Political Special-ਮਿਸ਼ਨ ਪੰਜਾਬ : ਭਾਜਪਾ ਨੇ ਮਨਪ੍ਰੀਤ ਰਾਹੀਂ ਟਿਕਾਈਆਂ ਮਾਲਵਾ ਪੱਟੀ ’ਤੇ ਸਿਆਸੀ ਨਜ਼ਰਾਂ
ਅਸ਼ੋਕ ਵਰਮਾ
ਬਠਿੰਡਾ , 18 ਅਗਸਤ 2026 : ਕੀ ਭਾਜਪਾ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪਾਰਟੀ ਦਾ ਕੌਮੀ ਪ੍ਰਧਾਨ ਬਣਾਕੇ ਪੰਜਾਬ ਦੀ ਸੱਤਾ ਦਾ ਧੁਰਾ ਅਖਵਾਉਂਦੀ ਮਾਲਵਾ ਪੱਟੀ ’ਚ ਆਪਣਾ ਸਿਆਸੀ ਅਧਾਰ ਕਾਇਮ ਕਰਨਾ ਚਾਹੁੰਦੀ ਹੈ। ਹਾਲਾਂਕਿ ਭਾਜਪਾ ਆਪਣੇ ਇਸ ਪੈਂਤੜੇ ’ਚ ਕਿੰਨੀ ਕੁ ਸਫਲਤਾ ਹਾਸਲ ਕਰਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਪਰ ਪੰਜਾਬ ਦੀ ਸੱਤਾ ’ਦੇ ਸੁਫਨੇ ਲੈ ਰਹੀ ਭਗਵਾ ਪਾਰਟੀ ਨੇ ਮਾਲਵੇ ’ਚ ਆਪਣੀ ਪੈਂਠ ਬਨਾਉਣ ਲਈ ਇਹ ਤਾਜਾ ਹੰਭਲਾ ਮਾਰਿਆ ਹੈ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਚੋਂ ਮਾਲਵਾ ਤਕਰੀਬਨ 64 ਹਲਕਿਆਂ ਵਾਲਾ ਫੈਸਲਾਕੁੰਨ ਖਿੱਤਾ ਹੈ ਜਿਸ ’ਤੇ ਭਾਜਪਾ ਨੇ ਅੱਖ ਰੱਖੀ ਹੈ। ਮਨਪ੍ਰੀਤ ਬਾਦਲ ਦੀ ਸਿਆਸੀ ਪੂੰਜੀ ’ਚ ਸਭ ਤੋਂ ਵੱਡੀ ਪ੍ਰਾਪਤੀ ਬਾਦਲ ਪ੍ਰੀਵਾਰ ਨਾਲ ਸਬੰਧਤ ਹੋਣਾ ਹੈ ਜਦੋਂਕਿ ਅਕਾਲੀ ਅਤੇ ਕਾਂਗਰਸੀ ਸਰਕਾਰਾਂ ’ਚ ਕੰਮ ਕਰਨ ਕਰਕੇ ਚੰਗਾ ਪ੍ਰਸ਼ਾਸ਼ਕੀ ਅਤੇ ਮਲਵਈਆਂ ਦੀ ਸਿਆਸੀ ਨਬਜ ਟੋਹਣ ਦਾ ਖਾਸਾ ਤਜ਼ਰਬਾ ਵੀ ਹੈ।
ਸ਼੍ਰੋਮਣੀ ਅਕਾਲੀ ਦਲ ’ਚ ਸਿਆਸੀ ਪਾਰੀ ਸ਼ੁਰੂ ਕਰਨ ਵਾਲੇ ਮਨਪ੍ਰੀਤ ਸਿੰਘ ਬਾਦਲ ਆਪਣੀ ਖੁਦ ਦੀ ਪਾਰਟੀ ਪੀਪਲਜ਼ ਪਾਰਟੀ ਆਫ ਪੰਜਾਬ ਅਤੇ ਕਾਂਗਰਸ ’ਚ ਰਹਿਣ ਤੋਂ ਬਾਅਦ ਭਾਜਪਾ ’ਚ ਮਹੱਤਵਪੂਰਨ ਕੌਮੀ ਜਿੰਮੇਵਾਰੀ ਤੱਕ ਪੁੱਜੇ ਹਨ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਮਨਪ੍ਰੀਤ ਬਾਦਲ ਦੀ ਨਿਯੁਕਤੀ ਨਾਲ ਭਾਜਪਾ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਅਸੰਤੁਸ਼ਟ ਨੇਤਾਵਾਂ ਤੱਕ ਪਹੁੰਚ ਕਰਨ ’ਚ ਸਹਾਇਤਾ ਮਿਲੇਗੀ। ਮਨਪ੍ਰੀਤ ਬਾਦਲ ਦੀ ਇੰਨ੍ਹਾਂ ਪਾਰਟੀਆਂ ਦੇ ਵਰਕਰਾਂ ਨਾਲ ਨੇੜਤਾ ਵੀ ਹੈ ਅਤੇ ਉਨ੍ਹਾਂ ਕੋਲ ਗੱਲ ਰੱਖਣ ਦਾ ਤਰੀਕਾ ਤੇ ਸਲੀਕਾ ਵੀ ਹੈ। ਇੰਨ੍ਹਾਂ ਆਗੂਆਂ ਨਾਲ ਉਨ੍ਹਾਂ ਦੇ ਇਹੋ ਸੰਪਰਕ ਮਾਲਵਾ ਪੱਟੀ ’ਚ ਭਾਰਤੀ ਜੰਤਾ ਪਾਰਟੀ ਨੂੰ ਹੇਠਲੇ ਪੱਧਰ ਦੇ ਇੰਨ੍ਹਾਂ ਵਰਕਰਾਂ ਤੱਕ ਅਸਾਨੀ ਨਾਲ ਪੁੱਜਦੀ ਕਰ ਸਕਦੇ ਹਨ ਜੋ ਆਪੋ ਆਪਣੀਆਂ ਪਾਰਟੀਆਂ ਤੋਂ ਸੰਤੁਸ਼ਟ ਨਹੀਂ ਹਨ। ਦੇਖਿਆ ਜਾਵੇ ਤਾਂ ਪਿਛਲੇ ਸਮੇਂ ਤੋਂ ਭਾਜਪਾ ਨੇ ਆਪਣੀ ਪਾਰਟੀ ਛੱਡਕੇ ਆਏ ਆਗੂਆਂ ਨੂੰ ਤਰਜੀਹ ਵੀ ਦਿੱਤੀ ਹੈ।
ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਉਮੀਦ ਹੈ ਕਿ ਮਨਪ੍ਰੀਤ ਬਾਦਲ ਪਾਰਟੀ ਨੂੰ ਪੇਂਡੂ ਪੰਜਾਬ ਦੀ ਸਿੱਖ ਰਾਜਨੀਤੀ ਸਬੰਧੀ ਘੁਣਤਰਾਂ ਦੱਸਣ ਅਤੇ ਉਸ ਵਿੱਚ ਘੁਸਪੈਠ ਕਰਨ ਦੀਆਂ ਬਰੀਕੀਆਂ ਤੋਂ ਜਾਣੂੰ ਕਰਵਾਉਣ ’ਚ ਸਹਾਈ ਹੋ ਸਕਦੇ ਹਨ। ਇਸ ਤੋਂ ਇਲਾਵਾ ਬੀਜੇਪੀ ਨੂੰ ਇੱਕ ਤਜ਼ਰਬੇਕਾਰ ਪ੍ਰਸ਼ਾਸ਼ਨਿਕ ਪਿਛੋਕੜ ਵਾਲੇ ਪੰਜਾਬੀ ਚਿਹਰੇ ਦਾ ਲਾਭ ਮਿਲਣ ਦੀ ਵੀ ਆਸ ਹੈ ਜਿਸ ਕੋਲ ਨੌਂ ਵਾਰ ਪੰਜਾਬ ਦਾ ਬੱਜਟ ਪੇਸ਼ ਕਰਨ ਦਾ ਰਿਕਾਰਡ ਵੀ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਭਾਜਪਾ ’ਚ ਰਹਿੰਦਿਆਂ ਮਨਪ੍ਰੀਤ ਬਾਦਲ ਸ਼ੋਮਣੀ ਅਕਾਲੀ ਦਲ ਦੇ ਪੁਰਾਣੇ ਲੀਡਰਾਂ ਨਾਲ ਸੰਪਰਕ ਬਣਾਉਂਦੇ ਹਨ ਤਾਂ ਅਕਾਲੀ ਲੀਡਰਸ਼ਿਪ ’ਤੇ ਦਬਾਅ ਬਣ ਸਕਦਾ ਹੈ। ਉਂਜ ਅਜਿਹਾ ਕਰਦਿਆਂ ਮਾਨਸਿਕ ਦਬਾਅ ਦਾ ਸਾਹਮਣਾ ਮਨਪੀਤ ਬਾਦਲ ਨੂੰ ਵੀ ਕਰਨਾ ਪਵੇਗਾ ਕਿਉਂਕਿ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਉਸਦਾ ਚਚੇਰਾ ਭਰਾ ਹੈ ਜਿਸ ਦੇ ਪਿਤਾ ਸਵਰਗੀ ਪ੍ਰਕਾਸ਼ ਸਿੰਘ ਬਾਦਲ ਤੋਂ ਮਨਪ੍ਰੀਤ ਨੇ ਰਾਜਨੀਤੀ ਦੇ ਗੁਰ ਸਿੱਖੇ ਹਨ।
ਇਸ ਮਾਮਲੇ ’ਚ ਹਕੀਕਤ ਇਹ ਵੀ ਹੈ ਕਿ ਭਾਜਪਾ ਦੀ ਹਮਲਾਵਰ ਰਾਜਨੀਤੀ ਮਾਲਵੇ ’ਚ ਕਈ ਮੁਕਾਮੀ ਆਗੂਆਂ ਨੂੰ ਬਦਲ ਵਜੋਂ ਭਾਜਪਾ ਵੱਲ ਆਉਣ ਲਈ ਮਜਬੂਰ ਕਰ ਸਕਦੀ ਹੈ। ਹਾਲਾਂਕਿ ਹੋਰਨਾਂ ਸਿਆਸੀ ਪਾਰਟੀਆਂ ਵਿੱਚ ਇੱਕਦਮ ਵੱਡੀ ਸੰਨ੍ਹ ਲਾਉਣ ਸਬੰਧੀ ਸੋਚਣਾ ਜਲਦਬਾਜੀ ਹੋਵੇਗੀ। ਉਂਜ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਬਠਿੰਡਾ ਸ਼ਹਿਰੀ ਹਲਕੇ ਤੋਂ ਹੋਈ ਕਰਾਰੀ ਹਾਰ ਅਤੇ 2024 ’ਚ ਗਿੱਦੜਬਾਹਾ ਜਿਮਨੀ ਚੋਣ ਦੌਰਾਨ ਮਨਪ੍ਰੀਤ ਬਾਦਲ ਵੱਲੋਂ ਜਿੱਤ ਨਾਂ ਸਕਣਾ ਦੱਸਦਾ ਹੈ ਚੋਣ ਰਾਜਨੀਤੀ ’ਚ ਬਣਿਆ ਪ੍ਰਭਾਵ ਤਬਦੀਲ ਕਰਨਾ ਵੱਡੀ ਚੁਣੌਤੀ ਹੈ। ਉਹ ਵੀ ਉਦੋਂ ਜਦੋਂ ਪੰਜਾਬ ’ਚ ਅਜੇ ਵੀ ਇਹ ਪ੍ਰਭਾਵ ਖਤਮ ਨਹੀਂ ਕੀਤਾ ਜਾ ਸਕਿਆ ਹੈ ਕਿ ਮਨਪ੍ਰੀਤ ਬਾਦਲ ਦੇ ਵਿੱਤ ਮੰਤਰੀ ਹੁੰਦਿਆਂ ਕਈ ਫੈਸਲੇ ਅਜਿਹੇ ਹੋਏ ਹਨ ਜਿੰਨ੍ਹਾਂ ਨੂੰ ਅੱਜ ਵੀ ਕੌੜੀਆਂ ਯਾਦਾਂ ਵਜੋਂ ਚੇਤੇ ਕੀਤਾ ਜਾਂਦਾ ਹੈ। ਇੰਨ੍ਹਾਂ ਕਾਰਨ ਹੀ ਮਨਪ੍ਰੀਤ ਬਾਦਲ 2022 ’ਚ 63,581 ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ।
ਗਠਜੋੜ ’ਚ ਮੱਦਦ ਦੀ ਸੰਭਾਵਨਾ
ਕੌਮੀ ਪ੍ਰਧਾਨ ਵਜੋਂ ਨਿਯੁਕਤੀ ਕਾਰਨ ਮਨਪ੍ਰੀਤ ਬਾਦਲ ਭਾਰਤੀ ਜੰਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਗੱਠਜੋੜ ਲਈ ਗੱਲਬਾਤ ਅਤੇ ਵਿਚੋਲਗਿਰੀ ਕਰਨ ਵਾਸਤੇ ਮਾਧਿਅਮ ਸਕਦੇ ਹਨ। ਜੇਕਰ ਦੋਵਾਂ ਧਿਰਾਂ ਵਿਚਕਾਰ ਗਠਜੋੜ ਹੁੰਦਾ ਹੈ ਤਾਂ ਮਨਪ੍ਰੀਤ ਬਾਦਲ ਦੀ ਆਪਸੀ ਵਿਸ਼ਵਾਸ਼ ਬਹਾਲੀ ’ਚ ਅਹਿਮ ਭੂਮਿਕਾ ਹੋ ਸਕਦੀ ਹੈ। ਹਾਲਾਂਕਿ ਇਸ ਮੌਕੇ ਸੀਟਾਂ ਦੀ ਵੰਡ ਅਤੇ ਬਦਲੀਆਂ ਸਿਆਸੀ ਤਰਜੀਹਾਂ ਤੇ ਇੱਛਾਵਾਂ ਵੱਡੀ ਅੜਚਣ ਖੜ੍ਹੀ ਕਰ ਸਕਦੀਆਂ ਹਨ। ਦੱਸਣਯੋਗ ਹੈ ਕਿ ਭਾਜਪਾ ਹੁਣ ਪੰਜਾਬ ’ਚ ਆਪਣਾ ਦਾਇਰਾ ਮੋਕਲਾ ਕਰਨ ਦੇ ਰੌਂਅ ’ਚ ਹੈ ਜਿਸ ਕਰਕੇ ਪੁਰਾਣੇ ਫਾਰਮੂਲੇ ਤਹਿਤ ਗਠਜੋੜ ਨਹੀਂ ਹੋਵੇਗਾ ਜੋ ਮਨਪ੍ਰੀਤ ਬਾਦਲ ਲਈ ਚੁਣੌਤੀਪੂਰਨ ਹੈ।
ਮਨਪ੍ਰੀਤ ਲਈ ਕੰਡਿਆਂ ਦੀ ਸੇਜ਼
ਬੇਸ਼ੱਕ ਅਗਾਮੀ ਪੰਜਾਬ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਮਨਪ੍ਰੀਤ ਬਾਦਲ ਨੂੰ ਇਹ ਨਵੀਂ ਅਤੇ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਪਰ ਅਸਲ ’ਚ ਇਹ ਕੰਡਿਆਂ ਦੀ ਸੇਜ਼ ਵਾਂਗ ਹੈ। ਸਿਆਸਤ ਦੇ ਜਾਣਕਾਰ ਆਖਦੇ ਹਨ ਕਿ ਕਰੀਬ 4 ਸਾਲ ਲਗਾਤਾਰ ਹਾਸ਼ੀਏ ’ਤੇ ਰਹਿਣ ਕਾਰਨ ਮਨਪ੍ਰੀਤ ਨੂੰ ਹੁਣ ਪੰਜਾਬ ’ਚ ਕਾਫ਼ੀ ਰਣਨੀਤਕ ਕੰਮ ਕਰਨਾ ਪੈਣਾ ਹੈ। ਜੇਕਰ ਮਨਪ੍ਰੀਤ ਸਫਲ ਹੋ ਜਾਂਦੇ ਹਨ ਤਾਂ ਉਨ੍ਹਾਂ ਦਾ ਅਗਲਾ ਸਿਆਸੀ ਕਾਰਜਕਾਲ ਪ੍ਰਭਾਵਸ਼ਾਲੀ ਹੋ ਸਕਦਾ ਹੈ ਜਦੋਂਕਿ ਅਸਫਲਤਾ ਹਾਸ਼ੀਏ ’ਤੇ ਧੱਕ ਸਕਦੀ ਹੈ।
- Download Babushahi App
-
-