Politcal Special ਬਾਦਲਾਂ ਦੀ ਤਰਜ਼ ’ਤੇ ਸਿਆਸੀ ਲਾਹੇ ਲਈ ‘ਇਸ਼ਕ ਦਾ ਗਿੱੜਧਾ’ ਪੁਆਏਗੀ ਪੰਜਾਬ ਸਰਕਾਰ
ਮਾਮਲਾ ਖੇਡਾਂ ਵਤਨ ਪੰਜਾਬ ਦੀਆਂ ਅਡੀਸ਼ਨ ਦੋ ਦੇ ਉਦਘਾਟਨ ਦਾ
ਅਸ਼ੋਕ ਵਰਮਾ
ਬਠਿੰਡਾ , 31 ਅਗਸਤ 2026 : ਤਕਰੀਬਨ ਇੱਕ ਸਾਲ ਦੇ ਫਰਕ ਨਾਲ 5 ਸਤੰਬਰ ਨੂੰ ਸ਼ੁਰੂ ਹੋ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ 2 ’ ਦੀ ਮੇਜਬਾਨੀ ਬਠਿੰਡਾ ਨੂੰ ਸੌਂਪੀ ਗਈ ਹੈ ਜਿੰਨ੍ਹਾਂ ਦੇ ਉਦਘਾਟਨ ਮੌਕੇ ਨਾਮਵਰ ਪੰਜਾਬੀ ਗਾਇਕ ਗੁਰਦਾਸ ਮਾਨ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਹੋ ਹੀ ਨਹੀਂ ਗਾਇਕ ਕੁਲਵਿੰਦਰ ਬਿੱਲਾ ਵੀ ਇਸ ਮੌਕੇ ਗੀਤਾਂ ਰਾਹੀਂ ਰੰਗ ਬੰਨ੍ਹਣਗੇ ਜਿੰਨ੍ਹਾਂ ਦਾ ਗੀਤ ‘ਨਿਆਈਂ ਵਾਲੇ ਖੇਤ ’ ਕਾਫੀ ਮਸ਼ਹੂਰ ਹੋਇਆ ਸੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਾਦਲਾਂ ਦੀ ਸਿਆਸੀ ਰਾਜਧਾਨੀ ’ਚ ਹੋਣ ਵਾਲੇ ਇਸ ਖੇਡ ਮਹਾਂਕੁੰਭ ਦੇ ਉਦਘਾਟਨ ਨੂੰ ਪੰਜਾਬ ਸਰਕਾਰ ਹਰ ਪੱਖੋਂ ਚਾਰ ਚੰਦ ਲਾਉਣਾ ਚਾਹੁੰਦੀ ਹੈ ਜਿਸ ਕਰਕੇ ਦੋ ਨਾਮੀ ਕਲਾਕਾਰ ਸੱਦੇ ਗਏ ਹਨ। ਜਾਣਕਾਰੀ ਅਨੁਸਾਰ ਗੁਰਦਾਸ ਮਾਨ ਦੇ ਇੱਕ ਸ਼ੋਅ ਦਾ ਰੇਟ ਕਰੀਬ 15 ਤੋਂ 20 ਲੱਖ ਰੁਪਏ ਹੈ ਜਦੋਂਕਿ ਕੁਲਵਿੰਦਰ ਬਿੱਲਾ ਦੇ ਮਾਮਲੇ ’ਚ ਇਹ 5 ਤੋਂ 7 ਲੱਖ ਰੁਪਏ ਦੱਸਿਆ ਜਾ ਰਿਹਾ ਹੈ।
ਸ਼ਾਹੀ ਖਰਚੇ ਨੂੰ ਦੇਖਦਿਆਂ ਜਾਪਦਾ ਹੈ ਕਿ ਸਰਕਾਰੀ ਖਜਾਨੇ ਭਰਪੂਰ ਹੋਣ ਪਰ ਬਕਾਏ ਲਈ ਸੜਕਾਂ ’ਤੇ ਧੱਕੇ ਖਾ ਰਹੇ ਮੁਲਾਜਮ ਇਸ ਤਾਮ ਝਾਮ ’ਤੇ ਪ੍ਰਸ਼ਨ ਚਿੰਨ੍ਹ ਲਾਉਂਦੇ ਹਨ। ਦਿਲਚਸਪ ਗੱਲ ਇਹ ਹੈ ਕਿ ਵਿਰੋਧੀ ਧਿਰ ’ਚ ਹੁੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਗਠਜੋੜ ਸਰਕਾਰ ਵੱਲੋਂ ਕਬੱਡੀ ਕੱਪਾਂ ਮੌਕੇ ਕਲਾਕਾਰ ਸੱਦਣ ਦੀ ਤਿੱਖੀ ਆਲੋਚਨਾ ਕਰਿਆ ਕਰਦੇ ਸਨ। ਜਦੋਂ ਕਾਂਗਰਸ ਸਰਕਾਰ ਦੇ ਰਾਜ ਭਾਗ ਦੌਰਾਨ ਕਰਜਾ ਮੁਆਫੀ ਸਮਾਗਮਾਂ ਮੌਕੇ ਗੁਰਦਾਸ ਮਾਨ ਨੇ ਮਾਨਸਾ ’ਚ ਇਸ਼ਕ ਦਾ ਗਿੱਧਾ ਪਾਇਆ ਸੀ ਤਾਂ ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਹੁਣ ਜਦੋਂ ਆਪਣੀ ਵਾਰੀ ਆਈ ਹੈ ਤਾਂ ਪੰਜਾਬ ਸਰਕਾਰ ਨੇ ਬਾਦਲਾਂ ਅਤੇ ਕੈਪਟਨ ਵਾਲਾ ਰਾਹ ਫੜ ਲਿਆ ਹੈ। ਉੱਪਰੋਂ ਆਏ ਹੁਕਮਾਂ ਤਹਿਤ ਬਠਿੰਡਾ ਦੇ ਬਹੁਮੰਤਵੀ ਖੇਡ ਸਟੇਡੀਅਮ ’ਚ ਹੋਣ ਵਾਲੇ ਉਦਘਾਟਨ ਸਬੰਧੀ ਸਮਾਂਰੋਹਾਂ ਨੂੰ ਚਾਰ ਚੰਦ ਲਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਨੇ ਆਪਣੀ ਸਮੁੱਚੀ ਤਾਕਤ ਝੋਕ ਦਿੱਤੀ ਹੈ।
ਸਟੇਡੀਅਮ ਦੀ ਚਾਰਦਿਵਾਰੀ ਨਵੇਂ ਸਿਰਿਓਂ ਪਲਸਤਰ ਕਰਵਾਈ ਗਈ ਹੈ ਅਤੇ ਹੋਰ ਥਾਈਂ ਰੰਗ ਰੋਗਨ ਕਰਨ ਤੋਂ ਇਲਾਵਾ ਟੁੱਟ ਭੱਜ ’ਤੇ ਪੈਂਚਰ ਵੀ ਲਾਏ ਜਾ ਰਹੇ ਹਨ। ਬਠਿੰਡਾ ’ਚ 19 ਅਗਸਤ ਨੂੰ ਹੋਈ ਭਾਰੀ ਬਾਰਸ਼ ਕਾਰਨ ਧਸੀਆਂ ਇੰਟਰਲਾਕਿੰਗ ਟਾਈਲਾਂ ਨੂੰ ਵੀ ਸਹੀ ਕਰਵਾਇਆ ਗਿਆ ਹੈ। ਅਗਾਮੀ ਚੋਣਾਂ ਤੋਂ ਪਹਿਲਾਂ ਅਜਿਹਾ ਕਰਕੇ ਹਾਕਮ ਧਿਰ ਸਿਆਸੀ ਲਾਹਾ ਲੈਣ ਦੇ ਰੌਂਅ ’ਚ ਨਜ਼ਰ ਆ ਰਹੀ ਹੈ। ਇਹੋ ਕਾਰਨ ਹੈ ਕਿ ਸਮਾਗਮ ’ਚ ਸ਼ਾਮਲ ਹੋਣ ਲਈ ਕੌਮੀ ਅਤੇ ਕੌਮਾਂਤਰੀ ਖਿਡਾਰੀਆਂ ਨੂੰ ਸੱਦੇ ਭੇਜੇ ਗਏ ਹਨ। ਇਸ ਮੌਕੇ ਖੇਡਾਂ ਦੀ ਸ਼ੁਰੂਆਤ ਕਰਨ ਆ ਰਹੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਈ ਵੱਡੇ ਸਿਆਸੀ ਨੇਤਾਵਾਂ ਦੇ ਪੁੱਜਣ ਦੀ ਉਮੀਦ ਹੈ। ਹਾਲਾਂਕਿ ਇਸ ਦੀ ਪੁਸ਼ਟੀ ਤਾਂ ਨਹੀਂ ਹੋ ਸਕੀ ਪਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦਾ ਸ਼ਹਿਰ ਹੋਣ ਕਾਰਨ ਕੁੱਝ ਨਾਮੀ ਕ੍ਰਿਕਟਰਾਂ ਦੇ ਵੀ ਸਮਾਗਮਾਂ ’ਚ ਸ਼ਾਮਲ ਹੋਣ ਦੀ ਚੁੰਝ ਚਰਚਾ ਹੈ।
ਤਿਆਰੀਆਂ ਜਾਰੀ: ਡਿਪਟੀ ਕਮਿਸ਼ਨਰ
ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਕਿਹਾ ਕਿ ’ਖੇਡਾਂ ਵਤਨ ਪੰਜਾਬ ਦੀਆਂ’ ਦੇ 5 ਸਤੰਬਰ ਨੂੰ ਹੋਣ ਵਾਲੇ ਉਦਘਾਟਨੀ ਸਮਾਰੋਹ ਲਈ ਵਿਆਪਕ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ, ‘ਗਾਇਕ ਗੁਰਦਾਸ ਮਾਨ ਅਤੇ ਕੁਲਵਿੰਦਰ ਬਿੱਲਾ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਜਮੀਨੀ ਹਕੀਕਤਾਂ ਤੋਂ ਦੂਰ :ਡੀਟੀਐਫ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਦਾ ਕਹਿਣਾ ਸੀ ਕਿ ਚੋਣਾਂ ਦੌਰਾਨ ਸਿਆਸੀ ਲਾਹਾ ਲੈਣ ਲਈ ਇਕੱਠ ਕਰਨ ਵਾਸਤੇ ਗਾਇਕਾਂ ’ਤੇ ਪੈਸਾ ਪਾਣੀ ਵਾਂਗ ਬਹਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਸਕੂਲੀ ਖੇਡਾਂ ਪ੍ਰਤੀ ਕੋਈ ਧਿਆਨ ਨਹੀਂ ਅਤੇ ਨਾਂਹੀ ਫੰਡ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਇਕਲੌਤੀ ਅਜਿਹੀ ਸਰਕਾਰ ਹੈ ਜੋ ਸਕੂਲਾਂ ’ਚ ਖੇਡ੍ਹਾਂ ਨੂੰ ਪ੍ਰਫੁੱਲਤ ਕਰਨ ਲਈ ਪੈਸਾ ਲਾਉਣ ਦੀ ਥਾਂ ਅਜਿਹੇ ਸਮਾਗਮਾਂ ਦਾ ਡਰਾਮਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਖੇਡਾਂ ਪ੍ਰਤੀ ਸੁਹਿਰਦ ਹੈ ਤਾਂ ਸਕੂਲਾਂ ’ਚ ਬੱਚਿਆਂ ਨੂੰ ਸਹੂਲਤਾਂ ਅਤੇ ਬੁਨਿਆਦੀ ਢਾਂਚਾ ਮੁਹੱਈਆ ਕਰਵਾਏ। ਉਨ੍ਹਾਂ ਦਾਅਵਾ ਕੀਤਾ ਕਿ ਹਜ਼ਾਰਾਂ ਸਕੂਲਾਂ ’ਚ ਸਰੀਰਕ ਸਿੱਖਿਆ ਦਾ ਅਧਿਆਪਕ ਨਹੀਂ ਹੈ ਜਿਨ੍ਹਾਂ ਨੇ ਖਿਡਾਰੀ ਤਰਾਸ਼ਣੇ ਹੁੰਦੇ ਹਨ।
ਫਜ਼ੂਲ ਖਰਚਾ ਗਲ੍ਹਤ: ਭਾਜਪਾ
ਭਾਰਤੀ ਜੰਤਾ ਪਾਰਟੀ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਦਾ ਕਹਿਣਾ ਸੀ ਕਿ ਜਦੋਂ ਕਲਾਕਾਰਾਂ ’ਤੇ ਪੈਸਾ ਲੁਟਾਉਣ ਲਈ ਖਜਾਨੇ ’ਚ ਕੋਈ ਕਮੀ ਨਹੀਂ ਹੈ ਤਾਂ ਆਪਣੇ ਪੈਸੇ ਮੰਗ ਰਹੇ ਸਰਕਾਰੀ ਮੁਲਾਜਮਾਂ ਦਾ ਗਲਾ ਕਾਹਤੋਂ ਘੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਖੇਡਾਂ ਕਰਵਾਉਣ ਦੀ ਹਾਮੀ ਹੈ ਪਰ ਫਜ਼ੂਲ ਖਰਚ ਕਰਨ ਦੀ ਥਾਂ ਇਹੋ ਪੈਸਾ ਖਿਡਾਰੀਆਂ ਨੂੰ ਸਹੂਲਤਾਂ ਅਤੇ ਸਟੇਡੀਅਮਾਂ ਦੀ ਹਾਲਤ ਸੁਧਾਰਨ ਲਈ ਖਰਚਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਾਈਕੋਰਟ ਵੱਲੋਂ ਇਸ਼ਤਿਹਾਰਬਾਜੀ ’ਤੇ ਪਾਬੰਦੀ ਲਾਉਣ ਕਾਰਨ ਹੁਣ ਪੰਜਾਬ ਸਰਕਾਰ ਵਿੰਗੇ ਟੇਢੇ ਢੰਗ ਨਾਲ ਇਹ ਪੈਸਾ ਪਾਰਟੀ ਦੇ ਸਿਆਸੀ ਪ੍ਰਚਾਰ ਲਈ ਵਰਤ ਰਹੀ ਹੈ।
ਯੁੱਧ ਨਸ਼ੇ ਵਿਰੁੱਧ ’ਚ ਸਹਿਯੋਗ
ਆਮ ਆਦਮੀ ਪਾਰਟੀ ਦੇ ਬੁਲਾਰੇ ਅਨਿਲ ਠਾਕੁਰ ਦਾ ਕਹਿਣਾ ਸੀ ਕਿ ਖੇਡਾਂ ਵਤਨ ਪੰਜਾਬ ਦੀਆਂ ਕਰਵਾਉਣ ਦਾ ਮਕਸਦ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਦੀ ਲਾਅਨਤ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ’ਚ ਵੱਡਾ ਪ੍ਰਭਾਵ ਹੋਣ ਕਰਕੇ ਨਾਮੀ ਗਾਇਕ ਗੁਰਦਾਸ ਮਾਨ ਅਤੇ ਕੁਲਵਿੰਦਰ ਬਿੱਲਾ ਪੰਜਾਬ ਸਰਕਾਰ ਦੀ ਯੁੱਧ ਨਸ਼ੇ ਵਿਰੁੱਧ ਮੁਹਿੰਮ ’ਚ ਹਿੱਸਾ ਪਾਉਣ ਆ ਰਹੇ ਹਨ। ਉਨ੍ਹਾਂ ਭਾਜਪਾ ਦੇ ਫਜ਼ੂਲਖਰਚੀ ਦੇ ਦੋਸ਼ਾਂ ਨੂੰ ਨਿਰਅਧਾਰ ਅਤੇ ਬੇਬੁਨਿਆਦ ਦੱਸਿਆ ਹੈ।
- Download Babushahi App
-
-