ਹਰ ਪ੍ਰਕਾਰ ਦੇ ਹੰਗਾਮੀ ਹਾਲਾਤਾਂ ਨਾਲ ਨਜਿੱਠਣ ਲਈ ਬਠਿੰਡਾ ਵਿਖੇ ਕਰਵਾਈ ਮੌਕ ਡਰਿੱਲ
ਅਸ਼ੋਕ ਵਰਮਾ
ਬਠਿੰਡਾ, 24 ਅਪ੍ਰੈਲ 2026 : ਭਾਰਤ ਸਰਕਾਰ ਵਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਭਵਿੱਖ ਵਿੱਚ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀ ਰਹਿਨੁਮਾਈ ਹੇਠ ਅੱਜ ਇਥੇ ਸਥਾਨਕ ਪੁੱਡਾ ਮਾਰਕੀਟ 100 ਫੁੱਟ ਰੋਡ ਵਿਖੇ ਮੌਕ ਡਰਿੱਲ ਅਭਿਆਸ ਕਰਵਾਏ ਗਏ, ਜੋ ਕਿ ਸਫਲ ਰਹੀ। ਇਹ ਜਾਣਕਾਰੀ ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ. ਬਲਕਰਨ ਸਿੰਘ ਮਾਹਲ ਨੇ ਸਾਂਝੀ ਕੀਤੀ।
ਉਹਨਾਂ ਦੱਸਿਆ ਕਿ ਰਾਤ 8 ਵਜੇ ਸਾਇਰਨ ਵੱਜਿਆ, ਬਿਜਲੀ ਬੰਦ ਕਰ ਦਿੱਤੀ ਗਈ, ਲੋਕਾਂ ਨੂੰ ਸਹਿਯੋਗ ਕਰਨ ਅਤੇ ਆਪਣੀਆਂ ਲਾਈਟਾਂ ਬੰਦ ਰੱਖਣ ਲਈ ਕਿਹਾ ਗਿਆ। ਜਿਵੇਂ ਹੀ ਸਾਇਰਨ ਵੱਜਿਆ, ਸਾਰੇ ਵਿਭਾਗ ਹਰਕਤ ਵਿੱਚ ਆ ਗਏ। ਸਿਵਲ ਡਿਫੈਂਸ ਵਲੰਟੀਅਰ, ਐਨ.ਡੀ.ਆਰ.ਐਫ.ਟੀਮ, ਫੌਜ ਦੀ ਟੀਮ, ਫਾਇਰ ਬ੍ਰਿਗੇਡ, ਹੋਮਗਾਰਡ ਜਵਾਨ ਅਤੇ ਪੁਲਿਸ ਬਚਾਅ ਲਈ ਪਹੁਚੇ। ਐਂਬੂਲੈਂਸਾਂ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਆਈਆਂ ਅਤੇ ਮਰੀਜ਼ਾਂ/ਪੀੜਤਾਂ ਨੂੰ ਤੁਰੰਤ ਹਸਪਤਾਲ ਲੈ ਗਈਆਂ।
ਮੌਕ ਡਰਿੱਲ ਮੌਕੇ ਸੰਕਟ ਕਾਲ ਦੌਰਾਨ ਵੱਖ ਵੱਖ ਪਹਿਲੂਆਂ ਨਾਲ ਨਜਿੱਠਣ ਲਈ ਸਬੰਧੀ ਨਿਰਦੇਸ਼ ਦਿੱਤੇ ਗਏ। ਇਸ ਸਬੰਧੀ ਸਿਵਲ ਡਿਫੈਂਸ, ਮੈਡੀਕਲ ਟੀਮਾਂ, ਸਿਵਲ ਅਤੇ ਪੁਲਿਸ ਵਿਭਾਗ, ਦੇ ਅਧਿਕਾਰੀਆਂ ਨੂੰ ਮੌਕ ਡਰਿੱਲ ਕਰਵਾ ਕੇ ਟਰੇਨਿੰਗ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸੰਕਟ ਆਉਂਦਾ ਹੈ ਤਾਂ ਕਿਸੇ ਕਿਸਮ ਦੀ ਘਬਰਾਉਣ ਦੀ ਜਰੂਰਤ ਨਹੀਂ।
ਇਸ ਦੌਰਾਨ ਕੰਪਨੀ ਕਮਾਂਡਰ ਸਿਵਲ ਡਿਫੈਂਸ ਸੁਖਦੀਪ ਸਿੰਘ ਨੇ ਕਿਹਾ ਕਿ ਭਵਿੱਖ ਵਿੱਚ ਜਦੋਂ ਵੀ ਅਜਿਹਾ ਸਾਇਰਨ ਵੱਜੇ ਤਾਂ ਉਸ ਤੋਂ ਬਾਅਦ ਆਮ ਜਨਤਾ ਕੋਲੋਂ ਇਹ ਆਸ ਰੱਖੀ ਜਾਂਦੀ ਹੈ ਕਿ ਉਹ ਇਹ ਆਵਾਜ਼ ਸੁਣਦੇ ਸਾਰ ਉੱਚੀਆਂ ਇਮਾਰਤਾਂ ਵਿੱਚੋਂ ਨਿਕਲ ਕੇ ਕਿਸੇ ਜ਼ਮੀਨ ਜਾਂ ਜਮੀਨ ਦੋਜ ਟਿਕਾਣੇ ਉੱਤੇ ਪਹੁੰਚ ਜਾਣ, ਜੇਕਰ ਉਹਨਾਂ ਕੋਲ ਉੱਥੇ ਕੋਈ ਛੱਤ ਨਹੀਂ ਹੈ ਤਾਂ ਉਹ ਦਰਖਤ ਦੇ ਹੇਠਾਂ ਬੈਠ ਜਾਣ, ਜੋ ਲੋਕ ਇਮਾਰਤਾਂ ਦੇ ਵਿੱਚ ਰਹਿ ਰਹੇ ਹੋਣਗੇ ਉਹ ਖਿੜਕੀਆਂ ਅਤੇ ਖਾਸ ਕਰਕੇ ਸ਼ੀਸ਼ੇ ਤੋਂ ਦੂਰ ਹੋ ਜਾਣ।
ਇਸ ਮੌਕ ਡਰਿੱਲ ਮੌਕੇ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਤੋਂ ਇਲਾਵਾ ਐਨਡੀਆਰਐਫ, ਹੋਮਗਾਰਡ ਜਵਾਨਾਂ, ਐਨਸੀਸੀ ਕੈਡਿਟ ਤੇ ਯੁਵਕ ਸੇਵਾਵਾਂ ਦੇ ਮੈਂਬਰਾਂ ਵਲੋਂ ਸ਼ਮੂਲੀਅਤ ਕਰਕੇ ਆਪਣੀਆਂ ਸੇਵਾਵਾਂ ਬਾਖੂਬੀ ਨਿਭਾਈਆਂ ਗਈਆ।
Click to Follow Babushahi Facebook page →