ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ-ਪੈਸੇ, ਨਸ਼ੇ ਅਤੇ ਸਿਆਸੀ ਚੌਧਰ ਦੀ ਖੇਡ-ਇਨਕਲਾਬੀ ਕੇਂਦਰ
ਅਸ਼ੋਕ ਵਰਮਾ
ਬਰਨਾਲਾ, 4 ਦਸੰਬਰ 2025:ਇਨਕਲਾਬੀ ਕੇਂਦਰ ਪੰਜਾਬ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਡਾ ਰਜਿੰਦਰ ਪਾਲ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਭਖਵੇਂ ਮਸਲੇ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਕਿਹਾ ਕਿ ਪੰਚਾਇਤ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਜਾਂ ਕੋਈ ਹੋਰ, ਲੋਕਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੀਆਂ ਸਰਕਾਰੀ ਸੰਸਥਾਵਾਂ ਦੀਆਂ ਹੋਣ, ਇਹ ਭਾਈਚਾਰਾ ਬਣਾਉਣ ਲਈ ਨਹੀਂ ਬਲਕਿ ਪੇਂਡੂ ਭਾਈਚਾਰਾ ਤੋੜਨ ਦਾ ਸਾਧਨ ਹਨ। ਇਸ ਉੱਪਰ ਪਿੰਡਾਂ ਦੇ ਵੱਡੇ ਭੂਮੀਪਤੀ ਅਤੇ ਹਾਕਮ ਜਮਾਤਾਂ ਦੇ ਸਿਆਸੀ ਘੜੰਮ ਚੌਧਰੀ ਕਾਬਜ਼ ਹੋ ਕੇ ਲੋਕਾਂ ਉੱਪਰ ਆਪਣਾ ਅਤੇ ਹਕੂਮਤ ਦਾ ਦਾਬਾ ਕਾਇਮ ਕਰਦੇ ਹਨ। ਇਹ ਲੋਕਾਂ ਨੂੰ ਧਰਮਾਂ, ਜਾਤਾਂ, ਗੋਤਾਂ, ਠੁਲਿਆਂ, ਪੱਤੀਆਂ ਆਦਿ ਨਾਵਾਂ 'ਤੇ ਪਾੜਦੇ ਹਨ।
ਉਹਨਾਂ ਕਿਹਾ ਕਿ ਨਸ਼ੇ ਸ਼ਰਾਬ ਦੀ ਅੰਨ੍ਹੀ ਵਰਤੋਂ ਕਰਕੇ ਲੋਕਾਂ ਦੇ ਦਿਮਾਗ ਨੂੰ ਕੁੰਦ (ਖੁੰਢਾ) ਕਰਦੇ ਹਨ। ਪੈਸੇ, ਬਦਮਾਸ਼ੀ ਤੇ ਹਕੂਮਤੀ ਤਾਕਤ ਦੇ ਜੋਰ ਲੋਕਾਂ ਨੂੰ ਖ੍ਰੀਦਦੇ ਅਤੇ ਉਨ੍ਹਾਂ ਉੱਪਰ ਦਬਸ਼ ਪਾਉਂਦੇ ਹਨ। ਵਿਕਾਸ ਦੇ ਨਾਂ ਤੇ ਪਿੰਡਾਂ ਨੂੰ ਮਿਲਦੀਆਂ ਗ੍ਰਾਂਟਾਂ, ਫੰਡਾਂ ਅਤੇ ਪਿੰਡ ਦੀ ਆਮਦਨ ’ਚੋਂ ਵੱਡੀਆਂ ਰਕਮਾਂ ਨਾ ਸਿਰਫ਼ ਆਪ ਹੜੱਪਦੇ ਹਨ ਸਗੋਂ ਵੱਖ-ਵੱਖ ਕੰਮਾਂ ਦੇ ਠੇਕੇਦਾਰਾਂ, ਸਰਕਾਰੀ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਨੂੰ ਵੀ ਇਸ ਵਿੱਚੋਂ ਵੱਡੇ ਹਿੱਸੇ ਛਕਣ ਦਾ ਰਾਹ ਪੱਧਰਾ ਕਰਦੇ ਹਨ। ਇਸ ਤਰ੍ਹਾਂ ਇਨ੍ਹਾਂ ਦੇ ਭ੍ਰਿਸ਼ਟਾਚਾਰ ਸਦਕਾ ਪਿੰਡਾਂ ਦੇ ਵਿਕਾਸ ਉੱਪਰ ਬਹੁਤ ਮਮੂਲੀ ਪੈਸਾ ਲੱਗਦਾ ਹੈ ਅਤੇ ਜੋ ਲੱਗਦਾ ਹੈ ਉਹ ਇਸ ਲੁਟੇਰੇ ਅਤੇ ਭ੍ਰਿਸ਼ਟ ਰਾਜ ਪ੍ਰਬੰਧ ਦੀ ਉਮਰ ਲੰਮੀ ਕਰਨ ਵਾਸਤੇ ਵਰਤਿਆ ਜਾਂਦਾ ਹੈ।
ਉਹਨਾਂ ਕਿਹਾ ਕਿ ਲੋਕਾਂ ਦੇ ਬੁਨਿਆਦੀ ਮਸਲਿਆਂ ਬਾਰੇ ਗੱਲ ਕਰਦਿਆਂ ਸਾਥੀ ਨੇ ਕਿਹਾ ਕਿ ਕੇਂਦਰੀ ਹਕੂਮਤ ਦੀਆਂ ਦੇਸੀ ਵਿਦੇਸ਼ੀ ਕਾਰਪੋਰੇਟ ਪੱਖੀ ਨੀਤੀਆਂ ਦਾ ਮਾਮਲਾ ਹੋਵੇ, ਮਹਿਲਕਲਾਂ ਲੋਕ ਘੋਲ ਸਮੇਤ ਔਰਤਾਂ ਅਤੇ ਦਲਿਤਾਂ ਖ਼ਿਲਾਫ਼ ਹੁੰਦੇ ਜ਼ਬਰ, ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ, ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਗਰੀਬੀ, ਸਿਹਤ , ਸਿੱਖਿਆ, ਰੇਲਵੇ,ਬਿਜਲੀ ਬੋਰਡ, ਟਰਾਂਸਪੋਰਟ, ਬੈਂਕ, ਬੀਮਾ, ਜਲ, ਜੰਗਲ਼, ਜ਼ਮੀਨ ਸਮੇਤ ਕੁਦਰਤੀ ਸੋਮੇ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਸੌਂਪਣ, ਵਾਤਾਵਰਣ, ਜ਼ਮੀਨਾਂ ਦੀਆਂ ਕੁਰਕੀਆਂ, ਡੈਮ ਸੇਫਟੀ ਐਕਟ, ਲੈਂਡ ਪੂਲਿੰਗ ਪਾਲਿਸੀ, ਭਾਈਚਾਰਕ ਸਾਂਝ ਨੂੰ ਤੋੜਨ ਲਈ ਫ਼ਿਰਕੂ ਏਜੰਡੇ ਤਹਿਤ ਭੱਈਏ ਭਜਾਓ ਮੁਹਿੰਮ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਬਿਜਲੀ ਬੋਰਡ ਦੀਆਂ ਬੇਸ਼ਕੀਮਤੀ ਜਾਇਦਾਦਾਂ ਵੇਚਣ ਅਤੇ ਹੋਰ ਵੱਖ ਵੱਖ ਲੋਕ ਹਿੱਤ ਦੇ ਮੁੱਦਿਆਂ ਤੇ ਚੁੱਪ ਵੱਟੀ ਰੱਖਦੇ ਹਨ।
ਆਗੂਆਂ ਜਸਪਾਲ ਚੀਮਾ ਅਤੇ ਅਜਮੇਰ ਕਾਲਸਾਂ ਨੇ ਕਿਹਾ ਕਿ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਸਮੇਤ ਸਮੁੱਚੀਆਂ ਲੋਕ ਵਿਰੋਧੀ ਪਾਰਲੀਮਾਨੀ ਚੋਣਾਂ ਦੀ ਖੇਡ ਤੋਂ ਭਲੇ ਦੀ ਝਾਕ ਛੱਡਦਿਆਂ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਵਾਉਣ ਲਈ ਜਮਾਤੀ, ਤਬਕਾਤੀ ਸੰਘਰਸ਼ਾਂ ਦਾ ਝੰਡਾ ਬੁਲੰਦ ਕਰਨ, ਲੋਕਾਂ ਦੀ ਪੁੱਗਤ ਵਾਲੇ ਅਦਾਰੇ ਕਾਇਮ ਕਰਨ ਦੀ ਇਨਕਲਾਬੀ ਲੋਕ ਪੱਖੀ ਸਿਆਸਤ ਬਾਰੇ ਚੇਤੰਨ ਹੋਣ, ਜਾਬਰ ਫਿਰਕੂ ਫਾਸ਼ੀ ਰਾਜ ਖਿਲਾਫ਼ ਜੂਝਦੇ ਹੋਏ ਲੋਕਾਂ ਦੀ ਪੁੱਗਤ ਵਾਲਾ, ਗ਼ਦਰੀ ਬਾਬਿਆਂ, ਭਗਤ ਸਰਾਭਿਆਂ ਦੇ ਸੁਪਨਿਆਂ ਦਾ ਬਰਾਬਰੀ ਵਾਲਾ ਨਵਾਂ ਜਮਹੂਰੀ ਪ੍ਰਬੰਧ ਸਥਾਪਿਤ ਕਰਨ ਲਈ ਧੜੱਲੇ ਨਾਲ ਅੱਗੇ ਆਉਂਦਿਆਂ ਇਸ ਮੁਹਿੰਮ ਨੂੰ ਪੂਰੀ ਤਾਕਤ ਨਾਲ ਘਰ ਘਰ ਲੈਕੇ ਜਾਣ ਦੀ ਠੋਸ ਵਿਉਂਤਬੰਦੀ ਕੀਤੀ ਜਾਵੇਗੀ। ਸਭਨਾਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਸਮੇਤ ਹੋਰ ਮਿਹਨਤ ਕਸ਼ ਤਬਕਿਆਂ ਨੂੰ 8 ਦਸੰਬਰ ਨੂੰ ਬਾਅਦ ਦੁਪਹਿਰ 2.30 ਵਜੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਵਧਵੀਂ ਮੀਟਿੰਗ ਵਿੱਚ ਸਮੇਂ ਸਿਰ ਸ਼ਾਮਿਲ ਹੋਣ ਦੀ ਅਪੀਲ ਕੀਤੀ।
Click to Follow Babushahi Facebook Page →