ਲਾਹੌਰ 'ਚ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਅਜੋਕੀ ਕਾਵਿ-ਸਿਰਜਣਾ’ ਵਿਸ਼ੇ ’ਤੇ ਅੰਤਰਰਾਸ਼ਟਰੀ ਪੰਜਾਬੀ ਸੈਮੀਨਾਰ
ਅਮਰੀਕਾ ਤੋਂ ਪ੍ਰੋ. ਸੁਰਿੰਦਰ ਸਿੰਘ ਸੀਰਤ ਅਤੇ ਪ੍ਰੋ. ਹਰਜੀਤ ਸਿੰਘ ਹਮਸਫ਼ਰ ਵਿਸ਼ੇਸ਼ ਤੌਰ ’ਤੇ ਪਹੁੰਚੇ
ਬਾਬੂਸ਼ਾਹੀ ਬਿਓਰੋ
ਲਾਹੌਰ, 29 ਅਕਤੂਬਰ 2026-ਪੰਜਾਬ ਯੂਨੀਵਰਸਿਟੀ ਲਾਹੌਰ ਦੇ ਇੰਸਟੀਚਿਊਟ ਆਫ਼ ਪੰਜਾਬੀ ਐਂਡ ਕਲਚਰਲ ਸਟੱਡੀਜ਼ ਵਿਖੇ ਪੰਜਾਬੀ ਅਦਬੀ ਮਜਲਿਸ ਵੱਲੋਂ ‘ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਅਜੋਕੀ ਕਾਵਿ-ਸਿਰਜਣਾ’ ਵਿਸ਼ੇ ’ਤੇ ਅੰਤਰਰਾਸ਼ਟਰੀ ਪੰਜਾਬੀ ਸੈਮੀਨਾਰ ਕਰਵਾਇਆ ਗਿਆ। ਇਸ ਸਾਹਿਤਕ ਸਮਾਗਮ ਵਿੱਚ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਸਮਕਾਲੀ ਪੰਜਾਬੀ ਕਵਿਤਾ ਦੇ ਵੱਖ-ਵੱਖ ਰੰਗ ਪੇਸ਼ ਕੀਤੇ ਅਤੇ ਪੰਜਾਬੀ ਸਾਹਿਤ ਦੀ ਸਾਂਝੀ ਵਿਰਾਸਤ ਨੂੰ ਰੂਪਮਾਨ ਕੀਤਾ।
ਸੈਮੀਨਾਰ ਦੀ ਪ੍ਰਧਾਨਗੀ ਪੰਜਾਬ ਯੂਨੀਵਰਸਿਟੀ ਦੇ ਓਰੀਐਂਟਲ ਕਾਲਜ ਦੀ ਪ੍ਰਿੰਸੀਪਲ ਪ੍ਰੋ. ਡਾ. ਨਬੀਲਾ ਰਹਿਮਾਨ ਨੇ ਕੀਤੀ। ਸਮਾਗਮ ਵਿੱਚ ਅਮਰੀਕਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬੀ ਕਵੀ ਪ੍ਰੋ. ਸੁਰਿੰਦਰ ਸਿੰਘ ਸੀਰਤ ਅਤੇ ਪ੍ਰੋ. ਹਰਜੀਤ ਸਿੰਘ ਹਮਸਫ਼ਰ ਤੋਂ ਇਲਾਵਾ ਲਹਿੰਦੇ ਪੰਜਾਬ ਦੇ ਸ਼ਾਇਰ ਪ੍ਰੋ. ਡਾ. ਅਰਸ਼ਦ ਇਕਬਾਲ ਅਰਸ਼ਦ, ਪ੍ਰੋ. ਡਾ. ਅਬਾਦ ਹੁਸੈਨ, ਪ੍ਰੋ. ਡਾ. ਸਆਦਤ ਅਲੀ ਸਾਕਿਬ, ਤਾਹਿਰ ਸੰਧੂ ਅਤੇ ਨਬੀਲ ਨਾਬਰ ਨੇ ਸ਼ਿਰਕਤ ਕੀਤੀ।
ਸਮਾਗਮ ਦੀ ਮੇਜ਼ਬਾਨੀ ਦੇ ਫ਼ਰਜ਼ ਪੰਜਾਬੀ ਅਦਬੀ ਮਜਲਿਸ ਦੇ ਇੰਚਾਰਜ ਡਾ. ਮੁਹੰਮਦ ਇਰਫ਼ਾਨ ਅਲਹਕ ਨੇ ਨਿਭਾਏ। ਪ੍ਰੋਗਰਾਮ ਦਾ ਆਗਾਜ਼ ਬੀ.ਐੱਸ. ਪੰਜਾਬੀ ਦੇ ਸੱਤਵੇਂ ਸਮੈਸਟਰ ਦੀ ਵਿਦਿਆਰਥਣ ਯੁਰਿਆ ਅੱਯੂਬ ਵੱਲੋਂ ਕੁਰਾਨ-ਏ-ਪਾਕ ਦੀ ਤਿਲਾਵਤ ਨਾਲ ਹੋਇਆ। ਇਸ ਉਪਰੰਤ ਪ੍ਰੋ. ਡਾ. ਅਰਸ਼ਦ ਇਕਬਾਲ ਅਰਸ਼ਦ ਨੇ ਨਾਅਤ ਪੇਸ਼ ਕੀਤੀ। ਫਿਰ ਲਹਿੰਦੇ ਤੇ ਚੜ੍ਹਦੇ ਪੰਜਾਬ ਤੋਂ ਆਏ ਕਵੀਆਂ ਨੇ ਆਪੋ-ਆਪਣਾ ਕਲਾਮ ਸੁਣਾ ਕੇ ਸਰੋਤਿਆਂ ਨਾਲ ਸਾਹਿਤਕ ਸਾਂਝ ਪਾਈ।
ਇੰਸਟੀਚਿਊਟ ਆਫ਼ ਪੰਜਾਬੀ ਐਂਡ ਕਲਚਰਲ ਸਟੱਡੀਜ਼ ਦੇ ਡਾਇਰੈਕਟਰ ਪ੍ਰੋ. ਡਾ. ਨਵੀਦ ਸ਼ਹਿਜ਼ਾਦ ਨੇ ਸਰੋਤਿਆਂ ਦੀ ਭਰਵੀਂ ਫ਼ਰਮਾਇਸ਼ ’ਤੇ ਆਪਣਾ ਕਲਾਮ ਪੇਸ਼ ਕੀਤਾ। ਅਮਰੀਕਾ ਤੋਂ ਆਏ ਪ੍ਰੋ. ਸੁਰਿੰਦਰ ਸਿੰਘ ਸੀਰਤ ਅਤੇ ਪ੍ਰੋ. ਹਰਜੀਤ ਸਿੰਘ ਹਮਸਫ਼ਰ ਨੇ ਵੀ ਸਰੋਤਿਆਂ ਨਾਲ ਗੱਲਬਾਤ ਕਰਦਿਆਂ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੇ ਕਲਾਮ ਨੇ ਸਮਾਗਮ ਨੂੰ ਸਾਹਿਤਕ ਰੰਗਤ ਬਖ਼ਸ਼ੀ।
ਇਸ ਮੌਕੇ ਦੋਵਾਂ ਵਿਦੇਸ਼ੀ ਮਹਿਮਾਨ ਕਵੀਆਂ ਦੀਆਂ ਪੁਸਤਕਾਂ ਦੀ ਘੁੰਡ ਚੁਕਾਈ ਵੀ ਕੀਤੀ ਗਈ। ਸਮਾਗਮ ਦੇ ਅੰਤ ਵਿੱਚ ਪ੍ਰਧਾਨਗੀ ਕਰ ਰਹੇ ਪ੍ਰੋ. ਡਾ. ਨਬੀਲਾ ਰਹਿਮਾਨ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਵਿਦੇਸ਼ੀ ਮਹਿਮਾਨਾਂ ਨੂੰ ਯਾਦਗਾਰੀ ਸਰਟੀਫ਼ਿਕੇਟ ਭੇਟ ਕੀਤੇ।
ਇਸ ਤਰ੍ਹਾਂ ‘ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਅਜੋਕੀ ਕਾਵਿ-ਸਿਰਜਣਾ’ ਵਿਸ਼ੇ ’ਤੇ ਕਰਵਾਇਆ ਗਿਆ ਇਹ ਅੰਤਰਰਾਸ਼ਟਰੀ ਪੰਜਾਬੀ ਸੈਮੀਨਾਰ ਦੋਵਾਂ ਪੰਜਾਬਾਂ ਦੇ ਕਵੀਆਂ ਨੂੰ ਇੱਕ ਸਾਂਝੇ ਸਾਹਿਤਕ ਮੰਚ ’ਤੇ ਇਕੱਠੇ ਕਰਨ ਦਾ ਮਹੱਤਵਪੂਰਨ ਉਪਰਾਲਾ ਸਾਬਤ ਹੋਇਆ। ਕਵਿਤਾ ਦੀ ਸਾਂਝ ਰਾਹੀਂ ਇਸ ਸਮਾਗਮ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੁੜੇ ਰਿਸ਼ਤਿਆਂ ਨੂੰ ਹੋਰ ਗੂੜ੍ਹਾ ਕਰਨ ਦਾ ਸੁਨੇਹਾ ਦਿੱਤਾ।
- Download Babushahi App
-
-