AIIMS ਬਠਿੰਡਾ ਦੇ ਮਰੀਜਾਂ ਅਤੇ Attendents ਲਈ ਖੁਸ਼ਖਬਰੀ — ਮਰੀਜ਼ਾਂ ਲਈ ਬਣਿਆ ਨਵਾਂ ਕੇਅਰ ਸੈਂਟਰ ਚਾਲੂ
ਅਮਰਿਤ ਪਾਲ ਸਿੱਧੂ
ਬਠਿੰਡਾ, 7 ਦਸੰਬਰ 2025
ਧਾਰਮਿਕ ਰਸਮਾਂ ਤੇ ਸ਼ਰਧਾ ਨਾਲ AIIMS ਵੇਦ ਕੁਮਾਰੀ ਮਿੱਤਲ ਪੇਸ਼ੈਂਟ ਕੇਅਰ ਸੈਂਟਰ ਹੋਮ, ਜੋ 13 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ, ਅੱਜ ਲੋਕਾਂ ਲਈ ਖੋਲ੍ਹ ਦਿੱਤਾ ਗਿਆ।
ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਖਸੀਅਤਾਂ ਨੇ ਹਾਜ਼ਰੀ ਭਰੀ—ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਇਲਾਕਾ ਐਮਐਲਏ ਜਗਰੂਪ ਸਿੰਘ ਗਿੱਲ, ਸਾਬਕਾ ਮੇਅਰ ਬਲਜੀਤ ਸਿੰਘ ਬਿੜ ਬਹਿਮਣ ਸਮੇਤ ਕਈ ਹੋਰ ਮਾਣਯੋਗ ਹਸਤੀਆਂ ਮੌਜੂਦ ਰਹੀਆਂ।
AIIMS ਦੇ ਡਾਇਰੈਕਟਰ ਡਾ. ਰਤਨ ਗੁਪਤਾ, ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ IAS, DIG ਹਰਜੀਤ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੋੰਡਲ, ਐਮਐਲਏ ਅਮਿਤ ਰਤਨ, ਸਾਬਕਾ ਐਮਐਲਏ ਹਰਦੇਵ ਸਿੰਘ ਅਰਸ਼ੀ, ਸਾਬਕਾ ਐਮਐਲਏ ਰੂਬੀ, ਜ਼ਿਲ੍ਹਾ BJP ਪ੍ਰਧਾਨ ਸਰੂਪ ਚੰਦ ਸਿੰਗਲਾ, ਇਲਾਕੇ ਦੇ ਸਮਾਜ ਸੇਵਕ, ਧਾਰਮਿਕ ਅਤੇ ਸਿੱਖਿਆ ਸੰਸਥਾਵਾਂ ਦੇ ਨੁਮਾਇੰਦੇ, ਨੇੜਲੇ ਪਿੰਡਾਂ ਦੇ ਸਰਪੰਚ ਅਤੇ ਸੈਂਕੜੇ ਲੋਕ ਇਸ ਸਮਾਗਮ ਵਿੱਚ ਸ਼ਾਮਲ ਹੋਏ।
ਮਿੱਤਲ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਰਜਿੰਦਰ ਮਿੱਤਲ ਨੇ ਦੱਸਿਆ ਕਿ AIIMS ਵੇਦ ਕੁਮਾਰੀ ਮਿੱਤਲ ਪੇਸ਼ੈਂਟ ਸੈਂਟਰ ਹੋਮ ਉਸ ਦੀ ਮਾਤਾ ਦਾ ਸੁਪਨਾ ਸੀ। ਇਹ ਪ੍ਰੋਜੈਕਟ 13 ਕਰੋੜ ਰੁਪਏ ਦੀ ਲਾਗਤ ਨਾਲ, ਗਰੁੱਪ ਦੀ ਦ੍ਵਾਰਕਾ ਦਾਸ ਮਿੱਤਲ ਚੈਰਿਟੇਬਲ ਟਰਸਟ ਵੱਲੋਂ, ਬਿਨਾਂ ਕਿਸੇ ਬਾਹਰੀ ਵਿੱਤੀ ਸਹਾਇਤਾ ਦੇ ਪੂਰਾ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਧਰਮਸ਼ਾਲਾ ਵਿੱਚ 63 ਕਮਰਿਆਂ ਵਿੱਚ 256 ਬਿਸਤਰੇ ਹਨ, ਜਿਨ੍ਹਾਂ ਵਿੱਚ AC ਅਤੇ Non-AC ਦੋਵੇਂ ਤਰ੍ਹਾਂ ਦੇ ਕਮਰੇ ਹਨ। ਇਸ ਤੋਂ ਇਲਾਵਾ, ਪੁਰਸ਼ਾਂ ਅਤੇ ਔਰਤਾਂ ਲਈ ਵੱਖ-ਵੱਖ ਡਾਰਮਟਰੀਆਂ, ਜਿਨ੍ਹਾਂ ਵਿੱਚ 100 ਤੋਂ ਵੱਧ ਬਿਸਤਰੇ ਹਨ, ਬਣਾਈਆਂ ਗਈਆਂ ਹਨ।
ਉਨ੍ਹਾਂ ਹੋਰ ਦੱਸਿਆ,
“ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਖੁੰਝ-ਪੀਣ ਦੀ ਵਧੀਆ ਸਹੂਲਤ ਮੁਹੱਈਆ ਕਰਨ ਲਈ 80 ਲੋਕਾਂ ਦੀ ਸਮਰੱਥਾ ਵਾਲਾ ਏਅਰ-ਕੰਡੀਸ਼ਨਡ ਰੈਸਟੋਰੈਂਟ ਅਤੇ 200 ਲੋਕਾਂ ਲਈ ਲੰਗਰ ਹਾਲ ਸਥਾਪਤ ਕੀਤਾ ਗਿਆ ਹੈ।”
ਧਰਮਸ਼ਾਲਾ ਦੇ ਅੰਦਰ 100 ਲੋਕਾਂ ਦੀ ਸਮਰੱਥਾ ਵਾਲਾ ਵੇਟਿੰਗ ਏਰੀਆ ਵੀ ਤਿਆਰ ਕੀਤਾ ਗਿਆ ਹੈ।
ਰਜਿੰਦਰ ਮਿੱਤਲ ਨੇ ਜ਼ੋਰ ਦਿੱਤਾ ਕਿ ਸਾਫ਼–ਸਫ਼ਾਈ ਅਤੇ ਸੇਵਾਵਾਂ ਸਹਿਜਤਾ ਨਾਲ ਚਾਲੂ ਰੱਖਣ ਲਈ ਰਹਾਇਸ਼ ਦੇ ਚਾਰਜ ਬਹੁਤ ਘੱਟ ਰੱਖੇ ਗਏ ਹਨ।