ਡੇਰਾ ਸੱਚਖੰਡ ਬੱਲਾਂ ਦੇ ਮੁਖੀ ਨੂੰ CM Mann ਕੋਲ ਆਰ ਟੀ ਈ ਲਾਗੂ ਕਰਨ ਦਾ ਮੁੱਦਾ ਉਠਾਉਣ ਦੀ ਅਪੀਲ
ਸੰਤ ਨਿਰਜੰਣ ਦਾਸ ਜੀ ਨੇ ਮਾਮਲਾ ਪੰਜਾਬ ਸਰਕਾਰ ਕੋਲ ਉਠਾਉਣ ਲਈ ਵਾਅਦਾ ਕੀਤਾ
ਜਲੰਧਰ, 12 ਅਗਸਤ 2026- ਸਮਾਜਿਕ ਕਾਰਕੁਨਾਂ ਦੇ ਇੱਕ ਵਫ਼ਦ ਨੇ ਪਦਮ ਸ਼੍ਰੀ ਸੰਤ ਨਿਰੰਜਨ ਦਾਸ ਜੀ, ਮੁਖੀ ਡੇਰਾ ਸੱਚਖੰਡ ਬੱਲਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੋਲ ਰਾਈਟ ਟੂ ਐਜੂਕੇਸ਼ਨ ਐਕਟ, 2009 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦਾ ਮੁੱਦਾ ਉਠਾਉਣ ਦੀ ਅਪੀਲ ਕੀਤੀ। ਖ਼ਾਸ ਤੌਰ 'ਤੇ ਉਸ ਵਿਵਸਥਾ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ, ਜਿਸ ਅਧੀਨ ਪ੍ਰਾਈਵੇਟ ਗੈਰ-ਸਹਾਇਤਾ ਪ੍ਰਾਪਤ ਸਕੂਲਾਂ ਲਈ ਕਮਜ਼ੋਰ ਵਰਗਾਂ ਅਤੇ ਵੰਚਿਤ ਸਮੂਹਾਂ ਨਾਲ ਸਬੰਧਿਤ ਬੱਚਿਆਂ ਲਈ ਘੱਟੋ-ਘੱਟ 25 ਫ਼ੀਸਦੀ ਸੀਟਾਂ ਰਾਖਵੀਂਆਂ ਕਰਕੇ ਦਾਖਲਾ ਦੇਣਾ ਲਾਜ਼ਮੀ ਹੈ। ਸੰਤ ਨਿਰੰਜਨ ਦਾਸ ਜੀ ਨੇ ਵਫ਼ਦ ਦੀ ਗੱਲ ਧਿਆਨ ਨਾਲ ਸੁਣੀ ਅਤੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ਨੂੰ ਦੇਖਣਗੇ ਅਤੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਇਸ ਨੂੰ ਪੰਜਾਬ ਸਰਕਾਰ ਕੋਲ ਅਤੇ ਸਬੰਧਿਤ ਅਧਿਕਾਰੀਆਂ ਕੋਲ ਉਠਾਉਣਗੇ।
ਵਫ਼ਦ ਨੇ ਡੇਰਾ ਸੱਚਖੰਡ ਬੱਲਾਂ ਦੀ ਆਪਣੀ ਯਾਤਰਾ ਦੌਰਾਨ ਸੰਤ ਨਿਰੰਜਨ ਦਾਸ ਜੀ ਨੂੰ ਨਿੱਜੀ ਤੌਰ 'ਤੇ ਇੱਕ ਮੈਮੋਰੈਂਡਮ ਸੌਂਪਿਆ ਅਤੇ ਪੰਜਾਬ ਭਰ ਦੇ ਯੋਗ ਬੱਚਿਆਂ ਦੇ ਕਾਨੂੰਨੀ ਤੌਰ 'ਤੇ ਪ੍ਰਾਪਤ ਸਿੱਖਿਆ ਦੇ ਅਧਿਕਾਰਾਂ ਦੀ ਰੱਖਿਆ ਦੀ ਮੰਗ ਕੀਤੀ। ਵਫ਼ਦ ਵਿੱਚ ਜਗਮੋਹਨ ਸਿੰਘ ਰਾਜੂ, 91S (ਰਿਟਾਇਰਡ); ਓਂਕਾਰ ਨਾਥ, ਸਾਬਕਾ ਐਡੀਸ਼ਨਲ ਡਿਪਟੀ ਕੰਟਰੋਲਰ ਐਂਡ ਆਡੀਟਰ ਜਨਰਲ; ਫਤਿਹਜੰਗ ਸਿੰਘ, ਸਾਬਕਾ ਜੁਆਇੰਟ ਡਾਇਰੈਕਟਰ, ਖੇਤੀਬਾੜੀ ਵਿਭਾਗ, ਪੰਜਾਬ; ਕਿਰਪਾਲ ਸਿੰਘ, ਅਤੇ ਤਰਸੇਮ ਲਾਲ, ਸਾਬਕਾ ਡਿਪਟੀ ਜਨਰਲ ਮੈਨੇਜਰ, ਨੈਸ਼ਨਲ ਇੰਸ਼ੋਰੈਂਸ ਕੰਪਨੀ ਸ਼ਾਮਲ ਸਨ। ਵਫ਼ਦ ਨੇ ਸੰਤ ਨਿਰੰਜਨ ਦਾਸ ਜੀ ਨੂੰ ਆਰਟੀਈ ਐਕਟ ਦੀ ਧਾਰਾ 12(1)(ਸੀ) ਅਧੀਨ ਦਾਖ਼ਲੇ ਦੀ ਮੰਗ ਕਰ ਰਹੇ ਮਾਪਿਆਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਇਸ ਧਾਰਾ ਅਨੁਸਾਰ ਪ੍ਰਾਈਵੇਟ ਗੈਰ-ਸਹਾਇਤਾ ਪ੍ਰਾਪਤ ਸਕੂਲਾਂ ਲਈ ਦਾਖ਼ਲੇ ਦੇ ਪੱਧਰ ਦੀਆਂ ਘੱਟੋ-ਘੱਟ 25 ਫ਼ੀਸਦੀ ਸੀਟਾਂ ਯੋਗ ਬੱਚਿਆਂ ਲਈ ਰਾਖਵੀਂਆਂ ਰੱਖਣੀਆਂ ਲਾਜ਼ਮੀ ਹਨ। ਵਫ਼ਦ ਨੇ ਚਿੰਤਾ ਪ੍ਰਗਟ ਕੀਤੀ ਕਿ ਅਦਾਲਤ ਦੀ ਦਖ਼ਲਅੰਦਾਜ਼ੀ ਦੇ ਬਾਵਜੂਦ ਦਾਖ਼ਲਿਆਂ ਦੀ ਗਿਣਤੀ ਬਹੁਤ ਘੱਟ ਹੈ। ਮੌਜੂਦਾ 2026-27 ਅਕਾਦਮਿਕ ਸੈਸ਼ਨ ਦੌਰਾਨ ਲਗਭਗ 200 ਬੱਚਿਆਂ ਦੇ ਦਾਖ਼ਲੇ ਹੋਣ ਦੀ ਜਾਣਕਾਰੀ ਮਿਲ ਰਹੀ ਹੈ, ਜਦਕਿ ਅੰਦਾਜ਼ੇ ਅਨੁਸਾਰ ਹਰ ਸਾਲ ਲਗਭਗ ਇੱਕ ਲੱਖ ਬੱਚੇ ਯੋਗ ਹੋ ਸਕਦੇ ਹਨ।ਵਫ਼ਦ ਨੇ ਜ਼ੋਰ ਦਿੱਤਾ ਕਿ ਇਹ ਮਾਮਲਾ ਬੱਚਿਆਂ ਦੇ ਕਾਨੂੰਨੀ ਅਧਿਕਾਰ ਅਤੇ ਸੰਵਿਧਾਨ ਦੇ ਅਨੁਛੇਦ 21-1 ਦੇ ਹੁਕਮ ਨਾਲ ਸਬੰਧਿਤ ਹੈ ਅਤੇ ਇਹ ਸਿਰਫ਼ ਸਰਕਾਰ ਦੀ ਕੋਈ ਭਲਾਈ ਯੋਜਨਾ ਨਹੀਂ ਹੈ।
ਵਫ਼ਦ ਨੇ ਆਸ ਪ੍ਰਗਟ ਕੀਤੀ ਕਿ ਉਨ੍ਹਾਂ ਦੀ ਦਖ਼ਲਅੰਦਾਜ਼ੀ ਨਾਲ ਪੰਜਾਬ ਭਰ ਦੇ ਯੋਗ ਬੱਚਿਆਂ ਲਈ 25 ਫ਼ੀਸਦੀ ਦਾਖ਼ਲੇ ਦੀ ਕਾਨੂੰਨੀ ਵਿਵਸਥਾ ਇੱਕ ਅਰਥਪੂਰਨ ਹਕੀਕਤ ਬਣ ਸਕੇਗੀ।
- Download Babushahi App
-
-