Political Special ਨਗਰ ਨਿਗਮ ਚੋਣਾਂ : ਰੁੱਤ ਸਿਆਸੀ ਮੇਲੀਆਂ ਦੀ ਆਈ ਹਰ ਰਾਹ ਵੋਟਰਾਂ ਦੇ ਘਰਾਂ ਵੱਲ ਜਾਵੇ
ਅਸ਼ੋਕ ਵਰਮਾ
ਬਠਿੰਡਾ, 25 ਮਈ 2026 : ਸਿਆਸੀ ਪੱਖ ਤੋਂ ਅਹਿਮ ਮੰਨੇ ਜਾਂਦੇ ਬਠਿੰਡਾ ਨਗਰ ਨਿਗਮ ਦੀ ਚੋਣ ਲਈ ਬੀਤੀ ਦੇਰ ਸ਼ਾਮ ਵੱਡੇ ਢੋਲ ਢਮੱਕੇ ਨਾਲ ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਉਮੀਦਵਾਰਾਂ ਨੇ ਵੋਟਰ ਬਾਦਸ਼ਾਹ ਦੀ ਪ੍ਰਾਹੁਣਚਾਰੀ ਸ਼ੁਰੂ ਕੀਤੀ ਹੋਈ ਹੈ। ਚੋਣ ਲੜ ਰਹੇ ਉਮੀਦਵਾਰਾਂ ਨੇ ਆਖਰੀ ਹੰਭਲਾ ਮਾਰਦਿਆਂ ਵੋਟਰਾਂ ਤੱਕ ਸਿੱਧੀ ਪਹੁੰਚ ਬਨਾਉਣਾ ਦਾ ਸਿਲਸਲਾ ਜਾਰੀ ਹੈ ਅਤੇ ਖਾਣ ਪੀਣ ਦੇ ਸ਼ੌਕੀਨ ਵੋਟਰਾਂ ਲਈ ਭੰਡਾਰੇ ਖੁੱਲ੍ਹੇ ਕਰ ਦਿੱਤੇ ਗਏ ਹਨ। ਬਠਿੰਡਾ ਦੇ 50 ਵਾਰਡਾਂ ਲਈ 26 ਮਈ ਦਿਨ ਮੰਗਲਵਾਰ ਨੂੰ ਵੋਟਾਂ ਪੁਆਈਆਂ ਜਾ ਰਹੀਆਂ ਹਨ। ਇਸ ਸ਼ਹਿਰ ਦੇ ਚੋਣ ਮੈਦਾਨ ਵਿੱਚ ਕੁੱਲ 240 ਉਮੀਦਵਾਰ ਹਨ ਜਦੋਂਕਿ ਸੱਤਾਧਾਰੀ ਧਿਰ ਦਾ ਇੱਕ ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਚੁੱਕਿਆ ਹੈ। ਸ਼ਹਿਰ ਦੇ ਕਈ ਵਾਰਡਾਂ ’ਚ ਅਜਾਦ ਉਮੀਦਵਾਰ ਵੀ ਮੈਦਾਨ ’ਚ ਡਟੇ ਹੋਏ ਹਨ ਜਿੰਨ੍ਹਾਂ ਚੋਂ ਕਈਆਂ ਨੇ ਆਪੋ ਆਪਣੀਆਂ ਪਾਰਟੀਆਂ ਤੋਂ ਟਿਕਟ ਨਾਂ ਦੇਣ ਕਾਰਨ ਬਗਾਵਤ ਕੀਤੀ ਹੋਈ ਹੈ।
ਕਦੇ ਗਲੀ ਮੁਹੱਲਿਆਂ ਦੀਆਂ ਮੰਨੀਆਂ ਜਾਂਦੀਆਂ ਇਨ੍ਹਾਂ ਚੋਣਾਂ ਨੂੰ ਹਰ ਸਿਆਸੀ ਧਿਰ ਨੇ ‘ਨੱਕ ਦਾ ਸਵਾਲ’ ਬਣਾਇਆ ਹੋਇਆ ਹੈ ਜਿਸ ਕਰਕੇ ਜਿੱਤ ਪ੍ਰਾਪਤ ਕਰਨ ਦੇ ਮੰਤਵ ਨਾਲ ਪੈਸਾ ਪਾਣੀ ਵਾਂਗ ਵਹਾਇਆ ਜਾ ਰਿਹਾ ਹੈ। ਇਹ ਨਹੀਂ ਕਿ ਚੋਣ ਪ੍ਰਸ਼ਾਸ਼ਨ ਨੂੰ ਕਿਸੇ ਗੱਲ ਦੀ ਜਾਣਕਾਰੀ ਨਹੀਂ ਬਲਕਿ ਇਸ ਵੰਡ ਵੰਡਾਰੇ ਸਬੰਧੀ ਸ਼ਕਾਇਤ ਨਾਂ ਕਰਨ ਦੇ ਮਾਮਲੇ ’ਚ ਸਿਆਸੀ ਧਿਰਾਂ ਦਾ ਮੂਕ ਸਮਝੌਤਾ ਹੋਣ ਕਾਰਨ ਅਫਸਰ ਵੀ ਚੁੱਪ ਵੱਟੀ ਬੈਠੇ ਹਨ। ਇਸ ਤੋਂ ਜਾਹਰ ਹੈ ਕਿ ਚੋਣਾਂ ਵਾਲਾ ਮੇਲਾ ਲੁੱਟਣ ਲਈ ਹਰ ਰੰਗ ਦੇ ਸਿਆਸੀ ਨੇਤਾ ਆਪਸ ਵਿੱਚ ਘਿਓ ਖਿਚੜੀ ਹਨ। ਸੂਤਰ ਦੱਸਦੇ ਹਨ ਕਿ ਇੱਕ ਅਜਾਦ ਉਮੀਦਵਾਰ ਨੇ ਇੱਕ ਥਾਣੇਦਾਰ ਕੋਲ ਸ਼ਰਾਬ ਵੰਡਣ ਦੀ ਸ਼ਕਾਇਤ ਕੀਤੀ ਤਾਂ ਅੱਗਿਓ ਜਵਾਬ ਸੀ ‘ ਤੂੰ ਵੰਡ ਲੈ’ ਅਸੀਂ ਕਿਹੜਾ ਤੈਨੂੰ ਰੋਕਿਆ ਹੈ। ਲਾਈਨੋਪਾਰ ਇਲਾਕੇ ’ਚ ਤਾਂ ਕਈ ਉਮੀਦਵਾਰਾਂ ਵੱਲੋਂ ਵੋਟਰਾਂ ਲਈ ਸ਼ਰਾਬ ਅਤੇ ਬੀਅਰ ਦਾ ਪ੍ਰਬੰਧ ਕੀਤਾ ਗਿਆ ਹੈ।
ਕਈ ਵਾਰਡਾਂ ’ਚ ਤਾਂ ਉਮੀਦਵਾਰਾਂ ਦੇ ਹਮਾਇਤੀਆਂ ਵੱਲੋਂ ਮੋਹਤਬਰਾਂ ਲਈ ਆਪੋ ਆਪਣੇ ਟਿਕਾਣਿਆਂ ’ਤੇ ਪਾਰਟੀਆਂ ਰੱਖੀਆਂ ਹੋਈਆਂ ਹਨ। ਵੋਟਾਂ ਵਾਲਾ ਦਿਨ ਸਿਰ ’ਤੇ ਹੈ ਜਿਸ ਕਰਕੇ ਹਰ ਸਿਆਸੀ ਧਿਰ ਵਿੱਚ ਡਰ ਦਾ ਮਹੌਲ ਬਣਿਆ ਹੋਇਆ ਹੈ। ਉਮੀਦਵਾਰਾਂ ਵੱਲੋਂ ਵੋਟਾਂ ਦਾ ਮੇਵਾ ਹਾਸਲ ਕਰਨ ਲਈ ਸ਼ੁਰੂ ਕੀਤੀ ਗਈ ਵੋਟਰਾਂ ਦੀ ਟਹਿਲ ਸੇਵਾ ਬੀਤੀ ਦੇਰ ਰਾਤ ਤੱਕ ਜਾਰੀ ਰਹੀ ਅਤੇ ਕਈ ਥਾਵਾਂ ਤੇ ਇਹ ਸਿਲਸਿਲਾ ਅੱਜ ਪੂਰਾ ਦਿਨ ਚੱਲਦਾ ਰੱਖਿਆ ਹੋਇਆ ਸੀ। ਦਿਲਚਸਪ ਪਹਿਲੂ ਇਹ ਵੀ ਹੈ ਕਿ ਜਿਸ ਪ੍ਰੀਵਾਰ ਦੀਆਂ ਜਿੰਨੀਆਂ ਜਿਆਦਾ ਵੋਟਾਂ ਉਸ ਦੀ ਓਨੀ ਹੀ ਖਾਤਰਦਾਰੀ ਵੀ ਵੱਧ ਹੋ ਰਹੀ ਹੈ। ਲਾਈਨੋ ਪਾਰ ਇਲਾਕੇ ਦੇ ਵਾਰਡ ’ਚ ਚੋਣ ਲੜ ਰਹੇ ਇੱਕ ਉਮੀਦਵਾਰ ਦੇ ਸਮਰਥਕ ਨੇ ਮੰਨਿਆ ਕਿ ਜਿਸ ਪ੍ਰੀਵਾਰ ਦੀਆਂ 5 ਵੋਟਾਂ ਹਨ ਉਨ੍ਹਾਂ ਨਾਲ ਨਜਦੀਕੀਆਂ ਵਧਾਈਆਂ ਜਾ ਰਹੀਆਂ ਹਨ ਜਦੋਂਕਿ 3 ਜਾਂ 4 ਵੋਟਾਂ ਵਾਲਾ ਪ੍ਰੀਵਾਰ ਵੀ ਨਿਸ਼ਾਨੇ ’ਤੇ ਰੱਖਿਆ ਜਾ ਰਿਹਾ ਹੈ।
ਉਮੀਦਵਾਰਾਂ ਕੋਲ ਹਰ ਘਰ ਦੇ ਪ੍ਰੀਵਾਰਕ ਮੈਂਬਰਾਂ ਦੀ ਜਾਣਕਾਰੀ ਹੈ ਜਿਸ ਦੇ ਅਧਾਰ ’ਤੇ ਵੋਟਾਂ ਦੀ ਅਪੀਲ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਇੱਕ ਉਮੀਦਵਾਰ ਤਾਂ ਬਜੁਰਗਾਂ ਦੇ ਪੈਰੀਂ ਹੱਥ ਲਾਕੇ ਸਿਆਸੀ ਆਸ਼ੀਰਵਾਦ ਮੰਗ ਰਿਹਾ ਹੈ। ਹੋਰਨਾਂ ਥਾਵਾਂ ’ਤੇ ਪੜ੍ਹਾਈ ਲਈ ਗਏ ਮੁੰਡੇ ਕੁੜੀਆਂ ਜਾਂ ਕਿਸੇ ਆਪਣੇ ਕੰਮਕਾਜੀ ਸਿਲਸਿਲੇ ਤਹਿਤ ਬਾਹਰ ਗਏ ਵੋਟਰਾਂ ਨੂੰ 26 ਮਈ ਵਾਲੇ ਦਿਨ ਵੋਟ ਪਾਉਣ ਲਈ ਆਉਣ ਵਾਸਤੇ ਅਪੀਲਾਂ ਕੀਤੀਆਂ ਜਾ ਰਹੀਆਂ ਹਨ। ਐਤਕੀਂ ਹਰ ਵਾਰਡ ’ਚ ਟੱਕਰ ਹੋਣ ਕਰਕੇ ਬਾਹਰ ਗਏ ਵੋਟਰਾਂ ਨੂੰ ਬਠਿੰਡਾ ਆਉਣ ਲਈ ਕਾਰਾਂ ਭਿਜਵਾਉਣ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਸਖਤ ਮੁਕਾਬਲੇ ਵਾਲੇ ਦੋ ਵਾਰਡਾਂ ’ਚ ਪੇਕੇ ਡਲਿਵਰੀ ਲਈ ਗਈ ਔਰਤਾਂ ਲਈ ਖਾਸ ਇੰਤਜਾਮ ਕੀਤਾ ਗਿਆ ਹੈ। ਮਾਮਲਾ ਇੱਥੋਂ ਤੱਕ ਹੀ ਸੀਮਤ ਨਹੀਂ ਕੌਂਸਲਰ ਦੀ ਚੋਣ ਲਈ ਅਜਿਹੇ ਵਾਰਡਾਂ ’ਚ ਵੋਟਰਾਂ ਨੂੰ ਹੋਰ ਵੀ ਕਈ ਤਰਾਂ ਦਾ ਚੋਗਾ ਪਾਇਆ ਜਾ ਰਿਹਾ ਹੈ।
ਜਿਕਰਯੋਗ ਇਹ ਵੀ ਹੈ ਕਿ ਜਿਹੜੇ ਵਾਰਡਾਂ ’ਚ ਧਨਾਢ ਉਮੀਦਵਾਰ ਚੋਣ ਲੜ ਰਹੇ ਹਨ ਉਨ੍ਹਾਂ ਵਿੱਚ ਤਾਂ ਵੋਟਰਾਂ ਦੀਆਂ ਪੰਜੇ ਘਿਓ ’ਚ ਅਤੇ ਸਿਰ ਕੜਾਹੀ ਵਿੱਚ ਹੈ। ਚੋਣ ਲੜਨ ਵਾਲੇ ਦਿਨ ਤੋਂ ਹੀ ਉਮੀਦਵਾਰਾਂ ਵੱਲੋਂ ਲੰਗਰ ਛਕਣ ਲਈ ਵੋਟਰਾਂ ਨੂੰ ਘਰੋ ਘਰੀਂ ਸੱਦੇ ਭੇਜੇ ਜਾ ਰਹੇ ਹਨ। ਚੋਣਾਂ ਦੇ ਐਲਾਨ ਮਗਰੋਂ ਇੱਕ ਉਮੀਦਵਾਰ ਦੇ ਹਮਾਇਤੀਆਂ ਵੱਲੋਂ ਵੋਟਰਾਂ ਨੂੰ ਸਵੇਰ ਵਕਤ ਆਲੂ ਦੇ ਪਰੌਂਠਿਆਂ ਦਾ ਦਹੀਂ ਨਾਲ ਲਗਾਤਾਰ ਨਾਸ਼ਤਾ ਵਰਤਾਇਆ ਗਿਆ ਜਿਸ ਦੇ ਫਿਲਹਾਲ ਗਿਣਤੀ ਤੱਕ ਚੱਲਣ ਦੀ ਸੰਭਾਵਨਾ ਹੈ। ਉਮੀਦਵਾਰਾਂ ਵੱਲੋਂ ਪਕੌੜਿਆਂ ਦੇ ਲੰਗਰ ਤੋਂ ਇਲਾਵਾ ਸਵੇਰੇ ਸ਼ਾਮ ਦਾਲ ਰੋਟੀ ਚੱਲਦੀ ਹੈ ਜਦੋਂਕਿ ਦਿਨ ਭਰ ਲਾਹੌਰੀ ਜੀਰਾ, ਠੰਢਿਆਂ ਅਤੇ ਚਾਹ ਦਾ ਬੰਦੋਬਸਤ ਕੀਤਾ ਗਿਆ ਹੈ। ਵੱਡੀ ਗੱਲ ਇਹ ਵੀ ਹੈ ਕਿ ਉਮੀਦਵਾਰਾਂ ਦੀ ਇਸ ਦਰਿਆਦਿਲੀ ਜਾਂ ਫਿਰ ਚੋਣ ਮਜਬੂਰੀ ਕਹਿ ਲਓ ਗਰੀਬਾਂ ਨੂੰ ਬੜੀ ਰਾਸ ਆ ਰਹੀ ਹੈ ਜੋ ਸਵੇਰੇ ਸ਼ਾਮ ਸਿਆਸੀ ਲੰਗਰ ਛਕਦੇ ਹਨ।
ਵਾਰਡ 14 ’ਚ ਜਿੱਤ ਸਿੱਧੂਆਂ ਦੀ
ਨਗਰ ਨਿਗਮ ਬਠਿੰਡਾ ਦੇ 14 ਨੰਬਰ ਵਾਰਡ ’ਚ ਕੋਈ ਜਿੱਤੇ ਜਿੱਤ ਦਾ ਸਿਹਰਾ ਕਿਸੇ ਸਿੱਧੂ ਦੇ ਸਿਰ ਸਜਣਾ ਹੈ। ਇਸ ਵਾਰਡ ’ਚ ਅਜਾਦ ਉਮੀਦਵਾਰ ਹਰਪਾਲ ਸਿੰਘ ਸਿੱਧੂ ਨੇ ‘ਬਾਲਟੀ ਚੁੱਕੀ ਹੋਈ ਹੈ ਜਦੋਂਕਿ ਨਰਿੰਦਰ ਸਿੰਘ ਸਿੱਧੂ ਕਾਂਗਰਸੀ ਉਮੀਦਵਾਰ ਹੈ। ਪਰਵਿੰਦਰ ਸਿੰਘ ਨੇ ਝਾੜੂ ਫੜਿਆ ਹੋਇਆ ਹੈ ਅਤੇ ਬਲਵਿੰਦਰ ਸਿੰਘ ਸਿੱਧੂ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਹੈ ਜਦੋਂਕਿ ਭਾਜਪਾ ਤਰਫੋਂ ਮਹਿੰਦਰ ਸਿੰਘ ਸਿੱਧੂ ਚੋਣ ਮੈਦਾਨ ’ਚ ਹੈ।
- Download Babushahi App
-
-