Babushahi Special- ਨਸ਼ਿਆਂ ਨਾਲ ਜੁੜੀਆਂ ਮੌਤਾਂ ਦੇ ਅੰਤਿਮ ਸਸਕਾਰ ਰੋਕਣ ਤੋਂ ਕੁੱੜਿਕੀ ’ਚ ਫਸੀ ਸਰਕਾਰ ਦੀ ਜਾਨ
ਅਸ਼ੋਕ ਵਰਮਾ
ਬਠਿੰਡਾ, 29 ਅਕਤੂਬਰ 2026: ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਨਸ਼ਿਆਂ ਨਾਲ ਜੁੜੀਆਂ ਹੋਣ ਦੇ ਸ਼ੱਕ ਹੇਠ ਹੋ ਰਹੀਆਂ ਮੌਤਾਂ ਸਬੰਧੀ ਲਾਸ਼ਾਂ ਦਾ ਸਸਕਾਰ ਨਾ ਕਰਨ ਦੇ ਵਧ ਰਹੇ ਰੁਝਾਨ ਨੇ ‘ਆਪ’ ਸਰਕਾਰ ਲਈ ਇੱਕ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਪੀੜਤ ਪ੍ਰੀਵਾਰਾਂ ਅਤੇ ਉਨ੍ਹਾਂ ਦੀ ਹਮਾਇਤ ’ਚ ਨਿੱਤਰੀਆਂ ਜਨਤਕ ਧਿਰਾਂ ਵੱਲੋਂ ਇਨਸਾਫ਼ , ਜਵਾਬਦੇਹੀ ਅਤੇ ਮੁਆਵਜ਼ੇ ਦੀ ਮੰਗ ਨੂੰ ਲੈਕੇ ਸਸਕਾਰ ਕਰਨ ਤੋਂ ਇਨਕਾਰ ਸਰਕਾਰ ਨੂੰ ਸਿਆਸੀ ਤੌਰ ’ਤੇ ਮਹਿੰਗਾ ਪੈਂਦਾ ਨਜ਼ਰ ਆ ਰਿਹਾ ਹੈ । ਉੱਪਰੋਂ ਇਹ ਮੌਤਾਂ ਵੱਡੇ ਸਿਆਸੀ ਮੁੱਦੇ ਵਜੋਂ ਉੱਭਰੀਆਂ ਹਨ ਜੋਕਿ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਸਥਿਤੀ ’ਤੇ ਕਾਬੂ ਨਾਂ ਪਾਇਆ ਗਿਆ ਤਾਂ ਵਿਧਾਨ ਸਭਾ ਚੋਣਾਂ ਮੌਕੇ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਸਿਆਸੀ ਸੱਟ ਵੱਜਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ।
ਮਾਨਸਾ ਵਿੱਚ 13 ਅਕਤੂਬਰ ਨੂੰ ਇੱਕ ਮੈਡੀਕਲ ਸਟੋਰ ਮਾਲਕ ਵੱਲੋਂ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਤੋਂ ਬਾਅਦ ਸਥਿਤੀ ਬੇਹੱਦ ਟਕਰਾਅ ਵਾਲੀ ਬਣੀ ਹੋਈ ਹੈ। ਝੋਟਾ ਦੇ ਪ੍ਰੀਵਾਰ ਨੇ ਪੋਸਟਮਾਰਟਮ ਤੇ ਸਸਕਾਰ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ ਅਤੇ ਮੁੱਖ ਮੰਤਰੀ ਤੇ ਡੀਜੀਪੀ ਦੇ ਅਸਤੀਫੇ ਦੀ ਮੰਗ ’ਤੇ ਅੜਿਆ ਹੋਇਆ ਹੈ। ਪ੍ਰੀਵਾਰ ਦੀ ਪੀਜੀਆਈ ਤੋਂ ਪੋਸਟਮਾਰਟਮ, ਦੋ ਥਾਣਾ ਮੁਖੀਆਂ, ਡੀਐਸਪੀ ਅਤੇ ਡਰੱਗ ਇੰਸਪੈਕਟਰ ਦੀ ਬਰਖ਼ਾਸਤਗੀ , ਝੋਟਾ ਦਾ ਬੁੱਤ ਲਾਉਣਾ ਅਤੇ ਟਰਾਮਾ ਸੈਂਟਰ ਬਨਾਉਣ ਦੀ ਮੰਗ ਵੀ ਹੈ। ਐੱਸਐੱਚਓ ਬੇਅੰਤ ਕੌਰ, ਡੀਐੱਸਪੀ ਹਰਜਿੰਦਰ ਸਿੰਘ ਗਿੱਲ ਅਤੇ ਡਰੱਗ ਇੰਸਪੈਕਟਰ ਨੀਰਜ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਪਰ ਰੇੜਕਾ ਖ਼ਤਮ ਨਹੀਂ ਹੋ ਸਕਿਆ ਹੈ। ਝੋਟੇ ਦੇ ਪਿਤਾ ਫੌਜੀ ਭੀਮ ਸਿੰਘ ਦੀ ਅਗਵਾਈ ਹੇਠ ਡੀਸੀ ਦੀ ਰਿਹਾਇਸ਼ ਨੇੜੇ ਤਿੰਨਕੋਣੀ ’ਤੇ ਲਾਇਆ ਧਰਨਾ 17 ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ।
ਦੂਸਰਾ ਵੱਡਾ ਮਾਮਲਾ 27 ਅਕਤੂਬਰ ਨੂੰ ਸਧਾਰਨ ਕਿਸਾਨ ਦਲਜੀਤ ਸਿੰਘ ਦੀ ਮੌਤ ਦਾ ਹੈ ਜਿਸ ਤੋਂ ਬਾਅਦ ਤਣਾਅ ਵਾਲੀ ਸਥਿਤੀ ਬਣੀ ਸੀ । ਪਿੰਡ ਭੰਮੇ ਕਲਾਂ ਦੇ ਦਲਜੀਤ ਦੀ ਲਾਸ਼ ਰਾਮਾਨੰਦੀ ਪਿੰਡ ਨੇੜੇ ਮਿਲੀ ਸੀ। ਪਰਿਵਾਰ ਨੇ ਦੋਸ਼ ਲਾਇਆ ਕਿ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ, ਜਦੋਂਕਿ ਪੁਲਿਸ ਨੇ ਪ੍ਰੀਵਾਰ ਦੇ ਦਾਅਵੇ ਨੂੰ ਗ਼ਲਤ ਕਰਾਰ ਦਿੰਦਿਆਂ ਮੌਤ ਦੇ ਕਾਰਨਾਂ ਬਾਰੇ ਜਾਂਚ ਕਰਨ ਦੀ ਗੱਲ ਕਹੀ ਸੀ। ਦਲਜੀਤ ਦੇ ਪ੍ਰੀਵਾਰ ਨੇ ਸਰਸਾ-ਮਾਨਸਾ ਸੜਕ ਜਾਮ ਕਰ ਦਿੱਤੀ ਅਤੇ ਲਾਸ਼ ਨੂੰ ਝੋਟਾ ਦੇ ਧਰਨੇ ਵਾਲੀ ਥਾਂ ’ਤੇ ਲਿਜਾਣ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਪੁਲਿਸ ਨੇ ਟਰੱਕਾਂ ਦੀ ਸਹਾਇਤਾ ਨਾਲ ਰਾਮਦਿੱਤੇਵਾਲਾ ਚੌਕ ’ਤੇ ਬੈਰੀਕੇਡ ਲਾਕੇ ਰੋਕ ਲਿਆ ਸੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨਾਲ ਹੋਈ ਧੱਕਾ ਮੁੱਕੀ ਦੌਰਾਨ ਪੁਲਿਸ ਨੇ ਲਾਸ਼ ਆਪਣੇ ਕਬਜ਼ੇ ਵਿੱਚ ਲੈ ਲਈ ਜਿਸ ਦੀ ਤਿੱਖੀ ਅਲੋਚਨਾ ਹੋਈ ਹੈ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ 48 ਪੁਲਿਸ ਥਾਣਿਆਂ ਮੂਹਰੇ ਕੀਤੇ ਰੋਸ ਪ੍ਰਦਰਸ਼ਨਾਂ ਦੌਰਾਨ ਲਾਸ਼ ਦਾ ਜਬਰਦਸਤੀ ਸਸਕਾਰ ਕਰਵਾਉਣ ਦੇ ਦੋਸ਼ ਲਾਏ ਸਨ। ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਦਾ ਕਹਿਣਾ ਸੀ ਕਿ ਮੁੱਢਲੀ ਜਾਂਚ ਤੋਂ ਸੰਕੇਤ ਮਿਲੇ ਹਨ ਕਿ ਇੱਕ ਚਿੱਟੇ ਰੰਗ ਦੀ ਮਾਰੂਤੀ ਸਵਿਫ਼ਟ ਕਾਰ ਵਿੱਚ ਸਵਾਰ ਲੋਕ ਲਾਸ਼ ਨੂੰ ਸੜਕ ਕਿਨਾਰੇ ਸੁੱਟਕੇ ਫ਼ਰਾਰ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਤਿੰਨ ਵਿਅਕਤੀਆਂ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਲਾਸ਼ ਲਿਜਾਣ ਦੇ ਮਾਮਲੇ ’ਚ ਮਾਨਸਾ ਪੁਲਿਸ ਨੇ 40 ਅਣਪਛਾਤਿਆਂ ਖਿਲਾਫ ਕੇਸ ਦਰਜ ਕੀਤਾ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਮੰਗਾਂ ਮਨਵਾਉਣ ਲਈ ਸਸਕਾਰ ਰੋਕਣਾ ਕੋਈ ਨਵੀਂ ਗੱਲ ਨਹੀਂ ਹੈ, ਪਰ ਜਦੋਂ ਅਜਿਹੇ ਮਾਮਲੇ ਸ਼ੱਕੀ ਨਸ਼ਿਆਂ ਨਾਲ ਮੌਤਾਂ ਹੋਣ ਨਾਲ ਜੁੜੇ ਹੋਣ ਤਾਂ ਸਥਿਤੀ ਨਾਲ ਨਜਿੱਠਣਾ ਪੁਲਿਸ ਲਈ ਹੋਰ ਵੀ ਚੁਣੌਤੀਪੂਰਨ ਹੋ ਜਾਂਦਾ ਹੈ।
ਦਿੜਬਾ ਹਲਕੇ ਦੇ ਤੂਰਬੰਜਾਰਾ ਦੇ ਇੱਕ ਵਿਅਕਤੀ ਨੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ ਜਿਸ ਨੇ ਵਿੱਤ ਮੰਤਰੀ ਹਰਪਾਲ ਚੀਮਾ ਕੋਲ ਆਪਣੇ ਪਿੰਡ ਵਿੱਚ ਨਸ਼ਿਆਂ ਦੀ ਵਿਕਰੀ ਦਾ ਮੁੱਦਾ ਚੁੱਕਿਆ ਅਤੇ ਆਪਣੇ ਪੁੱਤ ਨੂੰ ਨਸ਼ੇ ਦੀ ਲਤ ਦਾ ਜਿਕਰ ਕੀਤਾ ਸੀ। ਦੋਸ਼ ਹੈ ਕਿ ਉਸੇ ਸ਼ਾਮ ਪੁਲਿਸ ਉਸ ਦੇ ਘਰ ਪਹੁੰਚੀ ਅਤੇ ਉਸ ਤੋਂ ਪੁੱਛਗਿੱਛ ਕੀਤੀ। ਉਸ ਨੇ ਉਦੋਂ ਕਥਿਤ ਤੌਰ ’ਤੇ ਜ਼ਹਿਰੀਲੀ ਵਸਤੂ ਨਿਗਲ ਲਈ , ਜਦੋਂ ਉਸ ਨੂੰ ਪੰਚਾਇਤ ਕੋਲ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਸੱਦਿਆ ਗਿਆ ਅਤੇ ਅਗਲੇ ਦਿਨ ਉਸ ਦੀ ਮੌਤ ਹੋ ਗਈ। ਉਸ ਦੇ ਪੁੱਤਰ ਲਖਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਪ੍ਰਸ਼ਾਸ਼ਨ ਨੇ ਪ੍ਰੀਵਾਰ ਦੀ ਮਨਜ਼ੂਰੀ ਤੋਂ ਬਿਨਾਂ ਸਸਕਾਰ ਕਰਵਾ ਦਿੱਤਾ ਅਤੇ ਰਿਸ਼ਤੇਦਾਰਾਂ ਨੂੰ ਲਾਸ਼ ਦੇਖਣ ਵੀ ਨਹੀਂ ਦਿੱਤੀ। ਪ੍ਰੀਵਾਰ ਨੇ ਇਹ ਵੀ ਦਾਅਵਾ ਕੀਤਾ ਕਿ ਮ੍ਰਿਤਕ ਦਾ ਹੋਰ ਸਾਮਾਨ ਵਾਪਸ ਨਹੀਂ ਕੀਤਾ ਗਿਆ।
ਨਸ਼ਿਆਂ ਦਾ ਸੰਕਟ ਸਿਆਸੀ ਚੁਣੌਤੀ
ਦੇਖਿਆ ਜਾਏ ਤਾਂ ਵਿਰੋਧ ਪ੍ਰਦਰਸ਼ਨ ਨਸ਼ਿਆਂ ਸਬੰਧੀ ਜ਼ਮੀਨੀ ਸਥਿਤੀ ਨੂੰ ਲੈਕੇ ਲੋਕਾਂ ’ਚ ਵਧ ਰਹੀ ਨਾਰਾਜ਼ਗੀ ਦਰਸਾਉਂਦੇ ਹਨ। ਚੋਣਾਂ ਨਜ਼ਦੀਕ ਹੋਣ ਕਾਰਨ , ਮ੍ਰਿਤਕਾਂ ਦੇ ਅੰਤਿਮ ਸਸਕਾਰ ਕਰਨ ਤੋਂ ਜਵਾਬ ਦੇਣਾ ਸਰਕਾਰ ’ਤੇ ਦਬਾਅ ਹੋਰ ਵਧਾ ਸਕਦਾ ਹੈ। ਵੱਡੀ ਸਮੱਸਿਆ ਇਹ ਹੈ ਕਿ ਵਿਰੋਧੀ ਪਾਰਟੀਆਂ ਮੌਕੇ ਦਾ ਲਾਹਾ ਲੈਂਦਿਆਂ ਸਰਕਾਰ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਮਾਨਸਾ ਅਤੇ ਸੰਗਰੂਰ ਜ਼ਿਲਿ੍ਹਆਂ ਵਿੱਚ ਹਾਲਾਤ ਖ਼ਾਸ ਤੌਰ ’ਤੇ ਤਣਾਅਪੂਰਨ ਹਨ, ਜਿੱਥੇ ਪੁਲਿਸ ਵਧੀਕੀਆਂ ਦੇ ਦੋਸ਼ ਲਾਉਣਾ ਦਾ ਸਿਲਸਿਲਾ ਸ਼ੁਰੂ ਹੋਇਆ ਹੈ।
- Download Babushahi App
-
-