ ਵਿੱਚ ਤੁਰੰਤ ਗੋਲੀਬਾਰੀ ਰੋਕ ਕੇ 'ਸੁਰੱਖਿਅਤ ਲਾਂਘਾ' ਬਣਾਇਆ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਅਰਬ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਖ਼ਤ ਹਦਾਇਤ ਜਾਰੀ ਕਰਨ ਦੀ ਅਪੀਲ ਕੀਤੀ ਤਾਂ ਜੋ ਕੰਪਨੀਆਂ ਮਜ਼ਦੂਰਾਂ ਦੇ ਜ਼ਬਤ ਕੀਤੇ ਪਾਸਪੋਰਟ ਬਿਨਾਂ ਸ਼ਰਤ ਤੁਰੰਤ ਵਾਪਸ ਕਰਨ ਅਤੇ ਜਿਨ੍ਹਾਂ ਦੇ ਪਾਸਪੋਰਟ ਗੁੰਮ ਜਾਂ ਨਸ਼ਟ ਹੋ ਗਏ ਹਨ, ਉਨ੍ਹਾਂ ਨੂੰ 'ਆਈ.ਓ.ਐਮ.' ਦੀ ਮਦਦ ਨਾਲ ਤੁਰੰਤ ਐਮਰਜੈਂਸੀ ਟਰਾਂਜ਼ਿਟ ਵੀਜ਼ੇ ਜਾਰੀ ਕੀਤੇ ਜਾਣ। ਉਨ੍ਹਾਂ ਸਪੱਸ਼ਟ ਕਿਹਾ ਕਿ ਕੌਮਾਂਤਰੀ ਭਾਈਚਾਰਾ ਇਨ੍ਹਾਂ ਬੇਕਸੂਰ ਮਜ਼ਦੂਰਾਂ ਨੂੰ ਭੂ-ਰਾਜਨੀਤਕ ਜੰਗਾਂ ਦੀ ਬਲੀ ਚੜ੍ਹਦਿਆਂ ਮੂਕ ਦਰਸ਼ਕ ਬਣ ਕੇ ਨਹੀਂ ਦੇਖ ਸਕਦਾ।
ਇਸ ਮਾਮਲੇ ਵਿੱਚ ਭਾਰਤ ਸਰਕਾਰ ਦੀ ਜਵਾਬਦੇਹੀ ਨੂੰ ਵੀ ਤੈਅ ਕਰਦਿਆਂ ਸ੍ਰ. ਬ੍ਰਹਮਪੁਰਾ ਨੇ ਇਸ ਪੱਤਰ ਦੀਆਂ ਕਾਪੀਆਂ ਭਾਰਤ ਦੇ ਵਿਦੇਸ਼ ਮੰਤਰੀ ਅਤੇ ਵਿਦੇਸ਼ ਸਕੱਤਰ ਨੂੰ ਵੀ ਵਿਸ਼ੇਸ਼ ਤੌਰ 'ਤੇ ਭੇਜੀਆਂ ਹਨ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੰਯੁਕਤ ਰਾਸ਼ਟਰ ਦੇ ਨਾਲ-ਨਾਲ ਕੂਟਨੀਤਕ ਪੱਧਰ 'ਤੇ ਪ੍ਰਸ਼ਾਸਨਿਕ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇ ਅਤੇ ਵਿਦੇਸ਼ਾਂ ਵਿੱਚ ਫ਼ਸੇ ਪੰਜਾਬੀਆਂ ਦੀ ਹਰ ਪਲ ਦੀ ਖ਼ਬਰ ਰੱਖ ਕੇ ਉਨ੍ਹਾਂ ਦੀ ਸੁਰੱਖਿਅਤ ਘਰ ਵਾਪਸੀ ਯਕੀਨੀ ਬਣਾਈ ਜਾਵੇ। -(ਪ੍ਰੈੱਸ ਬਿਆਨ ਸਮਾਪਤ) -
Click to Follow Babushahi Facebook Page →