ਐੱਸ.ਏ.ਐੱਸ. ਨਗਰ 18 ਫਰਵਰੀ,2019 : ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਪੰਜਾਬ ਦੇ ਸਕੂਲ਼ਾਂ 'ਚ ਕੰਮ ਕਰਦੇ ਅਧਿਆਪਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਮੰਤਰੀ ਓ ਪੀ ਸੋਨੀ ਸਰਕਾਰੀ ਸਕੂਲਾਂ ਨੂੰ ਸਿੱਖਿਆ ਦੇ ਖੇਤਰ 'ਚ ਵਧੀਆ ਮੁਕਾਮ 'ਤੇ ਖੜੇ ਕਰਨ ਅਤੇ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਸਿੱਖਿਆ ਨੂੰ ਗੁਣਾਤਮਿਕ ਬਣਾਉਣ ਲਈ ਕੰਮ ਕਰ ਰਹੇ ਹਨ|
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਸਬੰਧੀ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਅਧਿਆਪਕ ਇਸ ਸਾਲ ਸਕੂਲਾਂ 'ਚ ਸਕੂਲ ਮੁਖੀਆਂ ਮਿਲ ਕੇ ਵਾਧੂ ਜਮਾਤਾਂ ਲਗਾ ਰਹੇ ਹਨ| ਨਤੀਜਿਆਂ ਨੂੰ ਬਿਹਤਰ ਕਰਨ ਦੀ ਯੋਜਨਾਬੰਦੀ ਕਰ ਰਹੇ ਹਨ| ਹਰ ਸਕੂਲ ਵਿੱਚ ਵਿਦਿਆਰਥੀ ਕੇਂਦਰਿਤ ਪਹੁੰਚ ਨਾਲ ਕੰਮ ਕਰਕੇ ਹਰ ਵਿਦਿਆਰਥੀ ਦਾ ਨਿਜੀ ਨਤੀਜਾ ਵੀ ਸੁਧਾਰਨ ਦਾ ਸੁਹਿਰਦ ਯਤਨ ਕੀਤਾ ਜਾ ਰਿਹਾ ਹੈ| ਬਹੁਤ ਸਾਰੇ ਅਧਿਆਪਕ ਜ਼ੀਰੋ ਪੀਰੀਅਡ ਲਗਾ ਰਹੇ ਹਨ| ਐਤਵਾਰ ਤੇ ਗਜ਼ਟਿਡ ਛੁੱਟੀਆਂ ਵਾਲੇ ਦਿਨ ਵੀ ਸਕੂਲਾਂ ਵਿੱਚ ਜਾ ਕੇ ਬੋਰਡ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ| ਮਿਹਨਤ ਤੇ ਲਗਨ ਨਾਲ ਕੰਮ ਕਰਦੇ ਅਧਿਆਪਕਾਂ ਨੂੰ ਹਰ ਹਫ਼ਤੇ ਪ੍ਰਸ਼ੰਸ਼ਾ-ਪੱਤਰ ਦਿੱਤੇ ਜਾ ਰਹੇ ਹਨ|
ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ ਨੇ ਪਿਛਲ਼ੇ ਦੋ ਸਾਲਾਂ ਤੋਂ ਪਹਿਲਾਂ ਦੇ ਅਰਸੇ ਦੌਰਾਨ ਸਿੱਖਿਆ ਪੱਧਰਾਂ ਵਿੱਚ ਆਈ ਗਿਰਾਵਟ ਅਤੇ ਪਿਛਲੇ ਦੋ ਸਾਲਾਂ ਦੌਰਾਨ ਸਿੱਖਿਆ ਪੱਧਰਾਂ ਵਿੱਚ ਆਏ ਚੰਗੇ ਬਦਲਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ| ਉਹਨਾਂ ਦੱਸਿਆ ਕਿ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਨੇ ਪਿਛਲ਼ੇ ਦੋ ਸਾਲਾਂ ਦੌਰਾਨ ਸਕਾਰਾਤਮਕ ਬਦਲਾਵਾਂ ਲਈ ਅਹਿਮ ਭੂਮਿਕਾ ਨਿਭਾਈ ਹੈ| ਸਮੇਂ ਅਨੁਸਾਰ ਯੋਜਨਾਬੱਧ ਅਧਿਆਪਕ ਸਿਖਲਾਈ ਵਰਕਸ਼ਾਪਾਂ, ਵਿਦਿਆਰਥੀਆਂ ਨੂੰ ਵਿਸ਼ੇ ਦੀ ਵਿਵਹਾਰਕ ਸੂਝ-ਬੂਝ ਲਈ ਗਣਿਤ-ਵਿਗਿਆਨ ਦੇ ਗਿਆਨ ਮੇਲਿਆਂ ਦਾ ਆਯੋਜਨ, ਅਕਾਦਮਿਕ ਤੇ ਸਹਿ-ਅਕਾਦਮਿਕ ਮੁਕਾਬਲਿਆਂ ਨਾਲ ਵਿਦਿਆਰਥੀਆਂ ਨੂੰ ਹੋਰ ਵਧੀਆ ਪ੍ਰਦਰਸ਼ਨ ਲਈ ਪ੍ਰੇਰਨਾ, ਸੁੰਦਰ ਲਿਖਾਈ ਦੀਆਂ ਸਿਖਲਾਈ ਵਰਕਸ਼ਾਪਾਂ ਨੇ ਬੱਚਿਆਂ ਦੇ ਸਿੱਖਣ ਪੱਧਰਾਂ ਨੂੰ ਵਧੀਆ ਬਣਾਉਣ ਵਿੱਚ ਸਹਾਇਤਾ ਕੀਤੀ ਹੈ|
ਇਸ ਮੌਕੇ ਵੱਖ-ਵੱਖ ਜ਼ਿਲ਼੍ਹਿਆਂ ਤੋਂ ਆਏ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਨੇ ਸਕੱਤਰ ਸਕੂਲ ਸਿੱਖਿਆ ਨੂੰ ਜਾਣਕਾਰੀ ਦਿੱਤੀ ਕਿ ਉਹ ਆਪਣੇ ਸਬੰਧਿਤ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਅਗਵਾਈ ਵਿੱਚ ਸਕੂਲ ਸਮੇਂ ਤੋਂ ਬਾਅਦ ਵੀ ਪਿੰਡਾਂ ਤੇ ਸ਼ਹਿਰਾਂ ਵਿੱਚ ਬੱਚਿਆਂ ਦੇ ਮਾਪਿਆਂ ਨੂੰ ਮਿਲ ਰਹੇ ਹਨ ਤੇ ਅੱਗੇ ਤੋਂ ਵੀ ਮਿਲਦੇ ਮਿਲਣਗੇ ਤਾਂ ਜੋ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਤੇ ਇਮਾਰਤਾਂ ਵਿੱਚ ਆ ਰਹੇ ਬਦਲਾਵਾਂ ਬਾਰੇ ਸਹੀ ਜਾਣਕਾਰੀ ਦਿੱਤੀ ਜਾਂਦੀ ਰਹਿ ਸਕੇ| ਉਹਨਾਂ ਕਿਹਾ ਕਿ ਸਕੂਲਾਂ ਵਿੱਚ ਇਸ ਸਾਲ ਪਹਿਲੀ ਵਾਰ ਸਲਾਨਾ ਸਮਾਗਮ ਕਰਵਾਏ ਗਏ ਹਨ ਜਿਸ ਨਾਲ ਮਾਪਿਆਂ ਨੇ ਸਕੂਲਾਂ ਵਿੱਚ ਆ ਕੇ ਸਕੂਲਾਂ ਦੀਆਂ ਇਮਾਰਤਾਂ ਦੇ ਸੁੰਦਰੀਕਰਨ ਦੀ ਝਲਕ ਦੇਖੀ ਹੈ|ਮਾਪਿਆਂ ਤੇ ਇਲਾਕੇ ਦੇ ਮੋਹਤਬਰਾਂ ਵਿੱਚ ਵੀ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਪ੍ਰੋਜੈਕਟ ਦੀ ਚਰਚਾ ਹੈ ਅਤੇ ਸਕੂਲਾਂ ਵਿੱਚ ਬੱਚਿਆਂ ਦੀ ਗੁਣਾਤਮਿਕ ਤੇ ਸਹਿ-ਅਕਾਦਮਿਕ ਪੱਖਾਂ ਵਿੱਚ ਆਏ ਸੁਧਾਰਾਂ ਦੀ ਵੀ ਗਲੀ-ਗਲੀ ਸਰਾਹਨਾ ਹੋ ਰਹੀ ਹੈ| ਇਸ ਸਭ ਲਈ ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਦੇ ਉੱਚ ਅਧਿਕਾਰੀਆਂ ਵੱਲੋਂ ਦਿੱਤੀਆਂ ਜਾ ਰਹੇ ਦਿਸ਼ਾ ਨਿਰਦੇਸ਼ਾਂ ਲਾਹੇਵੰਦ ਸਿੱਧ ਹੋ ਰਹੇ ਹਨ|
ਅਧਿਆਪਕਾਂ ਨੇ ਸੁਝਾਅ ਦਿੱਤੇ ਕਿ ਇਹਨਾਂ ਦਿਨਾਂ ਵਿੱਚ ਬੱਚਿਆਂ ਨੂੰ ਇਮਤਿਹਾਨਾਂ ਦੀਆਂ ਤਿਆਰੀਆਂ ਲਈ ਅਗਵਾਈ ਦੇਣ ਹਿੱਤ ਅਤੇ ਮਾਪਿਆਂ ਤੇ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਹੋ ਰਹੇ ਬਦਲਾਵਾਂ ਬਾਰੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਜਾਵੇ ਜਿਸ ਲਈ ਸਮੂਹ ਅਧਿਆਪਕ ਆਪਣਾ ਬਣਦਾ ਸਹਿਯੋਗ ਦਿੰਦੇ ਰਹਿਣਗੇ|