ਹਰਿਆਣਾ ਤੋਂ ਆ ਰਹੀ ਪਿੱਕ ਅੱਪ ਚੋਂ ਭਾਰੀ ਮਾਤਰਾ ਵਿੱਚ ਪਾਬੰਦੀਸ਼ੁਦਾ Glyphosate ਦਵਾਈ ਬਰਾਮਦ
ਅਸ਼ੋਕ ਵਰਮਾ
ਬਠਿੰਡਾ, 1 ਜਨਵਰੀ :2026: ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਹਰਬੰਸ ਸਿੰਘ ਸਿੱਧੂ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਵਿਖੇ ਕੁਆਲਿਟੀ ਕੰਟਰੋਲ ਲਈ ਬਣਾਈ ਗਈ ਜ਼ਿਲ੍ਹਾ ਪੱਧਰੀ ਸਮੁੱਚੀ ਟੀਮ ਵੱਲੋਂ ਸਪੈਸ਼ਲ ਚੈਕਿੰਗ ਮੁਹਿੰਮ ਤਹਿਤ ਜ਼ਿਲ੍ਹੇ ਦੇ ਰਾਮਾਂ ਮੰਡੀ, ਨੇੜੇ ਗਾਂਧੀ ਚੌਕ ਵਿਖੇ ਕਾਲਿਆਂ ਵਾਲੀ (ਹਰਿਆਣਾ) ਤੋਂ ਆ ਰਹੀ ਇੱਕ ਮਹਿੰਦਰਾ ਪਿੱਕ ਅੱਪ ਗੱਡੀ ਰੋਕ ਕੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਗੱਡੀ ਵਿੱਚੋਂ ਪਾਬੰਦੀਸ਼ੁਦਾ ਨਦੀਨਾਸ਼ਕ ਦਵਾਈ Ammonium salt of Glyphosate 71% SG ਅਤੇ 41% SL (Roundup) ਭਾਰੀ ਮਾਤਰਾ ਵਿੱਚ ਬਰਾਮਦ ਕੀਤੀ ਗਈ, ਜੋ ਕਿ ਸਮਾਜ ਵਿੱਚ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਨੂੰ ਜਨਮ ਦਿੰਦੀ ਹੈ ਅਤੇ ਧਰਤੀ ਨੂੰ ਬੰਜਰ ਬਣਾਉਂਦੀ ਹੈ।
ਉਕਤ ਨਦੀਨ-ਨਾਸ਼ਕ ਨੂੰ ਬਰਾਮਦ ਕਰਨ ਉਪਰੰਤ ਟੀਮ ਵੱਲੋਂ ਇੰਨਸੈਕਟੀਸਾਈਡ ਐਕਟ 1968 ਦੇ ਤਹਿਤ ਕਾਰਵਾਈ ਕਰਦੇ ਹੋਏ ਨਮੂਨੇ ਭਰੇ ਗਏ ਅਤੇ ਉਸ ਤੋਂ ਬਾਅਦ ਸਬੰਧਤ ਨਦੀਨ-ਨਾਸ਼ਕ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਐਫ.ਆਈ.ਆਰ. ਦਰਜ ਕਰਵਾਈ ਗਈ।
ਇਸ ਕੀਟਨਾਸ਼ਕ ਦੇ ਸਬੰਧ ਵਿੱਚ ਇੰਨਸੈਕਟੀਸਾਈਡ ਐਕਟ ਅਤੇ ਰੂਲਜ਼ ਅਨੁਸਾਰ ਬਣਦੀ ਯੋਗ ਕਾਰਵਾਈ ਕੀਤੀ ਜਾ ਰਹੀ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਵੱਲੋਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਨਦੀਨਨਾਸ਼ਕ ਦੀ ਵਰਤੋਂ ਨਾ ਕਰਨ। ਉਨ੍ਹਾਂ ਨਦੀਨਨਾਸ਼ਕ ਵਿਕਰੇਤਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਹ ਨਦੀਨਨਾਸ਼ਕ ਨਾ ਵੇਚਣ ਨਹੀਂ ਤਾਂ ਵਿਭਾਗ ਵੱਲੋਂ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਚੈਕਿੰਗ ਟੀਮ ਵਿੱਚ ਡਾ. ਦਵਿੰਦਰ ਸਿੰਘ ਸੰਧੂ, ਸਹਾਇਕ ਪੌਦਾ ਸੁਰੱਖਿਆ ਅਫਸਰ ਬਠਿੰਡਾ ਬਤੌਰ ਟੀਮ ਇੰਚਾਰਜ ਸਨ ਅਤੇ ਡਾ.ਮਨਦੀਪ ਸਿੰਘ ਏ.ਡੀ.ਓ(ਪੀ.ਪੀ) ਬਠਿੰਡਾ, ਡਾ.ਗੁਰਕੰਵਲ ਸਿੰਘ ਏ.ਡੀ.ਓ.(ਪੀ.ਪੀ) ਤਲਵੰਡੀ ਸਾਬੋ, ਸ੍ਰੀ ਗੁਰਦੀਪ ਸਿੰਘ ਬੇਲਦਾਰ ਬਠਿੰਡਾ ਅਤੇ ਸ੍ਰੀ ਬਲਕੌਰ ਸਿੰਘ ਬੇਲਦਾਰ ਤਲਵੰਡੀ ਸਾਬੋ ਆਦਿ ਸ਼ਾਮਿਲ ਸਨ।