ਡਾ. ਅਨਿਲ ਗੋਇਲ ਦੀ ਸਿਹਤ ਵਿਭਾਗ ਦੇ ਡਾਇਰੈਕਟਰ ਵਜੋਂ ਨਿਯੁਕਤੀ ਨੇ ਵਧਾਇਆ ਪਿੰਡ ਬੱਲ੍ਹੋ ਦਾ ਮਾਣ
ਅਸ਼ੋਕ ਵਰਮਾ
ਬਠਿੰਡਾ, 2 ਨਵੰਬਰ 2026 : ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਡਾਕਟਰ ਅਨਿਲ ਗੋਇਲ ਨੂੰ ਮਹਿਕਮੇ ਦਾ ਡਾਇਰੈਕਟਰ ਨਿਯੁਕਤ ਕੀਤੇ ਜਾਣ ਤੇ ਪਿੰਡ ਬੱਲੋ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ।
ਇਸ ਤੋਂ ਪਹਿਲਾਂ ਡਾ. ਗੋਇਲ ਵਿਭਾਗ ’ਚ ਡਾਇਰੈਕਟਰ (ਸਮਾਜਿਕ ਬੀਮਾ-ਈ ਐੱਸ ਆਈ) ਦੇ ਅਹੁਦੇ ’ਤੇ ਤਾਇਨਾਤ ਰਹੇ ਅਤੇ ਉਸ ਤੋਂ ਪਹਿਲਾਂ ਦਸੰਬਰ 2023 ਤੋਂ ਸਤੰਬਰ 2025 ਤੱਕ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਡਾਇਰੈਕਟਰ ਵੀ ਰਹਿ ਚੁੱਕੇ ਹਨ।ਪੰਜਾਬ ਸਰਕਾਰ ਵੱਲੋਂ ਕੁੱਝ ਸਮਾਂ ਪਹਿਲਾਂ ਹੀ ਡਾ.ਅਨਿਲ ਗੋਇਲ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਸੀ। ਡਾ. ਗੋਇਲ ਨੇ ਦਸੰਬਰ 1993 ਤੋਂ ਬਠਿੰਡਾ ਦੇ ਪਿੰਡ ਬੁਰਜ ਮਹਿਮਾ ਤੋਂ ਬਤੌਰ ਡਾਕਟਰ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ ਸੀ ਅਤੇ ਉਹ 2017-2023 ਤੱਕ ਗੋਨਿਆਣਾ ਵਿਖੇ ਐੱਸ ਐੱਮ ਓ ਵਜੋਂ ਤਾਇਨਾਤ ਰਹੇ ਸਨ।
ਉਨ੍ਹਾਂ ਫ਼ਰੀਦਕੋਟ ਦੇ ਸਿਵਲ ਸਰਜਨ ਵਜੋਂ ਵੀ ਸਾਲ 2025 ’ਚ ਸੇਵਾਵਾਂ ਦਿੱਤੀਆਂ। ਡਾਕਟਰ ਅਨਿਲ ਗੋਇਲ ਪੰਜਾਬ ’ਚ ਗਿਆਨੀ ਜ਼ੈਲ ਸਿੰਘ ਦੀ ਵਜ਼ਾਰਤ ਸਮੇਂ ਇਮਾਨਦਾਰੀ ਦਾ ਮੁਜਸਮਾ ਮੰਨੇ ਜਾਂਦੇ ਐੱਸ ਐੱਸ ਐੱਸ ਬੋਰਡ ਪੰਜਾਬ ਦੇ ਚੇਅਰਮੈਨ ਹੇਮ ਰਾਜ ਮਿੱਤਲ ਦੇ ਦਮਾਦ ਹਨ। ਡਾ. ਅਨਿਲ ਗੋਇਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਦਾ ਧੰਨਵਾਦ ਵੀ ਕੀਤਾ ਹੈ। ਪਾਵਰ ਕੌਮ ਦੇ ਸਾਬਕਾ ਚੇਅਰਮੈਨ ਅਤੇ ਬਿਜਲੀ ਮਹਿਕਮੇ ਵਿੱਚ ਮੰਨੇ ਪਰਮੰਨੇ ਇੰਜਨੀਅਰ ਬਲਦੇਵ ਸਿੰਘ ਸਰਾਂ ਨੇ ਡਾਕਟਰ ਅਨਿਲ ਗੋਇਲ ਨੂੰ ਇਸ ਨਿਯੁਕਤੀ ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨਾਂ ਨੂੰ ਪੂਰੀ ਉਮੀਦ ਹੈ ਕਿ ਸਿਹਤ ਵਿਭਾਗ ਡਾਕਟਰ ਗੋਇਲ ਦੀ ਅਗਵਾਈ ਹੇਠ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇਗਾ ਅਤੇ ਮਰੀਜ਼ਾਂ ਨੂੰ ਵਧੀਆਂ ਸਿਹਤ ਸੇਵਾਵਾਂ ਮੁੱਹਈਆ ਕਰਵਾਈਆਂ ਜਾ ਸਕਣਗੀਆਂ।
- Download Babushahi App
-
-