Election Special : ਜਿਲ੍ਹਾ ਪ੍ਰੀਸ਼ਦ ਚੋਣਾਂ: ਮਾਲਵਾ ਪੱਟੀ ਦੇ ਪਿੰਡਾਂ ਦੀਆਂ ਸੱਥਾਂ ’ਚ ਕਮਲ ਦੇ ਫੁੱਲ ਦੀ ਸਿਆਸੀ ਦਸਤਕ
ਅਸ਼ੋਕ ਵਰਮਾ
ਬਠਿੰਡਾ, 13 ਦਸੰਬਰ 2025: ਪੰਜਾਬ ’ਚ ਕਰਵਾਈਆਂ ਜਾ ਰਹੀਆਂ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਭਾਰਤੀ ਜੰਤਾ ਪਾਰਟੀ ਕੋਲ ਗੁਆਉਣ ਲਈ ਕੁੱਝ ਵੀ ਖਾਸ ਨਹੀਂ ਪਰ ਪੇਂਡੂ ਪੰਜਾਬ ‘ਚ ਆਪਣੀ ਪਕੜ ਮਜਬੂਤ ਕਰਨ ਦਾ ਸੁਨਹਿਰੀ ਮੌਕਾ ਮੰਨਿਆ ਜਾ ਰਿਹਾ ਹੈ। ਜਿੱਤ ਹਾਰ ਅਲਹਿਦਾ ਗੱਲ ਹੈ ਪਰ ਮਾਲਵੇ ਦੇ ਪਿੰਡਾਂ ਦੀਆਂ ਸੱਥਾਂ ’ਚ ਭਾਜਪਾ ਦੀ ਚਰਚਾ ਹੋਣ ਲੱਗੀ ਹੈ। ਹੁਣ ਜਦੋਂ ਵੋਟਾਂ ਪੈਣ ‘ਚ ਸਿਰਫ ਇੱਕ ਰਾਤ ਬਾਕੀ ਰਹਿ ਗਈ ਹੈ ਤਾਂ ਚੋਣ ਪ੍ਰਚਾਰ ਦੀ ਪੁਣਛਾਣ ਦੌਰਾਨ ਇਹ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ । ਸ਼੍ਰੋਮਣੀ ਅਕਾਲੀ ਦਲ ਨਾਲੋਂ ਗਠਜੋੜ ਟੁੱਟਣ ਪਿਛੋਂ ਭਾਜਪਾ ਨੇ ਪਹਿਲੀ ਵਾਰ ਆਪਣੇ ਦਮਖਮ ਤਹਿਤ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਰਾਹੀਂ ਪਿੰਡਾਂ ਦੀ ਰਾਜਨੀਤੀ ’ਚ ਦਸਤਕ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਕਿਸਾਨੀ ਦਬਦਬੇ ਅਤੇ ਰਾਜਨੀਤਕ ਤੌਰ ਤੇ ਸੰਵੇਦਨਸ਼ੀਲ ਮੰਨੀ ਜਾਂਦੀ ਮਾਲਵਾ ਪੱਟੀ ’ਚ ਭਾਜਪਾ ਨੇ ਵੱਡਾ ਦਾਅ ਖੇਡਿ੍ਹਆ ਹੈ।
ਭਾਜਪਾ ਨੇ ਤਕਰੀਬਨ ਇੱਕ ਹਜ਼ਾਰ ਬਲਾਕ ਸੰਮਤੀਆਂ ਅਤੇ ਦੋ ਸੌ ਦੇ ਕਰੀਬ ਜਿਲ੍ਹਾ ਪ੍ਰੀਸ਼ਦ ਜੋਨਾਂ ’ਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੱਡੀ ਗਿਣਤੀ ਉਮੀਦਵਾਰਾਂ ਨੂੰ ਕਾਗਜ਼ ਦਾਖਲ ਕਰਨ ਤੋਂ ਰੋਕਿਆ ਗਿਆ ਨਹੀਂ ਤਾਂ ਇਹ ਅੰਕੜਾ ਵੱਡਾ ਹੋਣਾ ਸੀ। ਭਾਜਪਾ ਦੀ ਇਹ ਰਣਨੀਤੀ ਅਗਾਮੀ ਵਿਧਾਨ ਸਭਾ ਚੋਣਾਂ ਦੀ ਦਿਸ਼ਾ ਅਤੇ ਦਸ਼ਾ ਦੇ ਲਿਹਾਜ਼ ਨਾਲ ਕਾਫੀ ਅਹਿਮ ਮੰਨੀ ਜਾ ਰਹੀ ਹੈ। ਬਾਬੂਸ਼ਾਹੀ ਵੱਲੋਂ ਕੀਤੀ ਗਈ ਪੜਤਾਲ ਦਾ ਇਹੋ ਸਿੱਟਾ ਨਿਕਲਿਆ ਹੈ ਕਿ ਕਈ ਇਲਾਕਿਆਂ ਵਿਚਲੇ ਪਿੰਡਾਂ ’ਚ ਭਗਵਾ ਪਾਰਟੀ ਦੀਆਂ ਵੱਡੀਆਂ ਸਰਗਰਮੀਆਂ ਦੇਖਣ ਨੂੰ ਮਿਲੀਆਂ ਹਨ। ਦੇਖਿਆ ਗਿਆ ਕਿ ਪਿੰਡਾਂ ’ਚ ਭਾਜਪਾ ਦੇ ਪੋਸਟਰ ਅਤੇ ਪਿੰਡਾਂ ’ਚ ਹੋਏ ਪ੍ਰਚਾਰ ਸਹਾਰੇ ਪੇਂਡੂ ਵੋਟਰਾਂ ਤੱਕ ਪਾਰਟੀ ਦੀ ਪਹੁੰਚ ਬਣੀ ਹੈ। ਚੋਣ ਪ੍ਰਚਾਰ ਅਤੇ ਨਾਮਜਦਗੀਆਂ ਦਾਖਲ ਕਰਨ ਮੌਕੇ ਕਿਸੇ ਕਿਸਮ ਦਾ ਵਿਰੋਧ ਨਹੀਂ ਹੋਇਆ ਜਿਸ ਨੂੰ ਭਾਜਪਾ ਸਕਾਰਾਤਮਕ ਸੰਕੇਤ ਮੰਨ ਰਹੀ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਭਾਜਪਾ ਲਈ ਇਹ ਚੋਣਾਂ ਜਿੱਤ ਹਾਰ ਤੱਕ ਸੀਮਤ ਨਹੀਂ ਹਨ ਬਲਕਿ ਪਾਰਟੀ ਹਾਈਕਮਾਂਡ ਇਸ ਮੌਕੇ ਨੂੰ ਪੇਂਡੂ ਪੰਜਾਬ ’ਚ ਆਪਣਾ ਸਹੀ ਅਤੇ ਗਰਾਊਂਡ ਲੈਵਲ ਤੇ ਆਪਣੇ ਜਨ ਅਧਾਰ ਸਬੰਧੀ ਠੋਸ ਜਾਣਕਾਰੀ ਹਾਸਲ ਕਰਨਾ ਚਾਹੁੰਦੀ ਹੈ। ਇਸ ਦੇ ਅਧਾਰ ਤੇ ਹੀ ਪਾਰਟੀ ਤੈਅ ਕਰੇਗੀ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਇਕੱਲਿਆਂ ਲੜਨੀਆਂ ਹਨ ਜਾਂ ਫਿਰ ਗਠਜੋੜ ਦੀ ਰਾਜਨੀਤੀ ਕਰਨੀ ਹੈ। ਇਹੋ ਕਾਰਨ ਹੈ ਕਿ ਪਾਰਟੀ ਨੇ ਚੁੱਪ ਚੁਪੀਤੇ ਆਪਣੀ ਸਮੁੱਚੀ ਤਾਕਤ ਝੋਂਕੀ ਹੋਈ ਹੈ। ਰੌਚਕ ਤੱਥ ਇਹ ਵੀ ਹੈ ਕਿ ਇਹ ਕੋਈ ਇੱਕ ਦਿਨ ’ਚ ਨਹੀਂ ਹੋਇਆ ਸਗੋਂ ਪਾਰਟੀ ਪਿਛਲੇ ਲੰਮੇਂ ਸਮੇਂ ਤੋਂ ਪਿੰਡਾਂ ’ਚ ਭਾਜਪਾ ਪੱਖੀ ਮਹੌਲ ਬਨਾਉਣ ’ਚ ਲੱਗੀ ਹੋਈ ਸੀ। ਪਾਰਟੀ ਨੇ ਇਸ ਰਣਨੀਤੀ ਤਹਿਤ ਪੇਂਡੂ ਸਮਾਜ ‘ਚ ਆਪਣੀ ਪਕੜ ਮਜਬੂਤ ਕਰਨ ਲਈ ਹੜ੍ਹਾਂ ਦੌਰਾਨ ਰਾਹਤ ਸਮੱਗਰੀ ਵੰਡੀ ਅਤੇ ਲੋਕਾਂ ਨਾਲ ਜੁੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ।
ਹੁਣ ਵੀ ਪ੍ਰਚਾਰ ਦੌਰਾਨ ਭਾਜਪਾਈ ਆਗੂਆਂ ਨੇ ਪਿੰਡਾਂ ’ਚ ਲੋਕਾਂ ਨੂੰ ਇਹੋ ਸਮਝਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ , ਮਜ਼ਦੂਰਾਂ ਅਤੇ ਹੋਰ ਵਰਗਾਂ ਲਈ ਕੀ ਕੀ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਕਿਸਾਨ ਅੰਦੋਲਨ ਤੋਂ ਬਾਅਦ ਭਾਜਪਾ ਲਈ ਪੰਜਾਬ ’ਚ ਹਾਲਾਤ ਚੁਣੌਤੀ ਪੂਰਨ ਰਹੇ ਹਨ ਪਰ ਮੌਜੂਦਾ ਦੌਰ ਦੌਰਾਨ ਆਮ ਲੋਕਾਂ ’ਚ ਵਿਚਰਨ ਵੇਲੇ ਭਾਜਪਾ ਆਗੂਆਂ ’ਚ ਆਤਮਵਿਸ਼ਵਾਸ਼ ਵੀ ਦਿਖਾਈ ਦਿੱਤਾ ਅਤੇ ਮੋਦੀ ਸਰਕਾਰ ਦੀਆਂ ਸਕੀਮਾਂ ਦਾ ਅਸਰ ਵੀ ਨਜ਼ਰੀਂ ਪਿਆ ਹੈ। ਹੁਣ ਤਾਂ ਲੋਕ ਵੀ ਮੰਨਣ ਲੱਗੇ ਹਨ ਕਿ ਇਹ ਚੋਣਾਂ ਭਾਜਪਾ ਲਈ ਸੱਤਾ ਦਾ ਸਾਧਨ ਨਹੀਂ ਹਨ ਬਲਕਿ ਮਾਲਵੇ ’ਚ ਆਪਣੀ ਸਿਆਸੀ ਤਾਕਤ ਅਤੇ ਭਵਿੱਖ ਦੀ ਦਿਸ਼ਾ ਨੂੰ ਮਾਪਣ ਦਾ ਤਜ਼ਰਬਾ ਹੈ। ਭਾਜਪਾ ਦੇ ਸੂਬਾ ਜਰਨਲ ਸਕੱਤਰ ਦਿਆਲ ਸੋਢੀ ਦਾ ਕਹਿਣਾ ਸੀ ਕਿ ਵਿਰੋਧ ਹੌਲੀ ਹੌਲੀ ਸ਼ਾਂਤ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਵੱਡੀ ਗਿਣਤੀ ਲੋਕ ਭਾਜਪਾ ਨਾਲ ਜੁੜ ਰਹੇ ਹਨ।
ਅਕੇਲਾ ਚਲੋ ਦੀ ਰਣਨੀਤੀ
ਭਾਰਤੀ ਜੰਤਾ ਪਾਰਟੀ ਦੇ ਇੱਕ ਆਗੂ ਦਾ ਕਹਿਣਾ ਸੀ ਕਿ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਜਰੀਏ ਪਾਰਟੀ ਇਹ ਜਾਨਣਾ ਚਾਹੁੰਦੀ ਹੈ ਕਿ ਪਾਰਟੀ ਪੰਜਾਬ ’ਚ ਕਿੰਨੇ ਸਿਆਸੀ ਪਾਣੀ ਵਿੱਚ ਹੈ। ਉਨ੍ਹਾਂ ਦੱਸਿਆ ਕਿ ਇਸੇ ਅਧਾਰ ਤੇ ਹੀ ਮਿਸ਼ਨ 2027 ਲਈ ਰੂਪ ਰੇਖਾ ਤਿਆਰ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਭਾਜਪਾ ਹਾਈਕਮਾਂਡ ਨੇ ਸਾਫ ਸੰਕੇਤ ਦਿੱਤੇ ਹਨ ਕਿ ਪੰਜਾਬ ’ਚ ਪਾਰਟੀ ਨੀਤੀਆਂ ਮੁਤਾਬਕ ਹੀ ਅੱਗੇ ਵਧਣਾ ਹੈ ਜਿਸ ਕਰਕੇ ਜਿਆਦਾਤਰ ਲੀਡਰ ਬਿਨਾਂ ਕਿਸੇ ਧਿਰ ਨਾਲ ਗਠਜੋੜ ਤੋਂ ਆਪਣੇ ਬਲਬੂਤੇ ’ਤੇ ਹੀ ਪਾਰਟੀ ਨੂੰ ਸਥਾਪਿਤ ਕਰਨਾ ਚਾਹੁੰਦੇ ਹਨ।
ਸੇਵਾ ਦਾ ਮੌਕਾ ਦੇਣ ਪੰਜਾਬੀ: ਸਿੰਗਲਾ
ਭਾਜਪਾ ਜਿਲ੍ਹਾ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਦਾ ਕਹਿਣਾ ਸੀ ਕਿ ਭਾਜਪਾ ਪੂਰੇ ਉਤਸ਼ਾਹ ਨਾਲ ਇਹ ਚੋਣਾਂ ਲੜ ਰਹੀ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਆਗੂ ਵੋਟਰਾਂ ਨੂੰ ਪੰਜਾਬ ਪ੍ਰਤੀ ਮੋਦੀ ਸਰਕਾਰ ਦੇ ਵਿਜ਼ਨ ਤੋਂ ਜਾਣੂੰ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕਿਸ ਤਰਾਂ ਪੰਜਾਬ ਸਰਕਾਰ ਵੱਲੋਂ ਕੇਂਦਰੀ ਸਕੀਮਾਂ ਦਾ ਲਾਭ ਲੋਕਾਂ ਤੱਕ ਪੁੱਜਣ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਇਸ ਮੌਕੇ ਪੰਜਾਬੀਆਂ ਨੂੰ ਭਾਜਪਾ ਨੂੰ ਇੱਕ ਮੌਕਾ ਦੇਣ ਦੀ ਅਪੀਲ ਵੀ ਕੀਤੀ.