ਇਤਿਹਾਸ ਦੇ ਪੰਨਿਆਂ 'ਤੇ ਕਿਰਨਜੀਤ ਕੌਰ ਮਹਿਲਕਲਾਂ ਲੋਕ ਘੋਲ :ਜ਼ਬਰ ਖਿਲਾਫ਼ ਲੋਕ ਟਾਕਰੇ ਦਾ ਐਲਾਨਨਾਮਾ
ਲੇਖਕ ਨਰਾਇਣ ਦੱਤ
ਸਾਡੇ ਸਮਾਜ ਵਿੱਚ ਔਰਤਾਂ ਨਾਲ ਬਲਾਤਕਾਰ ਦੀਆਂ ਇੱਕ ਤੋਂ ਵਧਕੇ ਇੱਕ ਹਿਰਦੇਵੇਦਕ ਘਟਨਾਵਾਂ ਵਾਪਰ ਰਹੀਆਂ ਹਨ। ਕਿਸੇ ਸਮੇਂ ਦੇਵ ਦਾਸੀਆਂ ਦੇ ਰੂਪ ਵਿੱਚ ਅਤੇ ਕਦੇ ਸਤੀ ਪ੍ਰਥਾ ਦੇ ਰੂਪ ਵਿੱਚ, ਔਰਤਾਂ ਤੇ ਮਰਦਾਵੀਂ ਧੌਂਸ ਅਤੇ ਬਲਾਤਕਾਰਾਂ ਦਾ ਇਹ ਵਰਤਾਰਾ ਸਦੀਆਂ ਤੋਂ ਚੱਲਿਆ ਆ ਰਿਹਾ ਹੈ।
ਰਾਮਚਰਿਤਮਾਨਸ' (ਸੁੰਦਰਕਾਂਡ) ਵਿੱਚ ਗੋਸਵਾਮੀ ਤੁਲਸੀਦਾਸ ਜੀ ਦੁਆਰਾ ਲਿਖੀ ਗਈ "ਢੋਰ, ਗਵਾਰ, ਸ਼ੂਦਰ, ਪਸ਼ੂ, ਨਾਰੀ। ਯੇਹ ਪਾਂਚੌ ਤਾੜਨ ਕੇ ਅਧਿਕਾਰੀ" ਔਰਤ ਵਿਰੋਧੀ ਮਾਨਸਿਕਤਾ ਦਾ ਖੁੱਲ੍ਹੇਆਮ ਪ੍ਰਗਟਾਵਾ ਹੈ। ਔਰਤਾਂ ਖ਼ਿਲਾਫ਼ ਹੁੰਦੇ ਅਜਿਹੇ ਘਿਨਾਉਣੇ ਵਰਤਾਰਿਆਂ ਕਰਕੇ ਹੀ 550 ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਨੇ 'ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' ਕਹਿ ਕੇ ਔਰਤ ਵਿਰੋਧੀ ਮਾਨਸਿਕਤਾ ਤੇ ਚੋਟ ਮਾਰੀ ਸੀ । ਕਵਿੱਤਰੀ ਅੰਮ੍ਰਿਤਾ ਪ੍ਰੀਤਮ ਨੇ 1947 ਦੇ ਭਾਰਤ-ਪਾਕਿ ਵੰਡ ਸਮੇਂ ਲੱਖਾਂ ਧੀਆਂ ਦੀ ਹੋਈ ਬੇਪਤੀ ਮੌਕੇ ਵਾਰਸ਼ ਸ਼ਾਹ ਨੂੰ ਤਾਹਨਾ ਮਾਰਦਿਆਂ ਕਿਹਾ ਸੀ 'ਇੱਕ ਰੋਈ ਸੀ ਧੀ ਪੰਜਾਬ ਦੀ/ਤੂੰ ਲਿਖ ਲਿਖ ਮਾਰੇ ਵੈਣ/ਅੱਜ ਲੱਖਾਂ ਧੀਆਂ ਰੋਂਦੀਆਂ ਵਾਰਸ ਸ਼ਾਹ ਨੂੰ ਕਹਿਣ' ਇਹ ਵਰਤਾਰਾ ਫਿਰ ਵੀ ਰੁਕਿਆ ਨਹੀਂ। 1995 ਵਿੱਚ ਸੁਸ਼ੀਲ ਸ਼ਰਮਾ ਵੱਲੋਂ ਨੈਨਾ ਸਾਹਨੀ ਨੂੰ ਕਤਲ ਕਰਨ ਤੋਂ ਬਾਅਦ ਤੰਦੂਰ ਵਿੱਚ ਸਾੜਨ ਵਾਲੀ ਘਟਨਾ ਨੂੰ ਭਾਰਤੀ ਅਪਰਾਧ ਜਗਤ ਦੇ ਇਤਿਹਾਸ 'ਚ ਸਭ ਤੋਂ ਘਿਨਾਉਣੇ ਅਤੇ ਮਾੜੇ ਅਪਰਾਧਾਂ ਵਿੱਚੋਂ ਇੱਕ ਦਾ ਨਾਂ ਦਿੱਤਾ ਜਾਂਦਾ ਹੈ। ਇਸਦਾ ਇੰਨਾ ਵੱਡਾ ਅਸਰ ਸੀ ਕਿ ਬਹੁਤ ਸਮੇਂ ਤੱਕ ਲੋਕਾਂ ਨੇ ਤੰਦੂਰ 'ਚ ਬਣਿਆ ਭੋਜਨ ਵੀ ਖਾਣਾ ਛੱਡ ਦਿੱਤਾ ਸੀ।
29 ਜੁਲਾਈ 1997 ਕਿਰਨਜੀਤ ਕੌਰ ਮਹਿਲਕਲਾਂ ਸਮੂਹਿਕ ਜ਼ਬਰ ਜ਼ਿਨਾਹ ਅਤੇ ਕਤਲ ਕਾਂਡ ਤੋਂ ਬਾਅਦ ਵੀ ਇੱਕ ਤੋਂ ਬਾਅਦ ਇੱਕ ਹਿਰਦੇਵੇਦਕ ਘਟਨਾ ਵਾਪਰ ਰਹੀ ਹੈ।
16 ਦਸੰਬਰ 2012 ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਚੱਲਦੀ ਬੱਸ ਵਿੱਚ ਛੇ ਦਰਿੰਦਿਆਂ ਵੱਲੋਂ ਇੱਕ ਕੁੜੀ ਨਾਲ ਬਲਾਤਕਾਰ ਕਰਕੇ ਉਸਨੂੰ ਚਲਦੀ ਬੱਸ ਵਿੱਚੋਂ ਹੇਠਾਂ ਸੁੱਟ ਦਿੱਤਾ ਗਿਆ। 13 ਦਿਨ ਬਾਅਦ ਕੁੜੀ ਦੀ ਸਿੰਘਾਪੁਰ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ। ਉਸ ਸਮੇਂ ਦੇ ਅਖ਼ਬਾਰਾਂ ਦੀ ਸੁਰਖ਼ੀ ਸੀ,
"ਉਹ ਤਾਂ ਮਰ ਗਈ, ਦੇਸ਼ ਵਾਸੀਓ ਜਾਗੋ।"
ਤੇ ਫਿਰ ਮਹੀਨਾ ਭਰ ਪੂਰਾ ਦੇਸ਼ ਸੜਕਾਂ ਤੇ ਸੀ। ਦਿੱਲੀ ਦੇ ਇੰਡੀਆ ਗੇਟ ਤੋਂ ਲੈ ਕੇ ਪਾਰਲੀਮੈਂਟ ਭਵਨ ਤੱਕ ਅਤੇ ਦੇਸ਼ ਦੇ ਹਰ ਕੋਨੇ 'ਚ ਲੋਕ ਰੋਹ ਦੇ ਫੁਟਾਰੇ ਸੜਕਾਂ 'ਤੇ ਉਤਰ ਆਏ ਸਨ। ਇਸ ਦੇ ਸਿੱਟੇ ਵਜੋਂ ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਇਸ ਫ਼ੈਸਲੇ ਤੇ ਪੀੜਤਾ ਦੀ ਮਾਂ ਨੇ ਅਪਣੀ ਪਿਆਰੀ ਬੱਚੀ ਦੀ ਤਸਵੀਰ ਨੂੰ ਜੱਫੀ 'ਚ ਲੈ ਕੇ ਪਿਆਰ ਕਰਦਿਆਂ ਤਸੱਲੀ ਦਾ ਇਜ਼ਹਾਰ ਕੀਤਾ ਸੀ ਕਿ ਨਿਆਂ ਮਿਲ ਗਿਆ ਹੈ। ਕਾਤਲ ਬਲਾਤਕਾਰੀਆਂ ਨੂੰ ਤਿਹਾੜ ਜੇਲ੍ਹ 'ਚ ਫਾਂਸੀ 'ਤੇ ਲਟਕਾ ਕੇ ਦੇਸ਼ ਦੇ ਕਾਲਜੇ ਠੰਢ ਪਾਈ ਗਈ ਸੀ।
ਇਸ ਤੋਂ ਪਹਿਲਾਂ 2002 'ਚ ਗੁਜਰਾਤ ਦੰਗਿਆਂ ਦੌਰਾਨ ਹਾਮਲਾ ਬਿਲਕਿਸ ਬਾਨੋ ਦੇ ਸਮੂਹਿਕ ਬਲਾਤਕਾਰ ਅਤੇ ਸਾਰੇ ਪਰਿਵਾਰ ਦੇ ਕਤਲ ਕੇਸ ਨੇ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। 11 ਦੋਸ਼ੀਆਂ ਨੂੰ ਅੱਠ ਸਾਲਾਂ ਬਾਅਦ ਸੀ ਬੀ ਆਈ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਪਰ ਬੇਸ਼ਰਮੀ ਦੀ ਹੱਦ ਕਿ 2023 'ਚ ਗੁਜਰਾਤ ਦੀ ਭਾਜਪਾ ਸਰਕਾਰ ਨੇ ਇਨ੍ਹਾਂ ਸਜ਼ਾ ਭੁਗਤ ਰਹੇ ਦੋਸ਼ੀਆਂ ਨੂੰ ਵਿਸ਼ੇਸ਼ ਪਾਵਰ ਤਹਿਤ ਰਿਹਾਅ ਕਰ ਦਿੱਤਾ ਸੀ। ਰਿਹਾਅ ਹੀ ਨਹੀਂ ਕੀਤਾ, ਬੀਜੇਪੀ ਦੇ ਵਿਧਾਇਕ ਨੇ ਇਨ੍ਹਾਂ ਨੂੰ ਉੱਚ ਸੰਸਕਾਰੀ ਬ੍ਰਾਹਮਣ ਕਹਿੰਦਿਆਂ, ਗਲਾਂ ਵਿੱਚ ਹਾਰ ਪਾਕੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। ਇਹ ਤਾਂ ਪੂਰੇ ਦੇਸ਼ 'ਚ ਆਵਾਜ਼ ਉਠਾਉਣ ਅਤੇ ਪ੍ਰਸਿੱਧ ਸਮਾਜਿਕ ਕਾਰਕੁੰਨ ਤੀਸਤਾ ਸੀਤਲਵਾੜ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ ਤਾਂ ਸੁਪਰੀਮ ਕੋਰਟ ਨੇ ਦੋਸ਼ੀਆਂ ਨੂੰ ਮੁੜ ਸੀਖਾਂ ਪਿੱਛੇ ਭੇਜਿਆ।
ਉੱਤਰ ਪ੍ਰਦੇਸ਼ ਦੇ ਐਮ ਐਲ ਏ ਕੁਲਦੀਪ ਸੇਂਗਰ ਨੇ ਚਾਰ ਜੂਨ 2017 ਨੂੰ ਉਨਾਓ ਵਿਖੇ 17 ਸਾਲ ਦੀ ਇੱਕ ਕੁੜੀ ਨਾਲ ਬਲਾਤਕਾਰ ਕੀਤਾ । ਇੱਕ ਸਾਲ ਤੱਕ ਉਸ ਦੀ ਕੋਈ ਸੁਣਵਾਈ ਨਾ ਹੋਈ। 2018 ਵਿੱਚ ਕੁੜੀ ਨੇ ਮੁੱਖ ਮੰਤਰੀ ਨਿਵਾਸ ਦੇ ਬਾਹਰ ਆਤਮਹੱਤਿਆ ਦੀ ਕੋਸ਼ਿਸ਼ ਕੀਤੀ, ਲੋਕਾਂ ਨੇ ਰੌਲਾ ਪਾਇਆ ਤਾਂ ਕੇਸ ਦਰਜ ਹੋਇਆ। ਕੁਲਦੀਪ ਸਿੰਘ ਸੇਂਗਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਉਸ ਤੋਂ ਬਾਅਦ ਕੁੜੀ ਦੇ ਪਿਓ ਨੂੰ ਪੁਲਿਸ ਹਿਰਾਸਤ ਵਿੱਚ ਮਾਰ ਦਿੱਤਾ ਗਿਆ ਅਤੇ ਜਦੋਂ ਉਹ ਕੁੜੀ ਅਤੇ ਉਹਦੇ ਪਰਿਵਾਰਿਕ ਮੈਂਬਰ ਆਪਣੇ ਵਕੀਲ ਸਮੇਤ ਗੱਡੀ ਵਿੱਚ ਜਾ ਰਹੇ ਸਨ ਤਾਂ ਉਹਨਾਂ ਦੀ ਗੱਡੀ ਉੱਪਰ ਟਰੱਕ ਚੜਾ ਕੇ ਉਸਦੀਆਂ ਦੋ ਰਿਸ਼ਤੇਦਾਰ ਔਰਤਾਂ ਦੀ ਹੱਤਿਆ ਕਰ ਦਿੱਤੀ ਗਈ।
ਫਰੀਦਕੋਟ ਦਾ ਸ਼ਰੂਤੀ ਕਾਂਡ ਕਿਸੇ ਨੂੰ ਭੁੱਲਿਆ ਨਹੀਂ ਕਿ ਸਿਆਸੀ ਛੱਤਰੀ ਹਾਸਲ ਗੁੰਡੇ ਨੇ ਨਾਬਾਲਗ ਬੱਚੀ ਦੇ ਮਾਂ-ਬਾਪ ਦੀਆਂ ਬਾਹਾਂ ਭੰਨਕੇ ਸ਼ਰੂਤੀ ਨੂੰ ਅਗਵਾ ਕੀਤਾ। ਲੰਬੇ ਲੋਕ ਸੰਘਰਸ਼ ਤੋਂ ਬਾਅਦ ਦੋਸ਼ੀ ਨਿਸ਼ਾਨ ਸਿੰਘ ਨੂੰ ਉਮਰ ਕੈਦ ਸਜ਼ਾ ਦਿਵਾਉਣ ਵਿੱਚ ਸਫ਼ਲਤਾ ਹਾਸਲ ਹੋਈ। 16 ਜਨਵਰੀ 2018 ਨੂੰ ਜੰਮੂ ਦੇ ਕਟੜਾ ਕਸਬੇ 'ਚ ਇਕ 8 ਸਾਲਾ ਮਾਸੂਮ ਬੱਚੀ ਆਸਿਫਾ ਬਾਨੋ ਦੀ ਲਾਸ਼ ਪੰਜ ਦਿਨ ਬਾਅਦ ਮੰਦਿਰ ਚੋਂ ਮਿਲੀ ਸੀ ਤਾਂ ਪਤਾ ਲੱਗਿਆ ਕਿ ਸਮੂਹਿਕ ਬਲਾਤਕਾਰ ਤੋਂ ਬਾਦ ਦਰਿੰਦਿਆਂ ਨੇ ਬੱਚੀ ਦਾ ਗਲਾ ਘੁੱਟ ਕੇ ਮਾਰ ਦਿੱਤਾ ਸੀ। ਉਸ ਦੇ ਪਰਿਵਾਰ ਨੇ ਅਪਣੀ ਬੱਚੀ ਨੂੰ ਲੱਭਣ ਲਈ ਕੋਈ ਕਸਰ ਨਹੀਂ ਸੀ ਛੱਡੀ। ਮੰਦਿਰ ਚੋਂ ਬੱਚੀ ਦੀ ਲਾਸ਼ ਮਿਲਣ ਤੇ ਉਸ ਦੇ ਪਿਤਾ ਦਾ ਬਿਆਨ ਸੀ ਕਿ, "ਭਗਵਾਨ ਦੇ ਘਰ 'ਚ ਮੇਰੀ ਬੱਚੀ ਦੇ ਹੋਣ ਬਾਰੇ ਤਾਂ ਮੈਂ ਸੋਚ ਵੀ ਨਹੀਂ ਸੀ ਸਕਦਾ।" ਆਰ ਐਸ ਐਸ ਨੇ ਉਸ ਸਮੇਂ ਬਲਾਤਕਾਰੀ ਕਾਤਲਾਂ ਦੇ ਹੱਕ 'ਚ ਭਗਵੇਂ ਝੰਡੇ ਲੈ ਕੇ ਮੁਜ਼ਾਹਰੇ ਕੀਤੇ ਸਨ। ਭਾਜਪਾ ਦਾ ਨੰਗੇਜ਼ ਬਿਲਕਿਸ ਬਾਨੋ ਤੇ ਅਜਿਹੇ ਮਾਮਲੇ 'ਚ ਪੂਰੀ ਤਰ੍ਹਾਂ ਉਘੜ ਕੇ ਸਾਹਮਣੇ ਆ ਗਿਆ ਸੀ। ਹਿਮਾਚਲ ਦੇ ਇੱਕ ਪਿੰਡ ਦੀ ਸਕੂਲ ਜਾਂਦੀ ਬਲਾਤਕਾਰ ਦਾ ਸ਼ਿਕਾਰ ਮਾਸੂਮ ਬੱਚੀ ਗੁਡੀਆ ਦੀਆਂ ਚੀਖਾਂ ਤਾਂ ਅੱਜ ਵੀ ਸਾਡੇ ਕਾਲਜੇ ਹੌਲ ਪਾਉਂਦੀਆਂ ਹਨ।
ਪਰ 22 ਨਵੰਬਰ ਨੂੰ ਜਲੰਧਰ ਦੀ ਬਸਤੀ ਬਾਵਾ ਖੇਲ 'ਚ ਇੱਕ 13 ਸਾਲਾ ਬੱਚੀ ਨਾਲ ਉਸ ਦੇ ਪੰਜਾਹ ਸਾਲਾਂ ਗਵਾਂਢੀ ਵੱਲੋਂ ਕੀਤੇ ਹਿਰਦੇਵੇਧਕ ਗੁਨਾਹ ਨੇ ਸਾਡੇ ਪੁਰਾਣੇ ਜਖਮ ਮੁੜ ਹਰੇ ਕਰ ਦਿੱਤੇ ਹਨ। ਪਿਓ ਦੀ ਉਮਰ ਦੇ ਹਵਸੀ ਨੇ ਬਲਾਤਕਾਰ ਤੋਂ ਬਾਅਦ ਮਾਰ ਕੇ ਲਾਸ਼ ਨੂੰ ਖੁਰਦ ਬੁਰਦ ਕਰ ਹੀ ਦੇਣਾ ਸੀ। ਜੇਕਰ ਮੁੱਹਲੇ ਵਾਲੇ ਉੱਤਾ ਨਾ ਚਕਦੇ। ਸੀਸੀਟੀਵੀ ਨੇ ਇਸ ਖ਼ਤਰਨਾਕ ਜ਼ੁਰਮ ਨੂੰ ਲੁਕਣ ਤੋਂ ਬਚਾ ਲਿਆ। ਕਿਰਨਜੀਤ ਮਹਿਲਕਲਾਂ ਕਾਂਡ 'ਚ ਵੀ ਪੁਲਿਸ ਦਾ ਉਹੀ ਰੋਲ ਸੀ ਜੋ ਜਲੰਧਰ ਦੇ ਇਸ ਦਿਲਕੰਬਾਊ ਕਾਂਡ 'ਚ ਸੀ। ਮਹਿਲਕਲਾਂ 'ਚ ਵੀ ਤੇ ਜਲੰਧਰ 'ਚ ਵੀ ਪੁਲਸੀਏ ਡਿਸਮਸ ਤੇ ਮੁਅੱਤਲ ਕਰਨੇ ਪਏ ਸਨ। ਜਗਰਾਓਂ ਵਿਖੇ ਸੰਨ ਦੋ ਹਜਾਰ 'ਚ ਵਾਪਰੇ ਬਲਾਤਕਾਰ ਕਾਂਡ 'ਚ ਤਾਂ ਖੁਦ ਡੀਐਸਪੀ ਸੀ ਹੀ ਸ਼ਾਮਲ ਸੀ। ਬੰਗਾਲ ਦੀ ਇੱਕ ਡਾਕਟਰ ਨਾਲ ਮੈਡੀਕਲ ਰੈਸਟਰੂਮ 'ਚ ਬਲਾਤਕਾਰ, ਹਾਥਰਸ (ਯੂ ਪੀ) 'ਚ ਇੱਕ ਦਲਿਤ ਵੈਟਰਨਰੀ ਡਾਕਟਰ ਦਾ ਸੜਕ ਦੇ ਕੰਢੇ ਵਾਪਰੇ ਸਮੂਹਿਕ ਬਲਾਤਕਾਰ ਦੀ ਦਿਲਕੰਬਾਊ ਘਟਨਾ ਅਸੀਂ ਭੁੱਲੇ ਤਾਂ ਨਹੀਂ। 22 ਨਵੰਬਰ ਦੀ ਜਲੰਧਰ ਸ਼ਹਿਰ ਦੀ ਘਟਨਾ ਤੋਂ ਬਾਅਦ ਨਾਲ ਲਗਦੇ ਪਿੰਡ ਦੇ ਫਾਰਮ ਹਾਊਸ ਦੇ ਕਿਰਾਏ ਦੇ ਘਰ 'ਚ ਰਹਿੰਦੀ ਵਿਧਵਾ ਅਤੇ ਉਸ ਦੀ ਵਿਆਹੁਤਾ ਧੀ ਦਾ ਚਾਰ ਗੁੰਡਿਆਂ ਵੱਲੋਂ ਬਾਕੀ ਪਰਿਵਾਰ ਨੂੰ ਕਮਰੇ 'ਚ ਬੰਦ ਕਰ ਕੇ ਬਲਾਤਕਾਰ ਕਰਨ ਦੀ ਤਰੀਖ 23 ਨਵੰਬਰ 2025 ਹੈ।
2026 ਵਿੱਚ ਪੱਛਮੀ ਬੰਗਾਲ ਦੇ ਬਰੂਈਪੁਰ 11 ਸਾਲਾ ਬੱਚੀ ਨਾਲ ਸਮੂਹਿਕ ਬਲਾਤਕਾਰ ਤੋਂ ਬਾਅਦ ਕਤਲ, ਗੰਗਾਨਗਰ ਵਿੱਚ 13 ਸਾਲ ਦੀ ਬੱਚੀ ਨਾਲ 32 ਦਰਿੰਦਿਆਂ ਵੱਲੋਂ ਸਮੂਹਿਕ ਬਲਾਤਕਾਰ ਇਸ ਗੱਲ ਦਾ ਸਬੂਤ ਹਨ ਕਿ ਹਾਕਮ ਲੱਖ ਟਾਹਰਾਂ ਮਾਰਨ, ਅਦਾਲਤਾਂ ਜਿੰਨੇ ਮਰਜ਼ੀ ਕਨੂੰਨ ਬਣਾ ਲੈਣ, ਇਹ ਵਰਤਾਰਾ ਉਨਾਂ ਚਿਰ ਰੁਕਣ ਵਾਲਾ ਨਹੀਂ, ਜਿੰਨਾ ਚਿਰ ਇਨ੍ਹਾਂ ਘਿਰਣਤ ਕਾਂਡਾ ਲਈ ਜ਼ਿੰਮੇਵਾਰ ਕਾਰਨਾਂ ਨੂੰ ਟਿੱਕ ਕੇ ਦੂਰ ਨਹੀਂ ਕੀਤਾ ਜਾਂਦਾ।
ਜਦੋਂ ਨਿਰਭੈਯਾ ਦੇ ਬਲਾਤਕਾਰੀ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਉਸ ਸਮੇਂ ਇਹ ਲੱਗਿਆ ਸੀ ਕਿ ਇਸ ਲਾਹਨਤ ਦਾ ਅੰਤ ਨੇੜੇ ਹੈ। ਜਦੋਂ 1997 ਵਿੱਚ ਕਿਰਨਜੀਤ ਕੌਰ ਮਹਿਲਕਲਾਂ ਕਾਂਡ ਵਾਪਰਿਆ ਤਾਂ ਸਭਨਾਂ ਦੇ ਹਿਰਦੇ ਵਲੂੰਧਰੇ ਗਏ। ਸਵਾਲ ਉੱਠਿਆ ਕਿ ਕੀ ਹੁਣ ਧੀਆਂ ਸਕੂਲ/ਕਾਲਜ਼ ਜਾ ਸਕਣਗੀਆਂ। ਐਕਸ਼ਨ ਕਮੇਟੀ ਦੀ ਅਗਵਾਈ ਵਿੱਚ ਜਿਸ ਦਲੇਰੀ, ਸੁੱਘੜ ਸਿਆਣਪ ਨਾਲ ਲੰਬਾ ਵੱਖ ਵੱਖ ਵਿਚਾਰਾਂ ਦੇ ਸਾਥੀਆਂ ਨੂੰ ਸਮੋਦਿਆਂ ਸਾਂਝਾ ਵਿਸ਼ਾਲ ਘੋਲ ਚੱਲਣ ਉਪਰੰਤ ਕਾਤਲਾਂ ਨੂੰ ਉਮਰ ਕੈਦ ਸਜ਼ਾ ਹੋਈ ਸੀ ਤਾਂ ਲੱਗਿਆ ਸੀ ਕਿ ਇਸ ਬੀਮਾਰੀ ਨੂੰ ਨੱਥ ਪਵੇਗੀ। ਪਰ ਕਾਤਲਾਂ ਨੇ ਮੋੜਵਾਂ ਵਾਰ ਕਰਕੇ ਤਿੰਨ ਲੋਕ ਆਗੂਆਂ ਨੂੰ ਇੱਕ ਝੂਠੇ ਕਤਲ ਕੇਸ ਵਿੱਚ ਸਾਜ਼ਿਸ਼ ਤਹਿਤ ਪੁਲਿਸ ਅਤੇ ਗੁੰਡਾ ਗੱਠਜੋੜ ਵੱਲੋਂ ਫਸਾਕੇ ਅਦਾਲਤ ਨੇ ਉਮਰ ਕੈਦ ਸਜ਼ਾ ਸੁਣਾ ਦਿੱਤੀ। ਇੱਕ ਵਾਰ ਫਿਰ ਇਹ ਸਵਾਲ ਉੱਭਰਕੇ ਸਾਹਮਣੇ ਆਇਆ ਕਿ 'ਕੀ ਕੋਈ ਧੀਆਂ ਦੀ ਰਾਖ਼ੀ ਲਈ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਕੇ ਸਾਹਮਣੇ ਆਵੇਗਾ।' ਪੰਜਾਬ ਦੀ ਅਣਖੀਲੀ ਧਰਤੀ ਦੀ ਕੁੱਖ ਕਦੇ ਬਾਂਝ ਨਹੀਂ ਹੁੰਦੀ। ਇਹ ਹਮੇਸ਼ਾ ਹਰ ਵੱਡੇ ਤੋਂ ਵੱਡੇ ਜਬਰ ਤੋਂ ਬਾਅਦ ਸੰਗਰਾਮੀ ਯੋਧਿਆਂ ਨੂੰ ਜਨਮ ਦਿੰਦੀ ਆਈ ਹੈ। ਏਡਾ ਵੱਡਾ ਕਹਿਰ ਵਾਪਰਨ ਤੋਂ ਬਾਅਦ ਫਿਰ 'ਮਹਿਲਕਲਾਂ ਦੀ ਧਰਤੀ ਝੁਕਣ ਦੇ ਮੂਡ'ਚ ਨਹੀਂ' ਦੀ ਰੋਹਲੀ ਗਰਜ਼ ਸੁਣਾਈ ਦਿੱਤੀ। ਤਿੰਨਾਂ ਵਿੱਚੋਂ ਇੱਕ ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਸੁਪਰੀਮ ਕੋਰਟ ਵੱਲੋਂ 3 ਸਤੰਬਰ 2019 ਨੂੰ ਬਰਕਰਾਰ ਰੱਖਣ ਤੋਂ ਬਾਅਦ ਸਜ਼ਾ ਰੱਦ ਕਰਾਉਣ ਤੱਕ ਚੱਲੇ ਲੋਕ ਸੰਘਰਸ਼ ਦੀ ਤੀਬਰਤਾ ਬਰਕਰਾਰ ਰਹੀ।
ਇਸ ਤਰ੍ਹਾਂ ਦੇ ਵਿਲੱਖਣ ਲੋਕ ਘੋਲ ਨੂੰ ਬਹੁਤ ਸਾਰੇ ਉਤਰਾਵਾਂ ਚੜ੍ਹਾਵਾਂ ਵਿੱਚੋਂ ਲੰਘਣਾ ਪੈਂਦਾ ਹੈ। ਮਹਿਲਕਲਾਂ ਲੋਕ ਘੋਲ ਨੂੰ ਅਨੇਕਾਂ ਉਤਰਾਅ-ਚੜ੍ਹਾਅ, ਮੋੜਾਂ-ਘੋੜਾਂ ਵਿੱਚੋਂ ਲੰਘਣਾ ਪਿਆ ਹੈ। ਹਰ ਪੜ੍ਹਾਅ, ਹਰ ਚੁਣੌਤੀ ਨੂੰ ਸਰ ਕਰਨ ਲਈ ਲੋਕਾਂ ਉੱਤੇ ਟੇਕ ਰੱਖ ਕੇ ਚੱਲਣ ਦੀ ਦਰੁੱਸਤ ਲੀਹ, ਵਿਗਿਆਨਕ ਵਿਚਾਰਧਾਰਾ, ਇਲਾਕੇ ਦਾ ਇਤਿਹਾਸ, ਦੁਸ਼ਮਣ ਦੀ ਸਿਆਸੀ ਪਹੁੰਚ, ਵਿਸ਼ਾਲ ਲੋਕਾਈ ਨੂੰ ਆਪਣੇ ਪੱਖ ਵਿੱਚ ਜਿੱਤਣ ਦਾ ਪੱਖ,ਵੱਖ-ਵੱਖ ਵਿਚਾਰਧਾਰਾਵਾਂ ਦੇ ਸਾਥੀਆਂ ਨਾਲ ਏਕਤਾ-ਸੰਘਰਸ-ਏਕਤਾ ਦੀ ਅਸੂਲੀ ਪਹੁੰਚ ਅਪਨਾਉਣ ਦੀ ਲੋੜ ਦਾ ਪੱਲਾ ਘੁੱਟ ਕੇ ਫੜ ਕੇ ਰੱਖਿਆ।
29 ਸਾਲ ਦਾ ਲੰਬਾ ਅਰਸਾ ਬੀਤ ਜਾਣ ਬਾਅਦ ਵੀ ਇਹ ਲੋਕ ਘੋਲ ਹੁਣ ਜਾਰੀ ਵੀ ਹੈ ਸਗੋਂ ਸਿਫ਼ਤੀ ਤੌਰ 'ਤੇ 'ਔਰਤ ਦੀ ਮੁਕੰਮਲ ਮੁਕਤੀ' ਦੇ ਅਹਿਮ ਪੜਾਅ, ਨਵਾਂ ਬਰਾਬਰਤਾ ਵਾਲਾ ਸਮਾਜ ਸਿਰਜਣ ਵੱਲ ਸੇਧਿਤ ਹੋ ਗਿਆ ਹੈ। ਇਹ ਅਜਿਹੀ ਮਿਸਾਲ ਭਾਰਤ ਦੇ ਇਤਿਹਾਸ ਵਿੱਚ ਵਿਲੱਖਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹੈ।
ਇਹ ਦੇਸ਼ ਰਿਸ਼ੀਆਂ, ਮੁਨੀਆਂ, ਪੀਰਾਂ ਪੈਗੰਬਰਾਂ ਦਾ ਦੇਸ਼ ਹੈ, ਹਰ ਰੋਜ਼ ਸਾਰੇ ਧਾਰਮਿਕ ਸਥਾਨਾਂ ਤੇ ਲੋਕਾਂ ਨੂੰ ਸੰਜਮੀ, ਚਰਿੱਤਰਵਾਨ ਬਨਣ ਦਾ ਉਪਦੇਸ਼ ਦਿੱਤਾ ਜਾਂਦਾ ਹੈ। ਧੀਆਂ ਨੁੰ ਕੰਜਕਾਂ ਮੰਨ ਪੂਜਿਆ ਜਾਂਦਾ ਹੈ। ਦੇਵੀਆਂ, ਮਾਤਾਵਾਂ ਦੀ ਸ਼ਰਨ 'ਚ ਧਾਰਮਿਕ ਸਥਾਨਾਂ ਦੀ ਯਾਤਰਾ ਕੀਤੀ ਜਾਂਦੀ ਹੈ। ਮਾਤਾ ਗੁਜਰੀ ਨੂੰ, ਮਾਈ ਭਾਗੋ ਨੂੰ ਆਪਣਾ ਆਦਰਸ਼ ਮੰਨਿਆਂ ਜਾਂਦਾ ਹੈ। ਫਿਰ ਇਹ ਸਾਰਾ ਕੁੱਝ ਕਿਓਂ? ਇਸ ਦੇ ਕਾਰਨਾਂ ਨੂੰ ਸਮਝਣਾ ਅਤੇ ਕਾਰਨਾਂ ਦੀ ਜੜਾਂ ਫਰੋਲਣੀਆਂ ਪੈਣੀਆਂ ਹਨ। ਭਾਰਤੀ ਸਮਾਜ 'ਚ ਔਰਤ ਦਾ ਦਰਜਾ ਦੋਇਮ ਹੈ। ਔਰਤ ਦਾ ਸਮਾਜਿਕ ਰੁਤਬਾ ਗੌਣ ਹੈ। ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ। ਔਰਤ ਨੂੰ ਭੋਗ ਵਿਲਾਸ ਦੀ ਵਸਤੂ ਸਮਝਣ ਦੀ ਜਗੀਰੂ ਮਾਨਸਿਕਤਾ, ਪੂੰਜੀਵਾਦ 'ਚ ਔਰਤ ਨੂੰ ਨੁਮਾਇਸ਼ ਦੀ ਚੀਜ਼ ਸਮਝਣਾ ਇਸ ਬੀਮਾਰੀ ਦੀ ਜੜ੍ਹ ਹੈ। ਔਰਤ ਨੂੰ ਨਿਮਾਣੀ, ਨਿਹੱਥੀ ਤੇ ਤਰਸ ਦੀ ਪਾਤਰ ਸਮਝ ਕੇ ਹਰ ਗਾਲ ਵੀ ਉਸ ਦੇ ਖਾਤੇ ਪਾ ਕੇ ਮਰਦ ਪ੍ਰਧਾਨ ਸਮਾਜ ਅਪਣੇ ਆਪ ਨੂੰ ਬਹਾਦਰ ਸਮਝਦਾ ਹੈ। ਔਰਤ ਦੀ ਕੁੱਟਮਾਰ ਗਰੀਬ ਘਰਾਂ 'ਚ ਆਮ ਵਰਤਾਰਾ ਹੈ। ਜਿਸਮ ਦਾ ਸੌਦਾ ਢਿੱਡ ਭਰਨ ਦਾ ਸੰਦ ਹੈ। ਤਲਾਕ, ਕਤਲ ਲਈ ਸਰਾਪੀਆਂ ਔਰਤਾਂ ਆਪਣੇ ਗੁਜ਼ਾਰੇ ਲਈ ਕੋਰਟਾਂ ਦੇ ਚੱਕਰ ਕੱਟਦੀਆਂ ਸਮੇਂ ਤੋਂ ਪਹਿਲਾਂ ਬੁੱਢੀਆਂ ਹੋ ਜਾਂਦੀਆਂ ਹਨ। ਥਾਈਲੈਂਡ, ਇੰਡੋਨੇਸ਼ੀਆ, ਸਿੰਘਾਪੁਰ ਜਿਹੇ ਦੇਸ਼ ਔਰਤਾਂ ਦੀ ਦੇਹ ਵੇਚਣ ਲਈ ਵਿਸ਼ੇਸ਼ ਖੇਤਰ ਬਣਾਏ ਗਏ ਹਨ। ਭਾਰਤ ਅੰਦਰ ਸੋਨਾਗਾਚੀ ਕੋਲਕਾਤਾ, ਜੀਬੀ ਰੋਡ ਦਿੱਲੀ ਸਮੇਤ ਮਹਾਂਨਗਰਾਂ ਦੀ ਤਸਵੀਰ ਇਸ ਤੋਂ ਕੋਈ ਵੱਖਰੀ ਨਹੀਂ। ਅੰਕੜਿਆਂ ਉੱਪਰ ਸਰਸਰੀ ਨਜ਼ਰ ਮਾਰੀਏ ਤਾਂ ਪਤਾ ਚਲਦਾ ਹੈ ਕਿ 2010 ਤੋਂ ਔਰਤਾਂ ਵਿਰੁੱਧ ਅਪਰਾਧ ਦੁੱਗਣੇ ਤੋਂ ਵੀ ਵੱਧ ਹੋ ਗਏ ਹਨ। ਬੱਚਿਆਂ ਵਿਰੁੱਧ ਅਪਰਾਧ ਸੱਤ ਗੁਣਾ ਤੋਂ ਵੱਧ ਵਧੇ ਹਨ। ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਭਾਰਤ ਵਿੱਚ 2024 ਵਿੱਚ 29,536 ਬਲਾਤਕਾਰ ਦੇ ਮਾਮਲੇ ਦਰਜ ਹੋਏ। 2024 ਵਿੱਚ ਬਾਲ ਜਿਨਸੀ ਅਪਰਾਧ ਦੇ ਮਾਮਲੇ ਰਿਕਾਰਡ 69,191 ਤੱਕ ਪਹੁੰਚ ਗਏ।
ਸਮਾਜ ਦੇ ਔਰਤਾਂ ਪ੍ਰਤੀ ਇਸ ਤਿਰਸਕਾਰਤ ਅਤੇ ਦੋਗਲੇ ਰਵੱਈਏ, ਨਜ਼ਰੀਏ, ਸਮਝਦਾਰੀ ਖਿਲਾਫ਼ ਆਵਾਜ਼ ਉਠਾਈ ਜਾ ਰਹੀ ਹੈ। ਪਰ ਅਸਲ ਹੱਲ ਇਹ ਹੈ ਕਿ ਸੰਸਾਰ ਭਰ 'ਚ ਸਥਾਪਤ ਲੋਕਦੋਖੀ ਵਿਵਸਥਾ ਨੂੰ ਉਲਟਾ ਕੇ ਔਰਤ ਮਰਦ ਬਰਾਬਰੀ ਵਾਲਾ ਸਿਸਟਮ ਉਸਾਰਿਆ ਜਾਵੇ। ਫਿਰ ਹੀ ਔਰਤਾਂ ਨੂੰ ਕਿਰਤ ਸ਼ਕਤੀ 'ਚ ਬਰਾਬਰ ਦਾ ਹਿੱਸੇਦਾਰ ਬਣਾਇਆ ਜਾ ਸਕਦਾ ਹੈ। ਔਰਤ ਨੂੰ ਸਮਾਜ 'ਚ ਬਰਾਬਰ ਦਾ ਰੁਤਬਾ ਦੇ ਕੇ, ਸਮਝ ਦੇ ਹਰ ਖੇਤਰ 'ਚ, ਮਾਨਤਾਵਾਂ 'ਚ, ਸੱਭਿਆਚਾਰ 'ਚ, ਘਰਾਂ 'ਚ, ਰਿਸ਼ਤਿਆਂ 'ਚ, ਜਾਇਦਾਦ ਦੀ ਹਿੱਸੇਦਾਰੀ 'ਚ ਬਰਾਬਰਤਾ ਭਾਵ ਔਰਤਾਂ ਦੀ ਮੁਕੰਮਲ ਮੁਕਤੀ, ਰਾਜ ਤੇ ਸਮਾਜ ਬਦਲੀ ਨਾਲ ਹੀ ਸੰਭਵ ਹੋ ਸਕੇਗੀ। ਇਸ ਵਡੇਰੇ ਕਾਰਜ ਨੂੰ ਮਰਦਾਂ ਔਰਤਾਂ ਨੂੰ, ਦੋਹਾਂ ਨੂੰ ਹੀ ਹੱਥ ਲੈਣਾ ਹੋਵੇਗਾ। ਇਤਹਾਸ ਇਸ ਗੱਲ ਦਾ ਗਵਾਹ ਹੈ ਕਿ ਮਰਦ ਔਰਤਾਂ ਦੇ ਸਾਂਝੇ ਸੰਘਰਸ਼ਾਂ ਨੇ ਔਰਤ ਪ੍ਰਤੀ ਨਜ਼ਰੀਏ ਅਤੇ ਸਮਝਦਾਰੀ 'ਚ ਸਿਫ਼ਤੀ ਬਦਲਾਅ ਲਿਆਂਦਾ ਹੈ। ਔਰਤਾਂ ਦੀ ਮੁਕੰਮਲ ਮੁਕਤੀ ਲਈ ਵਿਵਸਥਾ ਬਦਲੀ ਦਾ ਸੰਘਰਸ਼ ਔਰਤ ਸ਼ਕਤੀ ਤੋਂ ਬਿਨਾਂ ਜਿੱਤਣਾ ਅਸੰਭਵ ਹੈ। ਸੰਸਾਰ ਦਾ ਅੱਧ ਔਰਤ ਨੂੰ ਸਵੈ ਨਿਰਭਰ, ਸਿਆਣਾ, ਸੰਘਰਸ਼ਸ਼ੀਲ ਤੇ ਲੜਾਕੂ ਬਨਾਉਣ ਦਾ ਕਾਰਜ ਇਨਕਲਾਬੀ ਲਹਿਰ ਦਾ ਮੁੱਖ ਏਜੰਡਾ ਹੈ। ਔਰਤ ਅਸਲ ਮਾਅਨਿਆਂ 'ਚ ਆਜ਼ਾਦ ਹੋਵੇ। ਇਤਿਹਾਸ ਦੇ ਸੂਹੇ ਪੰਨਿਆਂ 'ਤੇ ਉੱਕਰੇ, ਸਮੁੰਦਰ ਦੇ ਗਹਿਰੇ ਪਾਣੀਆਂ ਵਾਂਗ ਲੋਕ ਮਨਾਂ 'ਚ ਧੁਰ ਅੰਦਰ ਤੱਕ ਵਸੇ ਮਹਿਲਕਲਾਂ ਲੋਕ ਘੋਲ ਦੇ ਕੀਮਤੀ ਸਬਕਾਂ ਤੋਂ ਸਿੱਖਦਿਆਂ ਇਨਕਲਾਬੀ ਲਹਿਰ ਦਾ ਨਿਸ਼ਾਨਾ ਬਣਨਾ ਚਾਹੀਦਾ ਹੈ। ਜਨਤਕ ਜਮਹੂਰੀ ਜਥੇਬੰਦੀਆਂ ਇਸ ਮੁੱਦੇ ਨੂੰ ਪਹਿਲ ਪ੍ਰਿਥਮ ਅਜੰਡਾ ਬਨਾਉਣ ਤੇ ਔਰਤਾਂ ਨੂੰ ਜਥੇਬੰਦ ਕਰਨ ਦੇ ਕਾਰਜ ਨੂੰ ਹੱਥ ਲੈਣ। ਚੇਤੰਨ, ਸ਼ਕਤੀਸ਼ਾਲੀ, ਸੰਘਰਸ਼ਸ਼ੀਲ ਜਥੇਬੰਦ ਔਰਤ ਹੀ ਬਲਾਤਕਾਰੀਆਂ, ਕਾਤਲਾਂ ਲਈ ਵੰਗਾਰ ਬਣੇਗੀ/ਦੀਵਾਰ ਬਣੇਗੀ।
ਆਓ, ਔਰਤਾਂ ਦੀ ਮੁਕੰਮਲ ਮੁਕਤੀ ਦੇ ਵਡੇਰੇ ਕਾਰਜ ਨੂੰ ਵਿਗਿਆਨਕ ਚੇਤਨਾ ਹਾਸਲ ਕਰਦਿਆਂ ਨਵੇਂ ਬਰਾਬਰਤਾ ਵਾਲੇ ਪ੍ਰਬੰਧ ਸਿਰਜਣ ਦੇ ਜਮਾਤੀ ਸੰਘਰਸ਼ ਦੀ ਧਾਰ ਵੱਲ ਸਾਬਤ ਕਦਮੀਂ ਅੱਗੇ ਵਧੀਏ। ਇਹੀ ਮਹਿਲਕਲਾਂ ਲੋਕ ਘੋਲ ਦਾ ਅਸਲ ਵਿਗਿਆਨ ਹੈ। 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਜੁਝਾਰੂ ਮਰਦ-ਔਰਤਾਂ ਦੇ ਕਾਫ਼ਲੇ ਔਰਤ ਮੁਕਤੀ ਦਾ ਪ੍ਰਤੀਕ ਸ਼ਹੀਦ ਕਿਰਨਜੀਤ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਨਾਲ ਨਾਲ ਨਵਾਂ ਸਮਾਜ ਸਿਰਜਣ ਦੇ ਸੰਕਲਪ ਦਾ ਅਹਿਦ ਕਰਨਗੇ।

-
ਨਰਾਇਣ ਦੱਤ, ਲੇਖਕ
ndutt2011@gmail.com
9646010770
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.