ਘਰੇਲੂ ਮਜਦੂਰ ਏਕਤਾ ਯੂਨੀਅਨ ਵਲੋਂ ਵਿਸ਼ਾਲ ਕਰਜਾ ਮੁਕਤੀ ਰੈਲੀ
- ਮਾਈਕਰੋ ਫਾਇਨਾਂਸ ਕੰਪਨੀਆਂ ਦੇ ਮਕੜਜਾਲ ’ਚੋਂ ਕੱਢਣ ਦੀ ਕੀਤੀ ਮੰਗ
- ਸੀ.ਪੀ.ਆਈ. ਦੇ ਉਮੀਦਵਾਰ ਮਾਸਟਰ ਗੁਰਚਰਨ ਸਿੰਘ ਮਾਨ ਨੇ ਕੀਤਾ ਸਮਰਥਨ
ਦੀਪਕ ਗਰਗ
ਕੋਟਕਪੂਰਾ, 26 ਅਪ੍ਰੈਲ 2024:- ਘਰੇਲੂ ਮਜਦੂਰ ਏਕਤਾ ਯੂਨੀਅਨ ਸਬੰਧਿਤ ਏਟਕ ਵੱਲੋਂ ਅੱਜ ਸਥਾਨਕ ਮਿਨੀ ਸਕੱਤਰੇਤ ਵਿਖੇ ਵਿਸਾਲ ਕਰਜਾ ਮੁਕਤੀ ਰੈਲੀ ਕੀਤੀ। ਰੈਲੀ ਨੂੰ ਪੰਜਾਬ ਖੇਤ ਮਜਦੂਰ ਸਭਾ ਦੀ ਸੂਬਾ ਜਨਰਲ ਸਕੱਤਰ ਬੀਬੀ ਦੇਵੀ ਕੁਮਾਰੀ, ਜਿਲਾ ਪ੍ਰਧਾਨ ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਪੰਜਾਬ ਇਸਤਰੀ ਸਭਾ ਦੀ ਸੂਬਾ ਜਨਰਲ ਸਕੱਤਰ ਬੀਬੀ ਨਰਿੰਦਰ ਸੋਹਲ, ਕੁੱਲ ਹਿੰਦ ਕਿਸਾਨ ਸਭਾ ਦੇ ਜਿਲਾ ਪ੍ਰਧਾਨ ਸੁਖਜਿੰਦਰ ਸਿੰਘ ਤੂੰਬੜਭੰਨ, ਏਟਕ ਆਗੂ ਹਰਪਾਲ ਸਿੰਘ ਮਚਾਕੀ ਅਤੇ ਸੁਖਦੇਵ ਸਿੰਘ ਮੱਲੀ ਪੀਆਰਟੀਸੀ ਪੈਨਸਨਰ ਆਗੂ ਨੇ ਸੰਬੋਧਨ ਕਰਦੇ ਹੋਏ ਮਾਈਕਰੋ ਫਾਇਨਾਂਸ ਕੰਪਨੀਆਂ ਵੱਲੋਂ ਗਰੀਬ ਔਰਤਾਂ ਨੂੰ ਕਰਜਾ ਦੇਣ ਦੀ ਆੜ ਵਿਚ ਕੀਤੀ ਜਾ ਰਹੀ ਅੰਨੀ ਲੁਟ ਤੇ ਲਗਾਮ ਲਾਉਣ ਦੀ ਮੰਗ ਕੀਤੀ।
ਆਗੂਆਂ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਕਿਵੇਂ ਪੰਜਾਬ ਤੋਂ ਬਾਹਰਲੀਆਂ ਇੰਨਾਂ ਪ੍ਰਾਈਵੇਟ ਫਾਇਨਾਂਸ ਕੰਪਨੀਆਂ ਨੇ ਗਰੀਬ ਅਤੇ ਦਲਿਤ ਵਰਗ ਦੀਆਂ ਔਰਤਾਂ ਨੂੰ ਕਰਜੇ ਦੇ ਜਾਲ ਵਿੱਚ ਫਸਾਇਆ ਹੋਇਆ ਹੈ ਅਤੇ ਕਿਸਤਾਂ ਦੀ ਉਗਰਾਹੀ ਲਈ ਗੈਰ ਕਾਨੂੰਨੀ ਹੱਥਕੰਡੇ ਵਰਤ ਕੇ ਗਰੀਬ ਪਰਿਵਾਰਾ ਦੀ ਜÇੰਦਗੀ ਨੂੰ ਨਰਕ ਦੇ ਸਮਾਨ ਬਣਾ ਦਿੱਤਾ ਗਿਆ ਹੈ। ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂਆਂ ਜਗਤਾਰ ਸਿੰਘ ਭਾਣਾ, ਚਰਨਜੀਤ ਸਿੰਘ ਚੰਬੇਲੀ , ਗੋਰਾ ਪਿਪਲੀ, ਮੁਖਤਿਆਰ ਸਿੰਘ, ਸੁਖਦਰਸਨ ਰਾਮ ਅਤੇ ਭਲਵਿੰਦਰ ਸਿੰਘ ਔਲਖ ਅਤੇ ਜਿਲਾ ਸਕੱਤਰ ਅਸੋਕ ਕੌਸਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਕਰਜਾ ਮੁਆਫੀ ਵਾਂਗ ਗਰੀਬ ਔਰਤਾਂ ਦੇ ਕਰਜੇ ਮੁਆਫੀ ਕੀਤੇ ਜਾਣ। ਉੱਨਾਂ ਕਿਹਾ ਕਿ ਜੇ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟਾ ਦਾ 16 ਲੱਖ ਕਰੋੜ ਰੁ ਦਾ ਸਰਕਾਰੀ ਬੈਂਕਾਂ ਤੋਂ ਲਿਆ ਕਰਜਾ ਵੱਟੇ ਖਾਤੇ ਪਾ ਸਕਦੀ ਹੈ ਤਾਂ ਇੰਨਾਂ ਗਰੀਬ ਮਜਦੂਰ ਔਰਤਾਂ ਦੀ ਰਕਮ ਮਾਮੂਲੀ ਹੈ। ਜਿਲਾ ਪਰਸਾਸਨ ਰਾਹੀ ਮੁੱਖ ਮੰਤਰੀ ਦੇ ਨਾਂ 801 ਦਰਖਾਸਤਾਂ ਦਾ ਬੰਡਲ ਸੌਂਪਿਆ ਗਿਆ ਜੋ ਉੱਨਾਂ ਨੇ ਰੈਲੀ ਵਿੱਚ ਪਹੁੰਚ ਕੇ ਵਸੂਲ ਕੀਤਾ। ਮਾਸਟਰ ਗੁਰਚਰਨ ਸਿੰਘ ਮਾਨ ਉਮੀਦਵਾਰ ਭਾਰਤੀ ਕਮਿਊਨਿਸਟ ਪਾਰਟੀ ਨੇ ਆਪਣੇ ਵੱਲੋਂ ਇਹ ਮੰਗ ਸੰਸਦ ਤੱਕ ਪਹੁੰਚਾਉਣ ਲਈ ਮਜਦੂਰ ਔਰਤਾਂ ਤੋਂ ਮਦਦ ਦੀ ਮੰਗ ਕੀਤੀ। ਸਹਿਰ ਵਿੱਚ ਜੋਰਦਾਰ ਮੁਜਾਹਰਾ ਵੀ ਕੀਤਾ ਗਿਆ ਜਿਸ ਵਿੱਚ “ਭਾਜਪਾ ਹਰਾਓ, ਦੇਸ ਬਚਾਓ” ਆਦਿ ਨਾਹਰੇ ਲਾਏ ਗਏ।