DTF ਵੱਲੋਂ 23 ਅਗਸਤ ਦੀ ਸਤੌਜ ਰੈਲੀ ਲਈ ਅਧਿਆਪਕਾਂ 'ਚ ਭਾਰੀ ਉਤਸ਼ਾਹ
ਅਸ਼ੋਕ ਵਰਮਾ
ਬਠਿੰਡਾ, 21ਅਗਸਤ 2026 ' ਪੁਰਾਣੀ ਪੈਨਸ਼ਨ ਬਾਹਲੀ ਦੀ ਮੁੱਖ ਮੰਗ ਨੂੰ ਲੈ ਕੇ ਪੁਰਾਣੀ ਪੈਨਸ਼ਨ ਬਹਾਲੀ ਮੰਚ ਵੱਲੋਂ 23 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਵਿੱਚ ਕੀਤੀ ਜਾ ਰਹੀ ਰੈਲੀ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਹਜ਼ਾਰਾਂ ਕਾਰਕੁਨ ਪਹੁੰਚਣਗੇ|ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਬਲਜਿੰਦਰ ਸਿੰਘ ਸਕੱਤਰ ਜਸਵਿੰਦਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਰੀਦਕੋਟ, ਮੁਕਤਸਰ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਫਤਹਿਗੜ ਸਾਹਿਬ, ਲੁਧਿਆਣਾ, ਮਲੇਰਕੋਟਲਾ, ਮੋਗਾ, ਫਿਰੋਜ਼ਪੁਰ, ਜਲੰਧਰ, ਕਪੂਰਥਲਾ, ਗੁਰਦਾਸਪੁਰ, ਅਤੇ ਪਠਾਨਕੋਟ ਜਿਲਿਆ ਵਿੱਚ ਇਸ ਰੈਲੀ ਦੀਆਂ ਤਿਆਰੀਆਂ ਵੱਡੇ ਪੱਧਰ 'ਤੇ ਚੱਲ ਰਹੀਆਂ ਹਨ ਅਤੇ ਸਤੌਜ ਵਿੱਚ ਵੱਡੇ ਕਾਫਲੇ ਪਹੁੰਚਣ ਲਈ ਪੂਰੀ ਵਿਉਂਤਬੰਦੀ ਹੋ ਗਈ ਹੈ |ਇਹਨਾਂ ਜਿਲਿਆ ਵਿੱਚ ਆਗੂਆਂ ਦੀਆਂ ਟੀਮਾਂ ਜ਼ਿਲ੍ਹੇ ਦਾ ਹਰ ਸਕੂਲ ਵਿੱਚ ਜਾ ਕੇ ਅਧਿਆਪਕਾਂ ਨੂੰ ਇਸ ਰੈਲੀ 'ਤੇ ਜਾਣ ਲਈ ਤਿਆਰ ਕਰ ਰਹੀਆਂ ਹਨ|
ਜਥੇਬੰਦੀ ਦੇ ਜਿਲਾ ਮੀਤ ਪ੍ਰਧਾਨ ਵਿਕਾਸ ਗਰਗ ਸਹਾਇਕ ਸਕੱਤਰ ਕੁਲਵਿੰਦਰ ਵਿਰਕ ਵਿੱਤ ਸਕੱਤਰ ਅਨਿਲ ਭੱਟ ਸਕੱਤਰ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੋਟਾਂ ਤੋਂ ਪਹਿਲਾ ਮੁਲਾਜ਼ਮਾਂ ਦੇ ਧਰਨਿਆਂ ਵਿੱਚ ਆ ਕੇ ਮੁਲਾਜ਼ਮਾਂ ਦੀਆਂ ਸਾਰਿਆਂ ਜਾਇਜ਼ ਮੰਗਾਂ ਪੂਰੀਆਂ ਕਰਨ ਦੇ ਵਾਅਦੇ ਕਰਦੇ ਸਨ |ਪਰ ਹੁਣ ਸਾਢੇ ਚਾਰ ਬੀਤ ਜਾਣ 'ਤੇ ਵੀ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਪੁਰਾਣੀ ਪੈਨਸ਼ਨ ਬਹਾਲ ਕਰਨੀ, 18% ਪੈਂਡਿੰਗ ਡੀ.ਏ. ਜਾਰੀ ਕਰਨਾ, 17-07-2020 ਅਤੇ 15-01-2015 ਦੇ ਮੁਲਾਜ਼ਮ ਮਾਰੂ ਪਾਤਰਾਂ ਨੂੰ ਰੱਦ ਕਰਨੇ, ਮੁਲਜ਼ਮਾਂ ਦਾ ਪੇਂਡੂ ਭੱਤੇ ਸਮੇਤ 37 ਤਰਾਂ ਦੇ ਭੱਤੇ ਬਹਾਲ ਕਰਨੇ, ਕੱਚੇ ਮੁਲਾਜ਼ਮ ਅਤੇ ਅਧਿਆਪਕਾ ਜਿਵੇਂ ਕਿ ਮੈਰਿਟੋਰੀਅਸ ਸਕੂਲਾਂ ਦੇ ਅਧਿਆਪਕ , ਕੰਪਿਊਟਰ ਅਧਿਆਪਕ, ਐਨ ਐਸ ਕਿਊ ਐਫ ਅਧੀਨ ਕੰਮ ਕਰਦੇ ਅਧਿਆਪਕ ਪੱਕੇ ਕਰਨੇ, ਪੇ ਕਮਿਸ਼ਨ ਦੇ ਬਕਾਏ ਜਾਰੀ ਕਰਨ ਵਰਗੀਆਂ ਮੰਗਾਂ ਜਿਉਂ ਦੀਆਂ ਤਿਉ ਪੈਂਡਿੰਗ ਪਈਆਂ ਹਨ |
ਬਲਾਕ ਪ੍ਰਧਾਨ ਭੁਪਿੰਦਰ ਮਾਈਸਰਖਾਨਾ, ਭੋਲਾ ਰਾਮ, ਰਾਜਵਿੰਦਰ ਜਲਾਲ ,ਬਲਕਰਨ ਕੋਟਸ਼ਮੀਰ,ਅਤੇ ਜ਼ਿਲ੍ਹਾ ਕਮੇਟੀ ਮੈਂਬਰ ਰਾਮ ਸਿੰਘ ਬਰਾੜ,ਦਰਸ਼ਨ ਸਿੰਘ ਭਗਤਾ, ਜਗਦੀਪ ਸਿੰਘ ਮਾਨ,ਰਣਦੀਪ ਕੌਰ ਖਾਲਸਾ ਅਤੇ ਬਲਜਿੰਦਰ ਕੌਰ ਨੇ ਕਿਹਾ ਕਿ 23 ਅਗਸਤ ਨੂੰ ਉਹ ਸਤੌਜ ਵਿਖੇ ਮੁੱਖ ਮੰਤਰੀ ਦੇ ਪਿੰਡ ਵਿੱਚ ਆਪਣੀਆਂ ਮੰਗਾਂ ਸਤੌਜ ਦੇ ਲੋਕਾਂ ਨੂੰ ਸਤੌਜ ਦੀ ਸੱਥ ਵਿੱਚ ਸੁਣਾਉਣਗੇ ਕਿਉਂ ਕਿ ਚੰਡੀਗੜ੍ਹ ਅਤੇ ਸੰਗਰੂਰ ਵਿਚਲੀ ਰਿਹਾਇਸ਼ 'ਤੇ ਪੁਲਿਸ ਲਾ ਕੇ ਆਮ ਆਦਮੀ ਪਾਰਟੀ ਦੇ ਇਹ ਮੁੱਖ ਮੰਤਰੀ ਖਾਸ ਬਣ ਗਏ ਹਨ।ਆਗੂਆਂ ਨੇ ਕਿਹਾ ਕਿ ਸਤੌਜ ਦੀ ਇਹ ਰੈਲੀ ਲਾ ਮਿਸਾਲ ਹੋਵੇਗੀ ਅਤੇ ਮੁਲਾਜ਼ਮਾਂ ਦੇ ਸੰਘਰਸ਼ ਦਾ ਇੱਕ ਇਤਿਹਾਸਿਕ ਮੀਲ ਪੱਥਰ ਬਣੇਗੀ।
- Download Babushahi App
-
-