ਅਮਰੀਕਾ: ਦੇਸ਼ ਨਿਕਾਲੇ ਦੀਆਂ ਉਡਾਣਾਂ ਦੌਰਾਨ ਹੈਤੀ ਨਿਵਾਸੀਆਂ ਨੇ ਕੀਤੇ ਪਾਈਲਟਾਂ ਤੇ ਅਧਿਕਾਰੀਆਂ 'ਤੇ ਹਮਲੇ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 24 ਸਤੰਬਰ 2021 - ਪਿਛਲੇ ਦਿਨਾਂ ਦੌਰਾਨ ਅਮਰੀਕਾ ਦੇ ਟੈਕਸਾਸ ਵਿੱਚ ਡੇਲ ਰਿਓ ਸਥਿਤ ਇੱਕ ਪੁਲ ਹੇਠਾਂ ਹਜ਼ਾਰਾਂ ਦੀ ਤਾਦਾਦ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਇਕੱਠੇ ਹੋਏ ਸਨ । ਇਹਨਾਂ ਵਿੱਚ ਬਹੁਗਿਣਤੀ ਹੈਤੀ ਮੂਲ ਦੇ ਲੋਕਾਂ ਦੀ ਸੀ ।ਅਮਰੀਕੀ ਪ੍ਰਸ਼ਾਸਨ ਵੱਲੋਂ ਪ੍ਰਵਾਸੀਆਂ ਦੀ ਭੀੜ ਨਾਲ ਨਜਿੱਠਣ ਲਈ ਹੈਤੀ ਨਿਵਾਸੀਆਂ ਨੂੰ ਡਿਪੋਰਟ ਕਰਨ ਲਈ ਫਲਾਈਟਾਂ ਸ਼ੁਰੂ ਕੀਤੀਆਂ ਗਈਆਂ ਸਨ। ਇਸ ਸਬੰਧੀ ਰਿਪੋਰਟਾਂ ਦੇ ਅਨੁਸਾਰ, ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਹੈਤੀਆਈ ਗੈਰਕਾਨੂੰਨੀ ਪ੍ਰਵਾਸੀਆਂ ਨੇ ਇਸ ਕੈਰੇਬੀਅਨ ਦੇਸ਼ ਵਿੱਚ ਉਨ੍ਹਾਂ ਦੀ ਵਾਪਸੀ ਨੂੰ ਰੋਕਣ ਲਈ ਜਹਾਜ਼ਾਂ ਵਿੱਚ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸ (ਆਈ ਸੀ ਈ) ਅਫਸਰਾਂ ਅਤੇ ਪਾਈਲਟਾਂ ਉੱਤੇ ਹਿੰਸਕ ਹਮਲਾ ਕੀਤੇ।
ਅਧਿਕਾਰੀਆਂ ਅਨੁਸਾਰ ਇੱਕ ਘਟਨਾ ਵਿੱਚ, ਦੋ ਹੈਤੀ ਵਾਸੀਆਂ ਨੇ ਉਡਾਣ ਦੌਰਾਨ ਆਈ ਸੀ ਈ ਅਧਿਕਾਰੀਆਂ ਨੂੰ ਮਾਰਿਆ, ਜਿਸ ਉਪਰੰਤ ਉਨ੍ਹਾਂ ਦੇ ਜਹਾਜ਼ ਨੂੰ ਡੇਲ ਰੀਓ ਦੇ ਲਾਫਲਿਨ ਏਅਰ ਫੋਰਸ ਬੇਸ ਦੇ ਰਨਵੇਅ ਤੋਂ ਵਾਪਸ ਮੋੜਿਆ ਗਿਆ। ਇੱਕ ਹੋਰ ਘਟਨਾ ਕਾਰਨ ਸੋਮਵਾਰ ਨੂੰ ਇੱਕ ਹੋਰ ਉਡਾਣ ਨੂੰ ਰੱਦ ਕਰਨਾ ਪਿਆ ਜਦੋਂ ਪ੍ਰਵਾਸੀਆਂ ਨੇ ਜਹਾਜ਼ ਵਿੱਚ ਕਰਮਚਾਰੀਆਂ ਨਾਲ ਲੜਨਾ ਸ਼ੁਰੂ ਕਰ ਦਿੱਤਾ। ਇੱਕ ਵੱਖਰੀ ਘਟਨਾ ਵਿੱਚ, ਕਈ ਹੈਤੀ ਵਾਸੀਆਂ ਨੇ ਮੰਗਲਵਾਰ ਨੂੰ ਪੋਰਟ ਏਯੂ ਪ੍ਰਿੰਸ ਵਿੱਚ ਪਾਈਲਟਾਂ ਦੀ ਕੁੱਟਮਾਰ ਕੀਤੀ ਅਤੇ ਤਿੰਨ ਆਈ ਸੀ ਈ ਅਧਿਕਾਰੀਆਂ ਨੂੰ ਵੀ ਜ਼ਖਮੀ ਕਰ ਦਿੱਤਾ। ਇਹਨਾਂ ਘਟਨਾਵਾਂ ਦੇ ਇਲਾਵਾ ਹੈਤੀਅਨ ਲੋਕਾਂ ਦੇ ਇੱਕ ਸਮੂਹ ਨੂੰ ਜਹਾਜ਼ ਤੱਕ ਲੈ ਕੇ ਜਾ ਰਹੀ ਬੱਸ ਦਾ ਕੰਟਰੋਲ ਵੀ ਇਹਨਾਂ ਪ੍ਰਵਾਸੀਆਂ ਨੇ ਆਪਣੇ ਹੱਥ ਵਿੱਚ ਕਰ ਲਿਆ ਸੀ। ਹੋਮਲੈਂਡ ਸਕਿਓਰਿਟੀ ਵਿਭਾਗ ਅਨੁਸਾਰ ਹਾਲ ਹੀ ਦੇ ਦਿਨਾਂ ਵਿੱਚ ਤਕਰੀਬਨ 1,401 ਪ੍ਰਵਾਸੀਆਂ ਨੂੰ ਹੈਤੀ ਭੇਜਿਆ ਗਿਆ ਹੈ।