Crime Special ਅੰਮ੍ਰਿਤਪਾਲ ਮਹਿਰੋਂ ਤੋਂ ਪੁੱਛਗਿਛ ਰਾਹੀਂ ਪੁਲਿਸ ਫਰੋਲੇਗੀ ਕਮਲ ਕੌਰ ਭਾਬੀ ਕਤਲ ਦੇ ਪੋਤੜੇ
ਅਦਾਲਤ ਨੇ ਮਹਿਰੋਂ ਨੂੰ 5 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ
ਅਸ਼ੋਕ ਵਰਮਾ
ਬਠਿੰਡਾ, 10 ਅਪ੍ਰੈਲ 2026 : ਤਕਰੀਬਨ 10 ਮਹੀਨਿਆਂ ਦੇ ਲੰਬੇ ਇੰਤਜ਼ਾਰ ਮਗਰੋਂ ਆਖਰ ਬਠਿੰਡਾ ਪੁਲਿਸ ਕਮਲ ਕੌਰ ਭਾਬੀ ਕਤਲ ਕਾਂਡ ਦੇ ਮੁੱਖ ਮੁਲਜਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਯੂਏਈ ਤੋਂ ਵਾਪਿਸ ਪੰਜਾਬ ਲਿਆਉਣ ’ਚ ਸਫਲ ਹੋ ਗਈ ਹੈ। ਡੀਐਸਪੀ ਸਿਟੀ ਸਰਬਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਿਸ ਟੀਮ ਸੰਯੁਕਤ ਅਰਬ ਅਮੀਰਾਤ ਦੇ ਅਧਿਕਾਰੀਆਂ ਤੋਂ ਹਵਾਲਗੀ ਹਾਸਲ ਕਰਨ ਤੋਂ ਬਾਅਦ ਭਾਰਤ ਪਹੁੰਚੀ ਜਿੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਡੀਐਸਪੀ ਸਰਬਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਪੁਲਿਸ ਨੇ ਅੱਜ ਮਹਿਰੋਂ ਨੂੰ ਅਦਾਲਤ ’ਚ ਪੇਸ਼ ਕਰਕੇ 7 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ। ਅਦਾਲਤ ਨੇ ਪੁਲਿਸ ਦੀਆਂ ਦਲੀਲਾਂ ਸੁਣਨ ਮਗਰੋਂ ਮਹਿਰੋਂ ਨੂੰ 5 ਦਿਨਾਂ ਦੇ ਰਿਮਾਂਡ ’ਤੇ ਭੇਜਣ ਦੇ ਹੁਕਮ ਦਿੱਤੇ ਹਨ। ਹੁਣ ਪੁਲਿਸ ਰਿਮਾਂਡ ਦੌਰਾਨ ਕਮਲ ਕੌਰ ਭਾਬੀ ਕਤਲ ਨਾਲ ਜੁੜੀਆਂ ਘੁੰਡੀਆਂ ਖੋਹਲਣ ਦਾ ਯਤਨ ਕਰੇਗੀ।
ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਉਰਫ ਕੰਚਨ ਕੁਮਾਰੀ ਨੂੰ ਜੂਨ 2025 ਵਿੱਚ ਕਤਲ ਕਰ ਦਿੱਤਾ ਗਿਆ ਸੀ। ਲੁਧਿਆਣਾ ਦੀ ਕੰਚਨ ਕੁਮਾਰੀ ਨੂੰ ਕਿਸੇ ਪ੍ਰੋਮੋਸ਼ਨਲ ਈਵੈਂਟ ਦੇ ਬਹਾਨੇ ਬਠਿੰਡਾ ਬੁਲਾਇਆ ਅਤੇ 9-10 ਜੂਨ ਦੀ ਰਾਤ ਨੂੰ ਉਸ ਦੀ ਗਲਾ ਘੁੱਟਕੇ ਹੱਤਿਆ ਕਰ ਦਿੱਤੀ ਗਈ ਸੀ। ਮੁਲਜਮਾਂ ਨੇ ਕੰਚਨ ਕੁਮਾਰੀ ਦੀ ਲਾਸ਼ ਆਦੇਸ਼ ਹਸਪਤਾਲ ਦੇ ਬਾਹਰ ਪਾਰਕਿੰਗ ’ਚ ਕਾਰ ਵਿੱਚ ਛੱਡ ਦਿੱਤੀ ਸੀ। ਬਠਿੰਡਾ ਪੁਲੀਸ ਨੇ ਕਤਲ ਦੀ ਵਾਰਦਾਤ ਤੋਂ ਕੁੱਝ ਦਿਨ ਬਾਅਦ ਹੀ ਉਸ ਦੇ ਦੋ ਸਾਥੀਆਂ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲਿਸ ਅਨੁਸਾਰ ਮਹਿਰੋਂ ਰਣਜੀਤ ਸਿੰਘ ਨਾਂ ਦੇ ਇੱਕ ਵਿਅਕਤੀ ਦੀ ਸਹਾਇਤਾ ਨਾਲ ਵਾਰਦਾਤ ਤੋਂ ਕੁੱਝ ਘੰਟਿਆਂ ਬਾਅਦ ਹੀ ਦੇਸ਼ ਛੱਡਕੇ ਭੱਜ ਗਿਆ ਸੀ। ਮਹਿਰੋਂ ਨੇ 10 ਜੂਨ 2025 ਦੀ ਸਵੇਰ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਯੂਏਈ ਜਾਣ ਵਾਲੀ ਫਲਾਈਟ ਰਾਹੀਂ ਉਡਾਰੀ ਮਾਰੀ ਸੀ।
ਜਦੋਂ ਮਹਿਰੋਂ ਪੁਲਿਸ ਦੇ ਹੱਥ ਨਾਂ ਲੱਗਿਆ ਤਾਂ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦਿੱਤਾ ਸੀ। ਮਹਿਰੋਂ ਨੂੰ ਯੂਏਈ ਪੁਲਿਸ ਨੇ ਇਸ ਸਾਲ ਜਨਵਰੀ ਮਹੀਨੇ ਵੀਜ਼ਾ ਨਾਲ ਜੁੜੇ ਮਾਮਲੇ ਤਹਿਤ ਹਿਰਾਸਤ ’ਚ ਲੈ ਲਿਆ ਪਰ ਭਾਰਤ ਲਿਆਉਣ ਦੀ ਪ੍ਰਕਿਰਿਆ ਮੁਕੰਮਲ ਕਰਨ ’ਚ ਸਮਾਂ ਲੱਗ ਗਿਆ। ਮੰਨਿਆ ਜਾਂਦਾ ਹੈ ਕਿ ਮਹਿਰੋਂ ਇਸ ਲਈ ਫਰਾਰ ਹੋਇਆ ਕਿਉਂਕਿ ਉਸ ਨੂੰ ਖਦਸ਼ਾ ਸੀ ਕਿ ਪੁਲਿਸ ਉਸ ਖਿਲਾਫ ਕੋਈ ਲੁੱਕ-ਆਊਟ ਸਰਕੂਲਰ ਜਾਰੀ ਕਰ ਸਕਦੀ ਹੈ। ਪੰਜਾਬ ਪੁਲਿਸ ਨੇ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਮਿਲਕੇ ਮਿਡਲ ਈਸਟ ’ਚ ਮਹਿਰੋਂ ਦੇ ਟਿਕਾਣੇ ਦੀ ਸ਼ਿਨਾਖਤ ਕਰ ਲਈ ਅਤੇ ਉਸ ਨੂੰ ਡਿਪੋਰਟ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ ਜਿਸ ਦੇ ਅਧਾਰ ’ਤੇ ਉਸ ਨੂੰ ਹਿਰਾਸਤ ’ਚ ਲੈ ਕੇ ਭਾਰਤ ਡਿਪੋਰਟ ਕਰ ਦਿੱਤਾ। ਅੱਜ ਸਵੇਰੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਉੱਤਰਨ ਪਿੱਛੋਂ ਮਹਿਰੋਂ ਨੂੰ ਗ੍ਰਿਫਤਾਰ ਕਰ ਲਿਆ।
ਪੰਜ ਦਿਨ ਦਾ ਪੁਲਿਸ ਰਿਮਾਂਡ
ਸਰਕਾਰੀ ਪੱਖ ਦੇ ਵਕੀਲ ਐਡਵੋਕੇਟ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਅਦਾਲਤ ਤੋਂ ਇਸ ਕਤਲ ਕਾਂਡ ਵਿੱਚ ਸ਼ਾਮਲ ਇੱਕ ਅਣਪਛਾਤੇ ਅਤੇ ਕਮਲ ਕੌਰ ਭਾਬੀ ਦੇ ਮੋਬਾਈਲ ਫੋਨ ਬਰਾਮਦ ਕਰਨ ਦੀ ਮੰਗ ਨੂੰ ਲੈਕੇ ਸੱਤ ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਪੰਜ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਪੁਲਿਸ ਨੂੰ ਅੰਮ੍ਰਿਤਪਾਲ ਮਹਿਰੋ ਦਾ ਹਰ 48 ਘੰਟੇ ਬਾਅਦ ਮੈਡੀਕਲ ਕਰਵਾਉਣ ਦੀ ਹਦਾਇਤ ਦਿੱਤੀ ਹੈ। ਡੀਐਸਪੀ ਸਰਬਜੀਤ ਸਿੰਘ ਬਰਾੜ ਦਾ ਕਹਿਣਾ ਸੀ ਕਿ ਪੁਲਿਸ ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛਗਿਛ ਕਰੇਗੀ।
ਮਹਿਰੋਂ ਨੇ ਲੁੱਕ ਤੇ ਠੁੱਕ ਬਦਲੀ
ਪੁਲਿਸ ਹਿਰਾਸਤ ’ਚ ਮੁਲਕ ਪੁੱਜੇ ਅੰਮ੍ਰਿਤਪਾਲ ਮਹਿਰੋਂ ਦੀ ਲੁੱਕ ਅਤੇ ਠੁੱਕ ਪੂਰੀ ਤਰਾਂ ਬਦਲੀ ਹੋਈ ਸੀ। ਇਸ ਸਬੰਧੀ ਸਾਹਮਣੇ ਆਈਆਂ ਤਸਵੀਰਾਂ ਨੂੰ ਦੇਖਕੇ ਲੋਕ ਦੰਗ ਰਹਿ ਗਏ ਹਨ। ਮਹਿਰੋਂ ਨੇ ਨਿਹੰਗਾਂ ਵਾਲੇ ਬਾਣੇ ਦੀ ਥਾਂ ਬਰਾਂਡਡ ਕੰਪਨੀ ਦੀ ਮਹਿੰਗੀ ਟੀ ਸ਼ਰਟ ਅਤੇ ਸ਼ਾਨਦਾਰ ਲੋਅਰ ਪਹਿਨੀ ਹੋਈ ਸੀ। ਇਹੋ ਹੀ ਨਹੀਂ ਮਹਿਰੋਂ ਦੇ ਪੈਰਾਂ ’ਚ ਪਾਏ ਸਪੋਰਟਸ ਸ਼ੂਅ ਆਪਣੀ ਕੀਮਤ ਖੁਦ ਬਿਆਨ ਕਰ ਰਹੇ ਸਨ। ਨਿਹੰਗਾਂ ਵਾਲੀ ਦਸਤਾਰ ਸਜਾਉਣ ਦੀ ਥਾਂ ਚਿੱਟੇ ਰੰਗ ਦਾ ਕੱਪੜਾ ਬੰਨਿ੍ਹਆ ਹੋਇਆ ਸੀ। ਮਹਿਰੋਂ ਨੇ ਆਪਣਾ ਮੂੰਹ ਵੀ ਸਫੇਦ ਰੰਗ ਦੇ ਕੱਪੜੇ ਨਾਲ ਢਕਿਆ ਹੋਇਆ ਸੀ। ਦਿਲਚਸਪ ਗੱਲ ਇਹ ਵੀ ਹੈ ਕਿ ਅੰਮ੍ਰਿਤਪਾਲ ਮਹਿਰੋਂ ਆਪਣੇ ਨਹਿੰਗ ਵਾਲੇ ਬਾਣੇ ਨੂੰ ਜਾਨ ਨਾਲੋਂ ਵੱਧ ਪਿਆਰ ਕਰਨ ਵਾਲੇ ਵਜੋਂ ਜਾਣਿਆ ਜਾਂਦਾ ਸੀ।
ਅਸ਼ਲੀਲ ਕੰਟੈਂਟ ਕਾਰਨ ਕਤਲ
ਕਮਲ ਕੌਰ ਭਾਬੀ ਦੇ ਨਾਮ ਨਾਲ ਮਕਬੂਲ ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ‘ਲੱਚਰ ਤੇੇ ਭੱਦੀ ਸ਼ਬਦਾਵਲੀ’ ਵਾਲਾ ਮਸਾਲਾ ਪਾਉਂਦੀ ਸੀ ਜਿਸ ਨੂੰ ਲੈਕੇ ਅੰਮ੍ਰਿਤਪਾਲ ਮਹਿਰੋਂ ਨਰਾਜ਼ ਹੋ ਗਿਆ ਸੀ। ਇਸੇ ਨਰਾਜ਼ਗੀ ਤਹਿਤ ਮਹਿਰੋਂ ਅਤੇ ਉਸ ਦੇ ਸਾਥੀਆਂ ਨੇ ਕੰਚਨ ਕੁਮਾਰੀ ਦੀਆਂ ਸਰਗਰਮੀਆਂ ਦੀ ਰੇਕੀ ਕੀਤੀ ਅਤੇ ਬਠਿੰਡਾ ਲਿਆਉਣ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਸੀ। ਪੁਲਿਸ ਦਾ ਵੀ ਇਹੋ ਕਹਿਣਾ ਸੀ ਕਿ ਕਾਤਲਾਂ ਨੂੰ ਗੁੱਸਾ ਸੀ ਕਿ ਕੰਚਨ ਕੁਮਾਰੀ ਸੋਸ਼ਲ ਮੀਡੀਆ ’ਤੇ ਲੱਚਰਤਾ ਪਰੋਸ ਰਹੀ ਹੈ ਜਿਸ ਕਰਕੇ ਉਸ ਦਾ ਕਤਲ ਕੀਤਾ ਗਿਆ ਹੈ। ਮਹਿਰੋਂ ਨੇ ਵੀਡੀਓ ਜਾਰੀ ਕਰਕੇ ਸੋਸ਼ਲ ਮੀਡੀਆ ’ਤੇ ਅਜਿਹੀ ਵੀਡੀਓ ਪਾਉਣ ਵਾਲਿਆਂ ਨੂੰ ਸੋਧਣ ਦੀਆਂ ਧਮਕੀਆਂ ਵੀ ਦਿੱਤੀਆਂ ਸਨ।
- Download Babushahi App
-
-