ਲੈਂਡ ਪੂਲਿੰਗ ਪਾਲਿਸੀ - ‘ਝੂਠੇ ਬਦਲਾਅ’ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਉਜਾੜਨ 'ਤੇ ਉਤਾਰੂ: ਕੇਵਲ ਸਿੰਘ ਢਿੱਲੋਂ
ਚੰਡੀਗੜ੍ਹ 2 ਜੁਲਾਈ
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ 'ਆਪ' ਸਰਕਾਰ ਵਲੋਂ ਦੁਬਾਰਾ ਲਿਆਂਦੀ ਜਾ ਰਹੀ 'ਲੈਂਡ ਪੂਲਿੰਗ ਪਾਲਿਸੀ' ਦਾ ਤਿੱਖਾ ਵਿਰੋਧ ਕਰਦਿਆਂ ਇਸ ਨੂੰ ਸਿੱਧਾ ਕਿਸਾਨ ਵਿਰੋਧੀ ਕਰਾਰ ਦਿੱਤਾ ਹੈ। ਢਿੱਲੋਂ ਨੇ ਕਿਹਾ ਕਿ ਪੰਜਾਬ ਦੀ ਇਹ ‘ਝੂਠੇ ਬਦਲਾਅ’ ਵਾਲੀ ਸਰਕਾਰ ਅਸਲ ਵਿੱਚ ਦਿੱਲੀ ਦੇ ਇਸ਼ਾਰਿਆਂ ਅਤੇ ਉੱਥੋਂ ਦੇ ਰਿਮੋਟ ਕੰਟਰੋਲ ਨਾਲ ਚੱਲ ਰਹੀ ਹੈ, ਜਿਸ ਦਾ ਮਕਸਦ ਪੰਜਾਬ ਦਾ ਵਿਕਾਸ ਨਹੀਂ ਬਲਕਿ ਇੱਥੋਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣਾ ਹੈ।
ਭਾਜਪਾ ਪ੍ਰਧਾਨ ਨੇ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਸਵਾਲ ਕੀਤਾ ਕਿ ਸਰਕਾਰ ਸਾਨੂੰ ਇਹ ਦੱਸੇ ਕਿ ਕੀ ਕਦੇ ਕਮਰਸ਼ੀਅਲ ਜਾਂ ਰਿਹਾਇਸ਼ੀ ਪਲਾਟਾਂ ਨਾਲ ਘਰ ਚੱਲਦੇ ਹਨ? ਜ਼ਮੀਨਾਂ ਕਿਸਾਨਾਂ ਦੀ ਰੋਜ਼ੀ-ਰੋਟੀ ਦਾ ਇੱਕੋ-ਇੱਕ ਸਾਧਨ ਹਨ। ਇਹਨਾਂ ਪਲਾਟਾਂ ਨੇ ਕਿਸਾਨਾਂ ਦੇ ਪਰਿਵਾਰਾਂ ਨੂੰ ਖਾਣ ਲਈ ਰੋਟੀ ਨਹੀਂ ਦੇਣੀ।
ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਨੇ ਪਿਛਲੇ ਸਾਲ ਇਹੀ ਪਾਲਿਸੀ ਲਿਆਂਦੀ ਸੀ, ਉਦੋਂ ਵੀ ਪੰਜਾਬ ਦੇ ਕਿਸਾਨਾਂ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ ਸੀ। ਇਹ ਕੋਈ ਵਿਕਾਸ ਦੀ ਨੀਤੀ ਨਹੀਂ, ਬਲਕਿ ਕੇਜਰੀਵਾਲ ਐਂਡ ਪਾਰਟੀ ਦੀ ਪੰਜਾਬ ਨੂੰ ਲੁੱਟਣ ਅਤੇ ਕਿਸਾਨਾਂ ਨੂੰ ਉਜਾੜ ਕੇ ਉਨ੍ਹਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕਰਨ ਦੀ ਇੱਕ ਸੋਚੀ-ਸਮਝੀ ਸਾਜ਼ਿਸ਼ ਹੈ।
ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ 'ਤੇ ਤੰਜ਼ ਕਸਦਿਆਂ ਕਿਹਾ ਕਿ 2022 ਵਾਂਗੂ ਇਹ 'ਝਾੜੂ ਵਾਲੀ ਸਰਕਾਰ' ਇੱਕ ਵਾਰ ਫਿਰ ਕਿਸਾਨਾਂ ਨੂੰ ਝੂਠੇ ਸੁਫ਼ਨੇ ਦਿਖਾਉਣ ਲੱਗੀ ਹੈ। ਪਰ ਸਰਕਾਰ ਇਹ ਭੁੱਲ ਜਾਵੇ ਕਿ ਹੁਣ ਪੰਜਾਬ ਦੇ ਲੋਕ ਇਹਨਾਂ ਦੇ ਝਾਂਸੇ ਵਿੱਚ ਆਉਣਗੇ।
ਦਿੱਲੀ ਤੋਂ ਹਾਰੇ ਹੋਏ ਘੁਟਾਲੇਬਾਜ਼ ਇਹਨਾਂ ਨੀਤੀਆਂ ਦਾ ਖਰੜਾ ਤਿਆਰ ਕਰ ਰਹੇ ਹਨ, ਜਿਨ੍ਹਾਂ ਦਾ ਇੱਕੋ-ਇੱਕ ਜ਼ੋਰ ਪੰਜਾਬ ਦੇ ਸਾਧਨਾਂ ਨੂੰ ਲੁੱਟਣ 'ਤੇ ਲੱਗਿਆ ਹੋਇਆ ਹੈ। ਕੇਵਲ ਸਿੰਘ ਢਿੱਲੋਂ ਨੇ ਸਪੱਸ਼ਟ ਅਤੇ ਦੋ-ਟੁੱਕ ਸ਼ਬਦਾਂ ਵਿੱਚ ਚੇਤਾਵਨੀ ਦਿੰਦਿਆਂ ਕਿਹਾ ਕਿ ਭਾਜਪਾ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਲਈ ਚੱਟਾਨ ਵਾਂਗ ਡੱਟ ਕੇ ਖੜ੍ਹੀ ਹੈ। ਇਸ ਲੈਂਡ ਪੂਲਿੰਗ ਪਾਲਿਸੀ ਨੇ ਕਿਸਾਨਾਂ ਅਤੇ ਪੂਰੇ ਪੰਜਾਬ ਦਾ ਸਿਰਫ਼ ਤੇ ਸਿਰਫ਼ ਨੁਕਸਾਨ ਹੀ ਕਰਨਾ ਹੈ। ਅਸੀਂ ਇਸ ਕਿਸਾਨ ਵਿਰੋਧੀ ਨੀਤੀ ਨੂੰ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦਿਆਂਗੇ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣਾ ਇਹ ਫੈਸਲਾ ਬਦਲਣਾ ਹੀ ਪਵੇਗਾ ਅਤੇ ਪਾਲਿਸੀ ਰੱਦ ਕਰਨੀ ਪਵੇਗੀ। 'ਆਪ' ਸਰਕਾਰ ਇੱਕ ਵਾਰ ਫਿਰ ਯੂ-ਟਰਨ ਮਾਰਨ ਲਈ ਤਿਆਰ ਰਹੇ, ਕਿਉਂਕਿ ਪੰਜਾਬ ਦੇ ਕਿਸਾਨ ਹੁਣ ਇਹਨਾਂ ਝੂਠੇ ਇਨਕਲਾਬੀਆਂ ਤੋਂ ਹੋਰ ਧੋਖਾ ਬਰਦਾਸ਼ਤ ਨਹੀਂ ਕਰਨਗੇ।
- Download Babushahi App
-
-