ਮੰਤਰੀ ਵੱਲੋਂ ਕੇਸਾਂ ਦੀ ਵਾਪਸੀ ਤੇ ਹੋਰ ਮੰਗਾਂ ਲਾਗੂ ਕਰਨ ਦੇ ਐਲਾਨ ਪਿੱਛੋਂ ਮਜ਼ਦੂਰਾਂ ਕਿਸਾਨਾਂ ਦਾ ਧਰਨਾ ਸਮਾਪਤ
ਅਸ਼ੋਕ ਵਰਮਾ
ਲੰਬੀ, 22 ਅਗਸਤ 2026: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਖੇਤੀਬਾੜੀ ਮੰਤਰੀ ਦੇ ਘਰ ਅੱਗੇ ਦਿੱਤੇ ਜਾ ਰਹੇ ਧਰਨੇ ਦੇ ਤੀਜੇ ਦਿਨ ਅੱਜ਼ ਮੰਤਰੀ ਵੱਲੋਂ ਇਕੱਠ 'ਚ ਆ ਕੇ ਆਗੂਆਂ 'ਤੇ ਬਣੇ ਕੇਸਾਂ ਦੀ ਵਾਪਸੀ ਸਮੇਤ ਹੋਰਨਾਂ ਮੰਗਾਂ ਨੂੰ ਹੱਲ ਕਰਨ ਦੇ ਐਲਾਨ ਤੋਂ ਬਾਅਦ ਲਗਾਤਾਰ ਦਾ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਵੱਲੋਂ ਦੋਹਾਂ ਜਥੇਬੰਦੀਆਂ ਦੇ ਆਗੂਆਂ ਨਾਲ ਕੀਤੀ ਵਿਸਥਾਰੀ ਮੀਟਿੰਗ ਦੌਰਾਨ ਚੀਫ ਸੈਕਟਰੀ ਤੇ ਡੀ ਜੀ ਪੀ ਪੰਜਾਬ ਨਾਲ ਫੋਨ 'ਤੇ ਗੱਲ ਕਰਕੇ ਕੇਸਾਂ ਦੀ ਵਾਪਸੀ ਦੇ ਅਮਲ ਨੂੰ ਨੇਪਰੇ ਚਾੜ੍ਹਨ ਸਬੰਧੀ ਗੱਲਬਾਤ ਕੀਤੀ ਗਈ।ਇਸੇ ਦੌਰਾਨ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਮੀਹਾਂ ਤੇ ਗੜੇਮਾਰੀ ਕਾਰਨ ਡਿੱਗੇ ਮਕਾਨਾਂ ਤੇ ਫਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਜ਼ਿਲੇ ਚ ਪਹੁੰਚ ਗਿਆ ਹੈ ਅਤੇ ਜ਼ਲਦੀ ਹੀ ਹੱਕਦਾਰਾਂ ਚ ਵੰਡ ਦਿੱਤਾ ਜਾਵੇਗਾ। ਉਹਨਾਂ ਲਾਲ਼ ਲਕੀਰ ਅੰਦਰਲੇ ਘਰਾਂ ਦੇ ਮਾਲਕੀ ਹੱਕ ਦੇਣ ਸਬੰਧੀ ਅਧਿਕਾਰੀਆਂ ਨੂੰ ਇਸ ਅਮਲ ਨੂੰ ਤੇਜ਼ੀ ਨਾਲ ਲਾਗੂ ਕਰਨ ਦੀ ਹਦਾਇਤ ਵੀ ਕੀਤੀ।
ਇਸ ਤੋਂ ਇਲਾਵਾ ਮੰਤਰੀ ਨੇ ਮਨਰੇਗਾ ਦਾ ਕੰਮ ਚਲਾਉਣ, ਘਰੇਲੂ ਬਿਜਲੀ ਬਿੱਲਾਂ ਦੇ ਬਕਾਏ ਅਤੇ ਲਿਫਟ ਪੰਪਾਂ ਦੇ ਮਾਲਕਾਂ ਨੂੰ ਪਾਏ ਜੁਰਮਾਨਿਆਂ ਸਮੇਤ ਬਾਕੀ ਮੰਗਾਂ ਦੇ ਹੱਲ ਦਾ ਵੀ ਭਰੋਸਾ ਦਿੱਤਾ। ਪਰ ਖੇਤੀ ਨੀਤੀ ਲਾਗੂ ਕਰਨ ਦੇ ਮਾਮਲੇ ਚ ਉਹਨਾਂ ਆਪਣੀ ਬੇਬਸੀ ਜ਼ਾਹਰ ਕਰਦਿਆਂ ਗੱਲ ਸਰਕਾਰ ਦੇ ਪਾਲੇ 'ਚ ਤਿਲਕਾ ਦਿੱਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਤੇ ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਨੇ ਐਲਾਨ ਕੀਤਾ ਕਿ ਜੇਕਰ ਮੰਤਰੀ ਵੱਲੋਂ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਅੱਧ ਸਤੰਬਰ ਤੋਂ ਖੇਤੀਬਾੜੀ ਮੰਤਰੀ ਦੇ ਘਰ ਅੱਗੇ ਮੁੜ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ।ਅੱਜ਼ ਦੇ ਧਰਨੇ ਨੂੰ ਮਜ਼ਦੂਰ ਆਗੂ ਰਾਜਾ ਸਿੰਘ ਤੇ ਕਾਲਾ ਸਿੰਘ ਖੂਨਣ ਖੁਰਦ, ਮਹਿਲਾ ਮਜ਼ਦੂਰ ਆਗੂ ਗੁਰਮੇਲ ਕੌਰ, ਕਿਸਾਨ ਆਗੂ ਗੁਰਭਗਤ ਸਿੰਘ ਭਲਾਈਆਣਾ ,ਗੁਰਪਾਸ਼ ਸਿੰਘ ਸਿੰਘੇਵਾਲਾ,ਮਲਕੀਤ ਸਿੰਘ ਗੱਗੜ, ਨਿਸ਼ਾਨ ਸਿੰਘ ਕੱਖਾਵਾਲੀ,ਹਰਪਾਲ ਸਿੰਘ ਕਿੱਲਿਆਂਵਾਲੀ, ਮਨੋਹਰ ਸਿੰਘ ਸਿੱਖਵਾਲਾ ਤੇ ਅਜੈਬ ਸਿੰਘ ਮੱਲਣ ਹਰਪਾਲ ਸਿੰਘ ਧੂੜਕੋਟ ਨੇ ਸੰਬੋਧਨ ਕੀਤਾ।
- Download Babushahi App
-
-