ਵੱਡੀ ਖ਼ਬਰ: ਸੁਲਤਾਨਪੁਰ ਲੋਧੀ 'ਚ ਦੋਸਤਾਂ ਵੱਲੋਂ ਦੋਸਤ ਦਾ ਬੇਰਹਿਮੀ ਨਾਲ ਕਤਲ
ਥਾਣਾ ਸੁਲਤਾਨਪੁਰ ਲੋਧੀ ਵਿਖੇ ਮਾਮਲਾ ਦਰਜ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 12 ਫਰਵਰੀ 2025 ਲੋਹੀਆਂ ਬਲਾਕ ਦੇ ਪਿੰਡ ਕੁਤਬੀਵਾਲ ਦੇ ਇੱਕ ਨੌਜਵਾਨ ਦਾ ਸਾਥੀ ਦੋਸਤਾਂ ਵੱਲੋਂ ਕਤਲ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸੁਲਤਾਨਪੁਰ ਲੋਧੀ ਵਿਖੇ ਦਰਜ ਹੋਏ ਇਸ ਮਾਮਲੇ ਸਬੰਧੀ ਮ੍ਰਿਤਕ ਦੇ ਭਰਾ ਹਰਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਕੁਤਬੀਵਾਲ ਨੇ ਦੱਸਿਆ ਕਿ ਉਸ ਦੇ ਭਰਾ ਜਸਵਿੰਦਰ ਸਿੰਘ (29) ਜੋ ਸ਼ਾਦੀ ਸ਼ੁਦਾ ਹੈ ਨੂੰ ਉਨ੍ਹਾਂ ਦਾ ਹੀ ਇੱਕ ਗੁਆਂਢੀ ਆਪਣੇ ਹੋਰ ਸਾਥੀਆਂ ਨਾਲ ਲੰਘੀ ਰਾਤ ਕਰੀਬ 9:15 ਵਜੇ ਦੇ ਸਾਡੇ ਘਰ ਆਏ ਅਤੇ ਮੇਰੇ ਭਰਾ ਨੂੰ ਜਰੂਰੀ ਕੰਮ ਦਾ ਕਹਿਕੇ ਨਾਲ ਲੈ ਗਏ।
ਉਨ੍ਹਾਂ ਦੱਸਿਆ ਕਿ ਥੋੜੀ ਦੇਰ ਬਾਅਦ ਅਸੀਂ ਫੋਨ ਲਗਾਇਆ ਤਾਂ ਮੋਬਾਇਲ ਫੋਨ ਬੰਦ ਆਇਆ। ਉਪਰੰਤ ਕਥਿਤ ਦੋਸ਼ੀਆਂ ਦਾ ਸਾਨੂੰ ਫੋਨ ਆਇਆ ਕਿ ਅਸੀਂ ਤੁਹਾਡਾ ਮੁੰਡਾ ਜਸਵਿੰਦਰ ਸਿੰਘ ਵੱਢ ਦਿੱਤਾ ਹੈ, ਉਸ ਦੀ ਲਾਸ਼ ਪਿੰਡ ਜੱਬੋਵਾਲ ਤੋਂ ਪਿੰਡ ਰਾਮੇ (ਥਾਣਾ ਸੁਲਤਾਨਪੁਰ ਲੋਧੀ) ਸੜਕ ’ਤੇ ਪਈ ਹੈ, ਆ ਕੇ ਲੈ ਜਾਓ। ਜਿਸ ’ਤੇ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਅਤੇ ਪੰਚਾਇਤੀ ਨੁਮਾਇੰਦਿਆਂ ਨੂੰ ਨਾਲ ਲੈ ਕੇ ਉਕਤ ਜਗ੍ਹਾ ’ਤੇ ਪੁੱਜੇ ਤਾਂ ਖੂਨ ਨਾਲ ਲੱਥ ਪੱਥ ਹੋਏ ਜਸਵਿੰਦਰ ਸਿੰਘ ਨੂੰ ਚੁੱਕ ਕੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਲਿਜਾਇਆ ਗਿਆ, ਜਿਥੇ ਉਸਨੇ ਜਿਆਦਾ ਖੂਨ ਵਗਣ ਕਾਰਨ ਦਮ ਤੋੜ ਦਿੱਤਾ।
ਮ੍ਰਿਤਕ ਦੇ ਭਰਾ ਹਰਵਿੰਦਰ ਸਿੰਘ ਮੁਤਾਬਕ ਜਖਮੀ ਜਸਵਿੰਦਰ ਸਿੰਘ ਨੇ ਉਸ ਨੂੰ ਮਾਰਨ ਵਾਲੇ ਚਾਰੇ ਦੋਸ਼ੀਆਂ ਦੇ ਨਾਮ ਵੀ ਦੱਸ ਦਿੱਤੇ ਹਨ। ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਵਿਖੇ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।
- Download Babushahi App
-
-