ਵੈਰ ਦੀ ਅੱਗ ਵਿੱਚ ਪੈਦਾ ਪਿਆਰ, ਨਾਟਕ ‘ਦਾਲੀਆ’ ਨੇ ਦਿਖਾਈ ਮਨੁੱਖੀ ਰਿਸ਼ਤਿਆਂ ਦੀ ਤਾਕਤ
ਫੈਸਟੀਵਲ ਦੀ 12ਵੀਂ ਰਾਤ ਕੋਲਕਾਤਾ ਦੀ ਟੀਮ ਨੇ ਪੇਸ਼ ਕੀਤਾ ਨਾਟਕ
ਅਸ਼ੋਕ ਵਰਮਾ
ਬਠਿੰਡਾ, 8 ਅਕਤੂਬਰ 2026। ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੀ 12ਵੀਂ ਰਾਤ ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਕੋਲਕਾਤਾ ਦੇ ਇੰਸਟੀਚਿਊਟ ਆਫ ਫੈਕਚੁਅਲ ਥੀਏਟਰ ਆਰਟਸ ਗਰੁੱਪ ਵੱਲੋਂ ਰਿਸ਼ੀਕੇਸ਼ ਸੁਲਭ ਦੁਆਰਾ ਲਿਖੇ ਬੰਗਲਾ ਨਾਟਕ ‘ਦਾਲੀਆ’ ਦਾ ਮੰਚਣ ਕੀਤਾ ਗਿਆ। ਇਸ ਦਾ ਨਿਰਦੇਸ਼ਨ ਦੇਬਾਸ਼ੀਸ਼ ਦੱਤਾ ਨੇ ਕੀਤਾ। ਨਾਟਕ ਵਿੱਚ ਪਿਆਰ, ਬਦਲੇ ਅਤੇ ਇਨਸਾਨੀਅਤ ਦੇ ਟਕਰਾਅ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ।
ਨਾਟਕ ਦੀ ਕਹਾਣੀ ਅਰਾਕਾਨ ਦੀ ਇਤਿਹਾਸਕ ਪਿੱਠਭੂਮੀ ’ਤੇ ਆਧਾਰਿਤ ਹੈ। ਰਾਜਕੁਮਾਰੀ ਅਮੀਨਾ ਆਪਣੇ ਪਿਤਾ ਦੀ ਹੱਤਿਆ ਦਾ ਬਦਲਾ ਲੈਣ ਲਈ ਦੁਸ਼ਮਣ ਦੇ ਪਰਿਵਾਰ ਵਿੱਚ ਵਿਆਹ ਕਰਨ ਦਾ ਫੈਸਲਾ ਕਰਦੀ ਹੈ। ਉਸ ਦਾ ਮਕਸਦ ਪਿਆਰ ਨਹੀਂ, ਸਗੋਂ ਵਿਆਹ ਤੋਂ ਬਾਅਦ ਆਪਣੇ ਪਿਤਾ ਦੇ ਕਾਤਲ ਨੂੰ ਖਤਮ ਕਰਨਾ ਹੁੰਦਾ ਹੈ।
ਇਸੇ ਦੌਰਾਨ ਉਸ ਦੀ ਮੁਲਾਕਾਤ ਦਾਲੀਆ ਨਾਲ ਹੁੰਦੀ ਹੈ, ਜੋ ਇੱਕ ਸਧਾਰਨ ਮਛੇਰਾ ਹੈ। ਦਾਲੀਆ ਦੀ ਸਹਿਜਤਾ ਅਤੇ ਜ਼ਿੰਦਾਦਿਲ ਸ਼ਖ਼ਸੀਅਤ ਹੌਲੀ-ਹੌਲੀ ਅਮੀਨਾ ਦੇ ਅੰਦਰ ਛੁਪੀਆਂ ਭਾਵਨਾਵਾਂ ਨੂੰ ਬਦਲ ਦਿੰਦੀ ਹੈ। ਬਦਲੇ ਦੀ ਭਾਵਨਾ ਪਿਆਰ ਦੇ ਸਾਹਮਣੇ ਕਮਜ਼ੋਰ ਪੈਣ ਲੱਗਦੀ ਹੈ ਅਤੇ ਅਮੀਨਾ ਬਦਲੇ ਤੇ ਮਨੁੱਖੀ ਸੰਵੇਦਨਾ ਵਿਚਕਾਰ ਉਲਝ ਜਾਂਦੀ ਹੈ। ਨਾਟਕ ਇਹ ਸੰਦੇਸ਼ ਦਿੰਦਾ ਹੈ ਕਿ ਨਫ਼ਰਤ ਮਨੁੱਖ ਨੂੰ ਬੰਨ੍ਹ ਕੇ ਰੱਖਦੀ ਹੈ, ਜਦਕਿ ਪਿਆਰ ਉਸ ਦੇ ਅੰਦਰ ਬਦਲਾਅ ਦੀ ਸੰਭਾਵਨਾ ਪੈਦਾ ਕਰਦਾ ਹੈ।ਨਾਟਕ ਦਾ ਉਦਘਾਟਨ ਮੈਕਸ ਆਈ ਕੇਅਰ ਡਿਪਾਰਟਮੈਂਟ ਦੇ ਡਾਇਰੈਕਟਰ ਡਾ. ਕਸ਼ਿਸ਼ ਗੁਪਤਾ ਨੇ ਸ਼ਮਾ ਰੌਸ਼ਨ ਕਰਕੇ ਕੀਤਾ।
ਇਸ ਮੌਕੇ ਉਨ੍ਹਾਂ ਦੀ ਮਾਤਾ ਪ੍ਰਤਿਭਾ ਗੁਪਤਾ, ਪਤਨੀ ਡਾ. ਪੂਜਾ ਗੁਪਤਾ, ਸਟੈਲਕੋ ਦੇ ਐਮਡੀ ਰਾਜਿੰਦਰ ਜਿੰਦਲ, ਨਾਟਿਅਮ ਡਾਇਰੈਕਟਰ ਕੀਰਤੀ ਕਿਰਪਾਲ, ਫੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ, ਸਰਪਰਸਤ ਸੁਦਰਸ਼ਨ ਗੁਪਤਾ ਅਤੇ ਪ੍ਰਧਾਨ ਸੁਰਿੰਦਰ ਕੌਰ ਮੌਜੂਦ ਰਹੇ।
ਡਾ. ਕਸ਼ਿਸ਼ ਗੁਪਤਾ ਨੇ ਕਿਹਾ ਕਿ ਰੰਗਮੰਚ ਬੇਹੱਦ ਪਿਆਰੀ ਕਲਾ ਹੈ, ਜਿਸ ਨੇ ਉਨ੍ਹਾਂ ਨੂੰ ਲੋਕਾਂ ਅਤੇ ਸੰਵੇਦਨਾਵਾਂ ਨਾਲ ਜੋੜਿਆ। ਕਰੀਬ 11 ਸਾਲ ਪਹਿਲਾਂ ਕੀਰਤੀ ਕਿਰਪਾਲ ਰਾਹੀਂ ਨਾਟਿਅਮ ਨਾਲ ਜੁੜੇ ਅਤੇ ਫਿਰ ਇਸ ਦੇ ਹੋ ਕੇ ਰਹਿ ਗਏ। ਉਨ੍ਹਾਂ ਕਿਹਾ ਕਿ 15ਵੇਂ ਫੈਸਟੀਵਲ ਤੱਕ ਪਹੁੰਚਣਾ ਨਾਟਿਅਮ ਦੇ ਹਰ ਮੈਂਬਰ ਦੀ ਮਿਹਨਤ ਦਾ ਨਤੀਜਾ ਹੈ। ਆਪਣੀ ਮਾਤਾ ਅਤੇ ਪਤਨੀ ਦੇ ਸਹਿਯੋਗ ਦਾ ਜ਼ਿਕਰ ਕਰਦਿਆਂ ਉਹ ਭਾਵੁਕ ਹੋ ਗਏ।
ਕਸ਼ਿਸ਼ ਨੇ ਰਾਹ ਦਿਖਾਇਆ : ਕੀਰਤੀ ਕਿਰਪਾਲ
ਨਾਟਿਅਮ ਡਾਇਰੈਕਟਰ ਕੀਰਤੀ ਕਿਰਪਾਲ ਨੇ ਕਿਹਾ ਕਿ ਸਾਲ 2003 ਵਿੱਚ ਰੰਗਮੰਚ ਦਾ ਸੁਪਨਾ ਲੈ ਕੇ ਜੈਤੋ ਤੋਂ ਬਠਿੰਡਾ ਆਏ ਸਨ। ਸਾਲ 2011 ਵਿੱਚ ਫੈਸਟੀਵਲ ਸ਼ੁਰੂ ਕੀਤਾ, ਪਰ ਲਗਾਤਾਰ ਤਿੰਨ ਸਾਲ ਨੁਕਸਾਨ ਝੱਲਣਾ ਪਿਆ। ਸਾਲ 2014 ਵਿੱਚ ਮੁੜ ਜੋਖ਼ਮ ਉਠਾਇਆ ਅਤੇ ਇਸੇ ਦੌਰਾਨ ਡਾ. ਕਸ਼ਿਸ਼ ਗੁਪਤਾ ਵਰਗੇ ਜਿਗਰੀ ਦੋਸਤ ਮਿਲੇ, ਜਿਨ੍ਹਾਂ ਨੇ ਉਨ੍ਹਾਂ ਦੇ ਰੰਗਮੰਚ ਦੇ ਸੁਪਨੇ ਨੂੰ ਰਾਹ ਦਿਖਾਈ। ਉਨ੍ਹਾਂ ਕਿਹਾ ਕਿ ਨਾਟਿਅਮ ਦੇ 15ਵੇਂ ਫੈਸਟੀਵਲ ਦੀ ਸਫਲਤਾ ਵਿੱਚ ਡਾ. ਕਸ਼ਿਸ਼ ਦਾ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਫੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ ਨੇ ਵੀ ਨਾਟਿਅਮ ਦੇ 15 ਸਾਲਾਂ ਦੇ ਸਫਰ ਵਿੱਚ ਮਹੱਤਵਪੂਰਨ ਯੋਗਦਾਨ ਦੇ ਲਈ ਡਾ. ਕਸ਼ਿਸ਼ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਦਕਿ ਸਰਪਰਸਤ ਸੁਦਰਸ਼ਨ ਗੁਪਤਾ ਨੇ ਵੀ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਰੰਗਮੰਚ ਪ੍ਰਤੀ ਸਮਰਪਣ ਨੂੰ ਰੇਖਾਂਕਿਤ ਕੀਤਾ।
- Download Babushahi App
-
-