Hero Asian Hockey Champions Trophy 2026: ਭਾਰਤ ਬਣਿਆ ਚੈਂਪੀਅਨ
ਭਾਰਤੀ ਹਾਕੀ ਟੀਮ ਨੇ ਰਚਿਆ ਇਤਿਹਾਸ! ਜਪਾਨ ਨੂੰ 4-1 ਨਾਲ ਹਰਾ ਕੇ ਏਸ਼ੀਅਨ ਚੈਂਪੀਅਨਜ਼ ਟਰਾਫੀ 2026 'ਤੇ ਕੀਤਾ ਕਬਜ਼ਾ
ਪ੍ਰਭਜੋਤ ਕੌਰ ਸਿੱਧੂ / Babushahi Network
ਮੋਹਾਲੀ, 5 ਨਵੰਬਰ 2026-
ਪੰਜਾਬ ਦੇ ਮੋਹਾਲੀ ਸਥਿਤ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿੱਚ ਅੱਜ 5 ਨਵੰਬਰ ਨੂੰ ਖੇਡੇ ਗਏ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਦੇ ਫਾਈਨਲ ਮੁਕਾਬਲੇ ਵਿੱਚ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਭਾਰਤ ਨੇ ਜਪਾਨ ਨੂੰ 4-1 ਨਾਲ ਕਰਾਰੀ ਮਾਤ ਦੇ ਕੇ ਚੈਂਪੀਅਨਸ਼ਿਪ ਟਰਾਫੀ ਆਪਣੇ ਨਾਮ ਕਰ ਲਈ ਹੈ।
ਹਾਲਾਂਕਿ ਮੈਚ ਦੀ ਸ਼ੁਰੂਆਤ ਵਿੱਚ ਜਪਾਨੀ ਟੀਮ ਦਾ ਦਬਦਬਾ ਦੇਖਣ ਨੂੰ ਮਿਲਿਆ। ਜਪਾਨ ਨੇ ਸ਼ੁਰੂਆਤੀ ਮਿੰਟਾਂ ਵਿੱਚ ਹੀ ਗੋਲ ਕਰਕੇ ਭਾਰਤ 'ਤੇ ਬੜ੍ਹਤ ਬਣਾ ਲਈ। ਤੀਜੇ ਕੁਆਰਟਰ ਤੱਕ ਭਾਰਤੀ ਟੀਮ ਗੋਲ ਕਰਨ ਵਿੱਚ ਨਾਕਾਮ ਰਹੀ ਅਤੇ ਮੁਕਾਬਲਾ ਕਾਫੀ ਰੋਮਾਂਚਕ ਬਣਿਆ ਰਿਹਾ।
ਪਰ ਆਖਰੀ ਕੁਆਰਟਰ ਵਿੱਚ ਭਾਰਤੀ ਖਿਡਾਰੀਆਂ ਨੇ ਜ਼ਬਰਦਸਤ ਵਾਪਸੀ ਕੀਤੀ। ਇੱਕ ਤੋਂ ਬਾਅਦ ਇੱਕ ਚਾਰ ਗੋਲ ਕਰਦਿਆਂ ਭਾਰਤ ਨੇ ਨਾ ਸਿਰਫ਼ ਮੁਕਾਬਲੇ ਦਾ ਰੁਖ਼ ਬਦਲਿਆ, ਸਗੋਂ 4-1 ਨਾਲ ਜਿੱਤ ਹਾਸਲ ਕਰਕੇ ਟਰਾਫੀ ਵੀ ਆਪਣੇ ਨਾਮ ਕਰ ਲਈ।
ਇਸ ਦੌਰਾਨ ਭਾਰਤੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਯਾਨੀ 'ਮੈਨ ਆਫ਼ ਦਾ ਟੂਰਨਾਮੈਂਟ' ਚੁਣਿਆ ਗਿਆ।
ਭਾਰਤ ਦੀ ਇਸ ਇਤਿਹਾਸਕ ਜਿੱਤ ਦਾ ਗਵਾਹ ਬਣਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੇ ਪਰਿਵਾਰ ਸਮੇਤ ਸਟੇਡੀਅਮ ਪਹੁੰਚੇ ਹੋਏ ਸਨ। ਮੈਚ ਤੋਂ ਪਹਿਲਾਂ ਖਿਡਾਰੀਆਂ ਨਾਲ ਮੁਲਾਕਾਤ ਅਤੇ ਹੌਸਲਾ ਅਫ਼ਜ਼ਾਈ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਹੀ ਜੇਤੂ ਭਾਰਤੀ ਟੀਮ ਨੂੰ ਚੈਂਪੀਅਨਸ਼ਿਪ ਟਰਾਫੀ ਸੌਂਪੀ ਗਈ।
ਇਸ ਮੌਕੇ ਮੁੱਖ ਮੰਤਰੀ ਨੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਲਈ ਖੇਡਾਂ ਬਹੁਤ ਜ਼ਰੂਰੀ ਹਨ, ਤਾਂ ਜੋ ਨੌਜਵਾਨ ਗਲਤ ਰਾਹਾਂ ਤੋਂ ਬਚ ਸਕਣ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪੰਜਾਬ ਦੇ ਹਾਕੀ ਖਿਡਾਰੀਆਂ ਦੀਆਂ ਲੰਬੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਤਰੱਕੀਆਂ ਬਾਰੇ ਵੀ ਜਲਦ ਫ਼ੈਸਲਾ ਹੋਣ ਦਾ ਭਰੋਸਾ ਦਿੱਤਾ।
ਇਸ ਤਰ੍ਹਾਂ ਪੰਜਾਬ ਦੀ ਧਰਤੀ 'ਤੇ ਭਾਰਤੀ ਹਾਕੀ ਟੀਮ ਦੀ ਇਹ ਜਿੱਤ ਇੱਕ ਯਾਦਗਾਰ ਅਤੇ ਇਤਿਹਾਸਕ ਪਲ ਬਣ ਗਈ।
ਇਸ ਸ਼ਾਨਦਾਰ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਰਿਕਾਰਡ ਛੇਵੀਂ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ।