ਮਾਡਰਨ ਵੈਲੀ ਦੇ ਰਿਹਾਇਸੀ ਖੇਤਰ ਵਿੱਚ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼ ਸਫਲਤਾਪੂਰਵਕ ਸੰਪੰਨ
ਸਿਵਲ ਡਿਫੈਂਸ ਤਿਆਰੀ ਅਤੇ ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀ ਦੀ ਕੀਤੀ ਗਈ ਪ੍ਰਭਾਵਸ਼ਾਲੀ ਜਾਂਚ
ਵੱਖ-ਵੱਖ ਵਿਭਾਗਾਂ ਵੱਲੋਂ ਸਾਂਝੇ ਤੌਰ ’ਤੇ ਭਾਗ ਲੈ ਕੇ ਕੀਤਾ ਗਿਆ ਅਭਿਆਸ
ਫ਼ਤਹਿਗੜ੍ਹ ਸਾਹਿਬ, 24 ਅਪ੍ਰੈਲ :
ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਰਾਤ 8 ਵਜੇ ਮਾਡਰਨ ਵੈਲੀ ਦੇ ਰਿਹਾਇਸੀ ਖੇਤਰਾਂ ਵਿਖੇ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ ਸਫਲਤਾਪੂਰਵਕ ਕਰਵਾਈ ਗਈ। ਇਹ ਮੌਕ ਐਕਸਰਸਾਈਜ਼ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਿਵਲ ਡਿਫੈਂਸ ਦੀ ਤਿਆਰੀ ਦੀ ਜਾਂਚ ਕਰਨ ਦੇ ਮੱਦੇਨਜ਼ਰ ਆਯੋਜਿਤ ਕੀਤੀ ਗਈ।
ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੀਆਂ ਹਦਾਇਤਾਂ ਤੇ ਐਸ.ਡੀ.ਐਮ. ਫਤਿਹਗੜ੍ਹ ਸਾਹਿਬ ਸੂਬਾ ਸਿੰਘ ਦੀ ਦੇਖ-ਰੇਖ ਹੇਠ ਕਰਵਾਈ ਗਈ ਇਸ ਮੌਕ ਐਕਸਰਸਾਈਜ਼ ਦੌਰਾਨ ਏਅਰ ਰੇਡ ਚੇਤਾਵਨੀ ਸਿਗਨਲ ਸਾਇਰਨਾਂ ਰਾਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਨਿਰਧਾਰਤ ਖੇਤਰ ਵਿੱਚ ਬਲੈਕਆਊਟ ਕਰਕੇ ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀ ਦਾ ਅਭਿਆਸ ਕੀਤਾ ਗਿਆ। ਬਿਜਲੀ ਵਿਭਾਗ ਵੱਲੋਂ ਨਿਰਧਾਰਤ ਇਲਾਕੇ ਵਿੱਚ ਕੁਝ ਸਮੇਂ ਲਈ ਬਿਜਲੀ ਬੰਦ ਕਰਕੇ ਪ੍ਰਕਿਰਿਆ ਨੂੰ ਸਫਲਤਾਪੂਰਵਕ ਅਮਲ ਵਿੱਚ ਲਿਆਂਦਾ ਗਿਆ।
ਇਸ ਅਭਿਆਸ ਵਿੱਚ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ, ਫਾਇਰ ਬ੍ਰਿਗੇਡ, ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਸਿਹਤ ਵਿਭਾਗ, ਸਥਾਨਕ ਸਰਕਾਰਾਂ ਅਤੇ ਐਨ.ਸੀ.ਸੀ ਸਮੇਤ ਵੱਖ-ਵੱਖ ਵਿਭਾਗਾਂ ਵੱਲੋਂ ਸਾਂਝੇ ਤੌਰ ’ਤੇ ਭਾਗ ਲਿਆ ਗਿਆ। ਇਸ ਮੌਕੇ ਰੈਸਕਿਊ ਕਾਰਵਾਈਆਂ, ਮੁੱਢਲੀ ਸਹਾਇਤਾ, ਅੱਗ ਬੁਝਾਉਣ, ਜ਼ਖਮੀਆਂ ਦੀ ਸੰਭਾਲ ਅਤੇ ਹੋਰ ਐਮਰਜੈਂਸੀ ਪ੍ਰੋਟੋਕੋਲ ਦਾ ਅਭਿਆਸ ਕਰਕੇ ਤਿਆਰੀ ਦੀ ਜਾਂਚ ਕੀਤੀ ਗਈ।
ਐਸ.ਡੀ.ਐਮ. ਸੂਬਾ ਸਿੰਘ ਨੇ ਦੱਸਿਆ ਕਿ ਇਸ ਮੌਕ ਐਕਸਰਸਾਈਜ਼ ਦਾ ਮੁੱਖ ਉਦੇਸ਼ ਐਮਰਜੈਂਸੀ ਸਥਿਤੀਆਂ ਦੌਰਾਨ ਤੁਰੰਤ ਅਤੇ ਸੁਚੱਜੀ ਪ੍ਰਤੀਕਿਰਿਆ ਦੇਣ ਲਈ ਵਿਭਾਗਾਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨਾ ਅਤੇ ਜਨਤਾ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਅਭਿਆਸ ਭਵਿੱਖ ਵਿੱਚ ਕਿਸੇ ਵੀ ਆਫ਼ਤ ਜਾਂ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਬਹੁਤ ਲਾਭਕਾਰੀ ਸਾਬਤ ਹੁੰਦੇ ਹਨ।
ਉਨ੍ਹਾਂ ਮੌਕ ਐਕਸਰਸਾਈਜ਼ ਵਿੱਚ ਭਾਗ ਲੈਣ ਵਾਲੇ ਸਮੂਹ ਵਿਭਾਗਾਂ ਅਤੇ ਸਹਿਯੋਗ ਦੇਣ ਵਾਲੇ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਸਾਂਝੀ ਕਵਾਇਦ ਨਾਲ ਜ਼ਿਲ੍ਹੇ ਦੀ ਐਮਰਜੈਂਸੀ ਤਿਆਰੀ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਇੱਕ ਰੂਟੀਨ ਅਭਿਆਸ ਸੀ ਅਤੇ ਇਸ ਦਾ ਕਿਸੇ ਵੀ ਤਰ੍ਹਾਂ ਦੀ ਅਸਲੀ ਹੰਗਾਮੀ ਸਥਿਤੀ ਨਾਲ ਕੋਈ ਸੰਬੰਧ ਨਹੀਂ ਹੈ।
ਇਸ ਮੌਕੇ ਜ਼ਿਲ੍ਹਾ ਕਮਾਂਡੈਂਟ ਪੰਜਾਬ ਹੋਮ ਗਾਰਡ ਅਤੇ ਸਿਵਲ ਡਿਫੈਂਸ ਫਤਹਿਗੜ ਸਾਹਿਬ ਅਜੇਪਾਲ ਸਿੰਘ, ਕੰਪਨੀ ਕਮਾਂਡਰ ਪੰਜਾਬ ਹੋਮ ਗਾਰਡ ਅਤੇ ਸਿਵਲ ਡਿਫੈਂਸ ਇੰਸਪੈਕਟਰ ਸੰਤੋਖ ਸਿੰਘ, ਸਿਹਤ ਵਿਭਾਗ ਤੋਂ ਡਾ.ਗੁਰਪ੍ਰੀਤ ਕੌਰ ਤੋਂ ਇਲਾਵਾ ਐਮਰਜੈਂਸੀ ਸਮੇਂ ਮੁਢਲੇ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।
Click to Follow Babushahi Facebook page →