ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਬੰਦੀਆਂ ਵੱਲੋਂ ਰੇਲ ਰੋਕਣ ਵਾਲੇ ਅੰਦੋਲਨ ਦੀ ਪੂਰਨ ਹਮਾਇਤ ਕਰਦੇ ਹਾਂ- ਵਡਾਲਾ
ਚੰਡੀਗੜ੍ਹ-: 2 ਜੁਲਾਈ 2026- ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਜਾਣਕਾਰੀ ਦਿੱਤੀ ਕਿ ਸਾਡੀ ਜਥੇਬੰਦੀ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਣੇ ਤੌਰ 'ਤੇ ਭਰਪੂਰ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਹੋਰਨਾਂ ਜਥੇਬੰਦੀਆਂ ਵੱਲੋਂ ਲੜੇ ਜਾਣ ਵਾਲੇ ਇਸ ਰੇਲ ਰੋਕੋ ਸੰਘਰਸ਼ ਦੀ ਪੂਰਨ ਹਮਾਇਤ ਕਰਦੀ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਵਿੱਚ ਲੱਗੇ ਕੌਮੀ ਇਨਸਾਫ ਮੋਰਚੇ ਵੱਲੋਂ 4 ਜੁਲਾਈ 2026 ਨੂੰ ਜੋ ਰੇਲਾਂ ਰੋਕਣ ਦੀ ਕਾਲ ਦਿੱਤੀ ਗਈ ਸਾਡੀ ਜਥੇਬੰਦੀ ਉਸ ਵਿੱਚ ਸਰਗਰਮੀ ਨਾਲ ਭਾਗ ਲਵੇਗੀ। ਸ ਵਡਾਲਾ ਨੇ ਕਿਹਾ ਕਿ ਆਪਣੀ ਕੈਦ ਪੂਰੀ ਕਰਨ ਤੋਂ ਬਾਦ ਵੀ ਲੰਮੇ ਸਮੇਂ ਤੋਂ ਜੇਲਾਂ ਵਿੱਚ ਡੱਕੇ ਹੋਏ ਉਹਨਾਂ ਸਿੰਘਾਂ ਦੀ ਰਿਹਾਈ ਲਈ ਸਾਰੀ ਕੌਮ ਨੂੰ ਯਤਨ ਕਰਨੇ ਚਾਹੀਦੇ ਹਨ ਕਿਉਂਕਿ ਉਹ ਸਿੰਘ ਪੰਜਾਬ ਦੀ ਲੜਾਈ ਲੜਦੇ ਹੋਏ ਹੀ ਜੇਲ੍ਹਾਂ ਵਿੱਚ ਗਏ ਹਨ। ਇਸ ਲਈ 4 ਜੁਲਾਈ ਨੂੰ ਰੇਲਾਂ ਰੋਕਣ ਲਈ ਮਾਧੋਪੁਰ (ਸਰਹਿੰਦ) ਸਟੇਸ਼ਨ 'ਤੇ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣਾ ਚਾਹੀਦਾ ਹੈ। ਪ੍ਰੈੱਸ ਦੇ ਨਾਂ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਨੇ ਜਾਰੀ ਕੀਤਾ।
- Download Babushahi App
-
-