ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਸਮੇਤ ਸਾਰੇ ਸਿਆਸੀ ਕੈਦੀ ਰਿਹਾਅ ਕਰਨ ਦੀ ਮੰਗ
ਅਸ਼ੋਕ ਵਰਮਾ
ਬਰਨਾਲਾ, 18 ਨਵੰਬਰ 2025: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹਾਦਤ ਮੌਕੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਮਨਜੀਤ ਧਨੇਰ, ਗੁਰਦੀਪ ਸਿੰਘ ਰਾਮਪੁਰਾ, ਕੁਲਵੰਤ ਸਿੰਘ ਕਿਸ਼ਨਗੜ੍ਹ, ਅੰਗਰੇਜ਼ ਸਿੰਘ ਭਦੌੜ, ਮੱਖਣ ਸਿੰਘ ਭੈਣੀਬਾਘਾ ਅਤੇ ਭਰਾਤਰੀ ਜਥੇਬੰਦੀ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਮੰਡੀਕਲਾਂ ਨੇ ਕੀਤੀ। ਸੈਮੀਨਾਰ ਕਰਨ ਉਪਰੰਤ ਸ਼ਹਿਰ ਵਿੱਚ ਮਾਰਚ ਕੀਤਾ ਗਿਆ।
ਇਸ ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਵਿਚਾਰ ਪੇਸ਼ ਕਰਦਿਆਂ ਸੂਬਾ ਆਗੂ ਅੰਗਰੇਜ਼ ਸਿੰਘ ਭਦੌੜ ਨੇ ਸਿੱਖ ਇਤਿਹਾਸ ਖਾਸ ਕਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ, ਸੇਧ, ਜ਼ਬਰ ਜ਼ੁਲਮ ਖਿਲਾਫ਼ ਜੂਝਣ ਦੀ ਜੁਝਾਰੂ ਪ੍ਰੰਪਰਾ ਉੱਪਰ ਪੂਰੇ ਵਿਸਥਾਰ ਅਤੇ ਇਤਿਹਾਸਕ ਤੱਥਾਂ ਸਹਿਤ ਪੇਸ਼ ਕੀਤਾ। ਬਹੁਤ ਸਾਰੇ ਵਿਦਵਾਨਾਂ ਵੱਲੋਂ ਇਤਿਹਾਸ ਨੂੰ ਗ਼ਲਤ ਇੱਕਪਾਸੜ ਢੰਗ ਨਾਲ ਪੇਸ਼ ਕਰਨ ਦੀ ਵੀ ਚੀਰਫਾੜ ਕੀਤੀ।
ਗੁਰਦੀਪ ਸਿੰਘ ਰਾਮਪੁਰਾ ਨੇ ਆਪਣੀ ਗੱਲ ਅੱਗੇ ਤੋਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਵੀ ਰਜਵਾੜਿਆਂ ਅਤੇ ਜਗੀਰਦਾਰਾਂ ਦੇ ਰੂਪ ਵਿੱਚ ਲੋਕਾਈ ਦੀ ਲੁੱਟ ਬਾਰੇ ਦੱਸਿਆ। ਉਹਨਾਂ ਕਿਹਾ ਕਿ ਸਾਮਰਾਜੀ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਲਈ ਮੋਦੀ ਹਕੂਮਤ ਵੱਲੋਂ ਲੋਕ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਨੀਤੀਆਂ ਅਤੇ ਸੰਘਰਸ਼ ਕਰ ਰਹੇ ਲੋਕਾਂ ਖਿਲਾਫ਼ ਲਾਗੂ ਕੀਤੇ ਜਾ ਰਹੇ ਜਾਬਰ ਕਾਨੂੰਨਾਂ ਦਾ ਭਾਈ ਦਿਆਲਾ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਬਾਬਾ ਜੀਵਨ ਸਿੰਘ, ਗੁਰੂ ਤੇਗ ਬਹਾਦਰ ਆਦਿ ਦੀ ਮਹਾਨ ਸ਼ਹਾਦਤ ਤੋਂ ਪ੍ਰੇਰਨਾ ਹਾਸਲ ਕਰਦਿਆਂ ਸੰਘਰਸ਼ਾਂ ਨੂੰ ਹੋਰ ਉਚੇਰੇ ਪੱਧਰ 'ਤੇ ਲਿਜਾਣ ਦੀ ਲੋੜ 'ਤੇ ਜ਼ੋਰ ਦਿੱਤਾ।
ਮੱਖਣ ਸਿੰਘ ਭੈਣੀਬਾਘਾ ਅਤੇ ਪ੍ਰਿਤਪਾਲ ਸਿੰਘ ਮੰਡੀਕਲਾਂ ਆਦਿ ਆਗੂਆਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਹਿੰਦਿਆਂ, ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕੀਤਾ। ਸੂਬਾ ਜਥੇਬੰਦਕ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਮੁਗਲ ਸਾਮਰਾਜ ਖਿਲਾਫ਼ ਜੂਝਣ ਅਤੇ ਜਾਬਰਾਂ ਖਿਲਾਫ਼ ਨਾਬਰੀ ਦਾ ਇਤਿਹਾਸ ਸਿਰਜਣ ਵਾਲੇ ਯੋਧਿਆਂ ਨੂੰ ਯਾਦ ਕਰਦਿਆਂ ਪੇਸ਼ ਕੀਤੇ ਮਤਿਆਂ ਰਾਹੀਂ ਸਿੱਖ ਕੈਦੀਆਂ ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਸਿਆਸੀ ਕੈਦੀ ਰਿਹਾਅ ਕਰਨ, ਬਿਨ੍ਹਾਂ ਮੁਕੱਦਮੇ ਚਲਾਏ ਜੇਲ੍ਹਾਂ ਵਿੱਚ ਬੰਦ ਬੁੱਧੀਜੀਵੀਆਂ, ਸਿਆਸੀ ਕਾਰਕੁਨਾਂ ਨੂੰ ਰਿਹਾਅ ਕਰਨ, ਯੂਏਪੀਏ, ਐਨਐਸਏ, ਪੀਐਮਐਲਏ, ਅਫਸਪਾ ਆਦਿ ਕਾਲੇ ਕਾਨੂੰਨ ਰੱਦ ਕਰਨ, ਡੈਮ ਸੇਫਟੀ ਐਕਟ ਰੱਦ ਕਰਨ, ਬਿਜਲੀ ਸੋਧ ਬਿਲ-2025 ਵਾਪਸ ਲੈਣ, ਪੰਜਾਬ ਯੂਨੀਵਰਸਿਟੀ ਸੈਨਟ ਦੀਆਂ ਚੋਣਾਂ ਦਾ ਐਲਾਨ ਕਰਨ, ਨਵੀਂ ਸਿੱਖਿਆ ਨੀਤੀ-2020 ਵਾਪਸ ਲੈਣ, ਪੰਜਾਬ ਬਿਜਲੀ ਬੋਰਡ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਦਿ ਬੇਸ਼ਕੀਮਤੀ ਜਾਇਦਾਦਾਂ ਵੇਚਣੀਆਂ ਬੰਦ ਕਰਨ, ਸੋਨਮ ਵਾਂਗ ਚੁੱਕ ਨੂੰ ਰਿਹਾਅ ਕਰਨ, ਅਪ੍ਰੇਸ਼ਨ 'ਕਗਾਰ' ਬੰਦ ਕਰਨ ਆਦਿ ਦੇ ਮਤੇ ਜ਼ੋਸ਼ੀਲੇ ਨਾਹਰਿਆਂ ਨਾਲ ਪਾਸ ਕੀਤੇ ਗਏ।
ਤਰਕਸ਼ੀਲ ਚੌਂਕ ਤੋਂ ਸ਼ਹੀਦ ਭਗਤ ਸਿੰਘ ਚੌਂਕ ਤੱਕ ਲੰਬਾ ਜੋਸ਼ੀਲਾ ਮਾਰਚ ਕੀਤਾ ਗਿਆ। ਵੱਡੀ ਗਿਣਤੀ ਵਿੱਚ ਕਿਸਾਨ ਔਰਤ ਕਾਰਕੁਨਾਂ ਵੀ ਸ਼ਾਮਿਲ ਹੋਈਆਂ। ਇੱਕ ਮਤੇ ਰਾਹੀਂ ਕਿਸਾਨ ਆਗੂ ਗੁਰਦੀਪ ਸਿੰਘ ਸੇਲਬਰਾਹ ਦੇ ਮਸਲੇ ਸਬੰਧੀ ਬਠਿੰਡਾ ਪ੍ਰਸ਼ਾਸਨ ਨੂੰ ਹੱਲ ਕਰਨ ਦੀ ਚਿਤਾਵਨੀ ਦਿੱਤੀ ਗਈ।