ਯੁੱਧ ਨਸ਼ਿਆਂ ਵਿਰੁੱਧ : ਬਠਿੰਡਾ ਪੁਲਿਸ ਵੱਲੋਂ ਪਿੰਡਾਂ ਵਿੱਚ ਜਾਗਰੂਕਤਾ ਅਤੇ ਕਾਰਵਾਈ ਨਾਲੋਂ ਨਾਲ
ਅਸ਼ੋਕ ਵਰਮਾ
ਬਠਿੰਡਾ, 29 ਅਕਤੂਬਰ 2026:ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਗਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਨਸ਼ਿਆਂ ਤੋਂ ਵਧੇਰੇ ਪ੍ਰਭਾਵਿਤ ਖੇਤਰਾਂ ਚ ਸਿਵਲ ਅਤੇ ਪੁਲਸੀਏ ਪ੍ਰਸ਼ਾਸਨ ਵੱਲੋਂ ਸੈਮੀਨਾਰ ਲਗਾ ਕੇ ਅਤੇ ਮੀਟਿੰਗਾਂ ਕਰਕੇ ਲੋਕਾਂ ਨੂੰ ਨਸ਼ਿਆਂ ਤੋਂ ਮੁਕਤੀ ਲਈ ਲਾਮਬੰਧ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹੇ ਵਿਚ 20 ਹੋਟਸਪੌਟ ਥਾਵਾਂ ਦੀ ਪਛਾਣ ਕਰਕੇ ਪਿੰਡਾਂ ਅਤੇ ਸ਼ਹਿਰਾਂ ਦੇ ਇਨ੍ਹਾਂ ਇਲਾਕਿਆਂ ਵਿਚ ਨਸ਼ਿਆਂ ਦੇ ਖਾਤਮੇ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲੜੀ ਤਹਿਤ ਅੱਜ ਸ਼੍ਰੀ ਮਨੋਜ ਕੁਮਾਰ ਡੀ.ਐੱਸ.ਪੀ. ਰਾਮਪੁਰਾ ਵੱਲੋਂ ਪਿੰਡ ਮਲੂਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੈਮੀਨਾਰ ਕਰਵਾਇਆ ਗਿਆ । ਉਨ੍ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਉਨ੍ਹਾਂ ਦੇ ਆਸ ਪਾਸ ਕੋਈ ਵੀ ਨਸ਼ਾ ਪੀੜਤ ਵਿਅਕਤੀ ਹੈ ਤਾਂ ਉਸ ਦੀ ਸੂਚਨਾ ਤੁਰੰਤ ਸਿਵਲ ਜਾਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਤਾਂ ਜੋ ਉਸ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਲ ਕਰਵਾਕੇ ਉਸ ਦਾ ਇਲਾਜ ਕਰਵਾਇਆ ਜਾ ਸਕੇ।
ਇਸ ਤੋਂ ਇਲਾਵਾ ਮੌੜ ਮੰਡੀ ਵਿਖੇ ਕੈਮਿਸਟਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਉਨ੍ਹਾਂ ਦੇ ਰਿਕਾਰਡ ਚੈਕ ਕੀਤੇ ਗਏ। ਕੈਮਿਸਟਾਂ ਨੂੰ ਦੱਸਿਆ ਗਿਆ ਕਿ ਉਹ ਕੋਈ ਵੀ ਦਵਾਈ ਬਿਨਾਂ ਡਾਕਟਰ ਦੀ ਪਰਚੀ ਤੋਂ ਨਾ ਵੇਚਣ ਅਤੇ ਹਰ ਇਕ ਦਵਾਈ ਦਾ ਸਹੀ ਤਰੀਕੇ ਨਾਲ ਰਿਕਾਰਡ ਰੱਖਣਾ ਜ਼ਰੂਰੀ ਹੈ। ਤਲਵੰਡੀ ਸਾਬੋ ਵਿਖੇ ਪੁਲਿਸ ਵੱਲੋਂ ਸ਼ਹਿਰ ਵਾਸੀਆਂ ਨਾਲ ਬੈਠਕ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੂੰ ਨਸ਼ਿਆਂ ਦੇ ਦਲਦਲ ‘ਚ ਫਸਣ ਵਾਲੇ ਨੌਜਵਾਨਾਂ ਦਾ ਸਾਥ ਦੇ ਕੇ ਉਨ੍ਹਾਂ ਦੇ ਇਲਾਜ ਕਰਵਾਉਣ ਸਬੰਧੀ ਜਾਣਕਾਰੀ ਦਿੱਤੀ ਗਈ।ਇਸੇ ਤਰ੍ਹਾਂ ਪਿੰਡ ਜੀਦਾ ਵਿਖੇ ਜਿਹੜੀਆਂ ਜਨਤਕ ਥਾਵਾਂ ਉੱਤੇ ਸਟ੍ਰੀਟ ਲਾਈਟ ਦੇ ਸੁਚੱਜੇ ਪ੍ਰਬੰਧ ਨਹੀਂ ਸਨ, ਉੱਥੇ ਸਟ੍ਰੀਟ ਲਾਈਟਾਂ ਲਗਵਾਈਆਂ ਗਈਆਂ ਹਨ। ਇਸ ਸਬੰਧੀ ਪਿੰਡ ਵਾਸੀਆਂ ਵੱਲੋਂ ਮੰਗ ਕੀਤੀ ਗਈ ਸੀ ਕਿ ਹਨ੍ਹੇਰੇ ਕਾਰਣ ਉਨ੍ਹਾਂ ਨੂੰ ਉੱਥੋਂ ਲੰਘਣਾ ਔਖਾ ਹੈ। ਇਸ ਸਬੰਧੀ ਉਨਾਂ ਦੀ ਮੰਗ ਪੂਰੀ ਕਰ ਦਿੱਤੀ ਗਈ ਹੈ।ਇਸੇ ਤਰ੍ਹਾਂ ਜਿੰਨ੍ਹਾਂ ਪਿੰਡਾਂ ਵਿੱਚ ਖੇਡ ਮੈਦਾਨ, ਖੇਡ ਕਿੱਟਾਂ ਜਾਂ ਹੋਰ ਖੇਡਾਂ ਸਬੰਧੀ ਬੁਨਿਆਦੀ ਢਾਂਚੇ ਦੀ ਘਾਟ ਹੈ ਉਨ੍ਹਾਂ ਥਾਵਾਂ ‘ਤੇ ਜ਼ਿਲ੍ਹਾ ਖੇਡ ਵਿਭਾਗ ਅਤੇ ਪੇਂਡੂ ਵਿਕਾਸ ਵਿਭਾਗ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਪਿੰਡਾਂ ਦੇ ਆਪਸੀ ਵਾਲੀਬਾਲ ਅਤੇ ਕ੍ਰਿਕਟ ਦੇ ਟੂਰਨਾਮੈਂਟ ਕਰਵਾਏ ਜਾਣਗੇ।
- Download Babushahi App
-
-