ਭਗਵੰਤ ਮਾਨ ਨੇ ਰਾਜਵੀਰ ਜਵੰਦਾ ਦੀ ਸਿਹਤ ਬਾਰੇ ਦੱਸੀ ਤਾਜ਼ਾ ਹਾਲਤ, ਪੜ੍ਹੋ ਕੀ ਕੁੱਝ ਕਿਹਾ?
ਮੋਹਾਲੀ, 28 ਸਤੰਬਰ 2025: ਮੁੱਖ ਮੰਤਰੀ ਭਗਵੰਤ ਮਾਨ ਅੱਜ ਫੋਰਟਿਸ ਹਸਪਤਾਲ ਵਿੱਚ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਦਾ ਹਾਲ ਜਾਨਣ ਵਾਸਤੇ ਗਏ। ਜਿੱਥੇ ਉਨ੍ਹਾਂ ਨੇ ਡਾਕਟਰਾਂ ਕੋਲੋਂ ਜਵੰਦਾ ਦੀ ਸਿਹਤ ਬਾਰੇ ਅਪਡੇਟ ਲਈ ਅਤੇ ਨਾਲ ਹੀ ਜਵੰਦਾ ਦੇ ਪਰਿਵਾਰ ਦਾ ਹੌਂਸਲਾ ਵੀ ਵਧਾਇਆ। ਰਾਜਵੀਰ ਹਿਮਾਚਲ ਵਿੱਚ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਸਨ, ਜਿਸ ਕਾਰਨ ਬੀਤੇ ਕੱਲ੍ਹ ਤੋਂ ਹੀ ਫੋਰਟਿਸ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਜਾਰੀ ਹੈ।
ਭਗਵੰਤ ਮਾਨ ਨੇ ਡਾਕਟਰਾਂ ਦੇ ਹਵਾਲੇ ਨਾਲ ਮੀਡੀਆ ਨੂੰ ਦੱਸਿਆ ਕਿ ਕੱਲ੍ਹ ਹਾਰਟ ਅਤੇ ਹੋਰ ਅੰਗ ਪ੍ਰਭਾਵਿਤ ਸਨ, ਪਰ ਅੱਜ ਹਾਲਤ ਸੁਧਰ ਰਹੀ ਹੈ। ਚਾਰ ਲਾਈਫ ਸਪੋਰਟ ਵਿੱਚੋਂ ਇੱਕ ਬਾਕੀ ਹੈ, ਹਾਰਟ ਬੀਟ ਸਥਿਰ ਹੋ ਗਈ, ਪਰ ਸਿਰ ਦੀ ਗੰਭੀਰ ਇੰਜਰੀ ਕਾਰਨ ਰਿਕਵਰੀ ਹੌਲੀ ਹੌਲੀ ਹੋ ਰਹੀ ਹੈ। ਐਮਆਰਆਈ ਅਤੇ ਹੋਰ ਟੈਸਟ ਚੱਲ ਰਹੇ ਹਨ, ਜਦਕਿ ਪੀਜੀਆਈ ਤੋਂ ਐਕਸਪਰਟਾਂ ਤੋਂ ਸਲਾਹ ਲਈ ਜਾ ਰਹੀ ਹੈ।
ਸੀਐੱਮ ਮਾਨ ਨੇ ਕਿਹਾ ਕਿ, ਰਾਜਵੀਰ ਦੇ ਮਾਤਾ-ਪਿਤਾ ਅਤੇ ਪਤਨੀ ਨੇ ਦੱਸਿਆ ਕਿ ਉਹਨਾਂ ਨੂੰ ਹੁਣ ਥੋੜ੍ਹੀ ਉਮੀਦ ਜਗੀ ਹੈ ਅਤੇ ਦੁਆਵਾਂ-ਅਰਦਾਸਾਂ ਜਾਰੀ ਹਨ। ਪਰਿਵਾਰ ਨੇ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਰਾਜਵੀਰ ਠੀਕ ਹੋ ਕੇ ਵਾਪਸ ਆਵੇ ਅਤੇ ਪੰਜਾਬੀ ਬੋਲੀ-ਸੱਭਿਆਚਾਰ ਨੂੰ ਦੁਨੀਆ ਭਰ ਵਿੱਚ ਫੈਲਾਉਣ ਵਿੱਚ ਯੋਗਦਾਨ ਪਾਵੇ।" ਉਨ੍ਹਾਂ ਦੇ ਸਾਥੀ ਕਲਾਕਾਰ ਵੀ ਹਸਪਤਾਲ ਪਹੁੰਚ ਰਹੇ ਹਨ ਅਤੇ ਪਰਿਵਾਰ ਨੂੰ ਹੌਸਲਾ ਦੇ ਰਹੇ ਹਨ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਮੀਡੀਆ 'ਤੇ ਝੂਠੀਆਂ ਅਫਵਾਹਾਂ ਤੋਂ ਬਚਣ, ਕਿਉਂਕਿ ਇਹ ਪਰਿਵਾਰ ਨੂੰ ਹੋਰ ਦੁੱਖ ਪਹੁੰਚਾਉਂਦੀਆਂ ਹਨ। ਡਾਕਟਰਾਂ ਵੱਲੋਂ ਰੋਜ਼ਾਨਾ ਬੁਲੇਟਿਨ ਜਾਰੀ ਕੀਤੇ ਜਾ ਰਹੇ ਹਨ, ਜੋ ਅਸਲ ਜਾਣਕਾਰੀ ਹਨ।