ਜਗਰਾਉਂ ਵਿੱਚ ਪ੍ਰੇਮ ਸਿੰਘ ਭੰਗੂ ਵਲੋਂ ਨੁੱਕੜ ਮੀਟਿੰਗਾਂ ਲਗਾਤਾਰ ਜਾਰੀ, ਟਕਸਾਲੀ ਕਾਂਗਰਸੀ ਆਗੂਆਂ ਨਾਲ ਕੀਤੀ ਮੁਲਾਕਾਤ
ਹਲਕੇ ਦੀਆਂ ਹਾਲਤਾਂ ਬਦਲਣ ਲਈ ਲੋਕਾਂ ਨਾਲ ਮਿਲ ਕੇ ਬਣਾਈ ਜਾਵੇਗੀ ਠੋਸ ਰਣਨੀਤੀ : ਪ੍ਰੇਮ ਸਿੰਘ ਭੰਗੂ
ਜਗਰਾਉਂ, 8 ਅਕਤੂਬਰ (ਦੀਪਕ ਜੈਨ)

— ਹਲਕਾ ਜਗਰਾਉਂ ਤੋਂ ਕਾਂਗਰਸ ਦੀ ਟਿੱਕਟ ਦੇ ਚਾਹਵਾਨਅਤੇ ਸਮਾਜ ਸੇਵੀ ਰਿਟਾਇਰਡ ਇੰਸਪੈਕਟਰ ਪ੍ਰੇਮ ਸਿੰਘ ਭੰਗੂ ਵੱਲੋਂ ਹਲਕੇ ਅੰਦਰ ਮੀਟਿੰਗਾਂ ਅਤੇ ਲੋਕ ਸੰਪਰਕ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਹਿਤ ਅੱਜ ਜਗਰਾਉਂ ਦੀ ਮਹਾਵੀਰ ਕਲੋਨੀ ਵਿਖੇ ਉਨ੍ਹਾਂ ਵੱਲੋਂ ਟਕਸਾਲੀ ਕਾਂਗਰਸੀ ਆਗੂਆਂ ਅਤੇ ਇਲਾਕੇ ਦੇ ਮੋਹਤਬਰਾਂ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਲਕਾ ਜਗਰਾਉਂ ਦੀ ਮੌਜੂਦਾ ਸਥਿਤੀ, ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਇਲਾਕੇ ਦੇ ਵਿਕਾਸ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਸ਼ਹਿਰ ਅਤੇ ਪਿੰਡਾਂ ਨਾਲ ਸਬੰਧਤ ਬੁਨਿਆਦੀ ਸਹੂਲਤਾਂ, ਵਿਕਾਸ ਕਾਰਜਾਂ, ਸੜਕਾਂ, ਸਫਾਈ, ਲੋਕਾਂ ਦੀਆਂ ਰੋਜ਼ਮਰ੍ਹਾ ਦੀਆਂ ਮੁਸ਼ਕਲਾਂ ਅਤੇ ਹਲਕੇ ਦੀਆਂ ਹੋਰ ਜ਼ਰੂਰੀ ਲੋੜਾਂ ਸਬੰਧੀ ਵਿਚਾਰ ਸਾਂਝੇ ਕੀਤੇ ਗਏ। ਆਗੂਆਂ ਨੇ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਿਰਫ਼ ਚੋਣਾਂ ਦੇ ਸਮੇਂ ਉਠਾਉਣ ਦੀ ਬਜਾਏ ਲਗਾਤਾਰ ਲੋਕਾਂ ਵਿੱਚ ਰਹਿ ਕੇ ਸਮਝਣ ਅਤੇ ਉਨ੍ਹਾਂ ਦੇ ਹੱਲ ਲਈ ਯਤਨ ਕਰਨ ਦੀ ਲੋੜ ਹੈ।
ਇਸ ਮੌਕੇ ਪ੍ਰੇਮ ਸਿੰਘ ਭੰਗੂ ਨੇ ਕਿਹਾ ਕਿ ਜਗਰਾਉਂ ਦੀ ਤਰੱਕੀ ਲਈ ਸਭ ਤੋਂ ਪਹਿਲਾਂ ਹਲਕੇ ਦੀਆਂ ਅਸਲ ਸਮੱਸਿਆਵਾਂ ਨੂੰ ਸਮਝਣਾ ਅਤੇ ਉਨ੍ਹਾਂ ਦੀ ਤਰਜੀਹ ਤੈਅ ਕਰਨੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਗਰਾਉਂ ਇੱਕ ਇਤਿਹਾਸਕ ਅਤੇ ਮਹੱਤਵਪੂਰਨ ਹਲਕਾ ਹੋਣ ਦੇ ਬਾਵਜੂਦ ਕਈ ਅਜਿਹੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਜਿਨ੍ਹਾਂ ਵੱਲ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਅਤੇ ਸੁਝਾਅ ਜਾਣਨ ਨੂੰ ਪਹਿਲ ਦੇ ਰਹੇ ਹਨ।
ਭੰਗੂ ਨੇ ਕਿਹਾ ਕਿ “ਜਗਰਾਉਂ ਦੀਆਂ ਹਾਲਤਾਂ ਨੂੰ ਬਦਲਣ ਲਈ ਸਿਰਫ਼ ਸਿਆਸੀ ਬਿਆਨਾਂ ਦੀ ਨਹੀਂ, ਸਗੋਂ ਸੁਚੱਜੀ ਯੋਜਨਾਬੰਦੀ, ਇਮਾਨਦਾਰ ਨੀਅਤ ਅਤੇ ਲਗਾਤਾਰ ਮਿਹਨਤ ਦੀ ਲੋੜ ਹੈ। ਮੇਰੀ ਕੋਸ਼ਿਸ਼ ਰਹੇਗੀ ਕਿ ਹਲਕੇ ਦੇ ਹਰ ਵਰਗ ਦੀ ਆਵਾਜ਼ ਸੁਣੀ ਜਾਵੇ ਅਤੇ ਲੋਕਾਂ ਦੇ ਸਹਿਯੋਗ ਨਾਲ ਜਗਰਾਉਂ ਦੇ ਵਿਕਾਸ ਲਈ ਇੱਕ ਠੋਸ ਰੋਡਮੈਪ ਤਿਆਰ ਕੀਤਾ ਜਾਵੇ।”
ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕਾਂ ਦੇ ਸਾਂਝੇ ਮੁੱਦਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਅਨੁਸਾਰ ਜੇਕਰ ਲੋਕਾਂ ਦੀਆਂ ਲੋੜਾਂ ਨੂੰ ਕੇਂਦਰ ਵਿੱਚ ਰੱਖ ਕੇ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਜਾਵੇ ਤਾਂ ਜਗਰਾਉਂ ਨੂੰ ਹੋਰ ਬਿਹਤਰ ਅਤੇ ਵਿਕਸਤ ਹਲਕੇ ਵਜੋਂ ਉਭਾਰਿਆ ਜਾ ਸਕਦਾ ਹੈ।
ਪ੍ਰੇਮ ਸਿੰਘ ਭੰਗੂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਇਲਾਕਿਆਂ ਵਿੱਚ ਲੋਕਾਂ ਨਾਲ ਮੁਲਾਕਾਤਾਂ ਦਾ ਦੌਰ ਹੋਰ ਤੇਜ਼ ਕੀਤਾ ਜਾਵੇਗਾ ਤਾਂ ਜੋ ਹਰ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਸਮਝਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਗਰਾਉਂ ਦੇ ਲੋਕਾਂ ਦੀਆਂ ਉਮੀਦਾਂ ਅਤੇ ਭਰੋਸੇ ’ਤੇ ਖਰਾ ਉਤਰਨਾ ਹੀ ਉਨ੍ਹਾਂ ਦੀ ਮੁੱਖ ਤਰਜੀਹ ਰਹੇਗੀ।
ਇਸ ਮੌਕੇ ਮਾਸਟਰ ਹਰਦੀਪ ਸਿੰਘ ਜੱਸੀ, ਓਬੀਸੀ ਵਿੰਗ ਦੇ ਬਲਾਕ ਚੇਅਰਮੈਨ, ਵਿਕਰਮ ਜੌਲੀ ਸਾਬਕਾ ਕੌਂਸਲਰ, ਏ.ਐੱਸ.ਆਈ. ਤਰਸੇਮ ਲਾਲ, ਵਰੁਣ ਗੁਪਤਾ, ਸਰਪੰਚ ਜਗਦੀਸ਼ ਸ਼ਰਮਾ, ਸੁਖਜਿੰਦਰ ਸਿੰਘ ਸੁੱਖੀ, ਮਾਸਟਰ ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਹੈਪੀ, ਅਵਤਾਰ ਸਿੰਘ ਚੌਧਰੀ, ਸਤਨਾਮ ਸਿੰਘ ਰਾਜਾ ਸਮੇਤ ਹੋਰ ਆਗੂ ਅਤੇ ਸਾਥੀ ਹਾਜ਼ਰ ਸਨ।
- Download Babushahi App
-
-