ਬਾਬਾ ਫਰੀਦ ਪਬਲਿਕ ਸਕੂਲ ਵਿਖੇ ਨੈਤਿਕ ਕਦਰਾਂ-ਕੀਮਤਾਂ ਨਾਲ ਸਬੰਧਤ ਕਰਵਾਇਆ ਸੈਮੀਨਾਰ
ਦੀਪਕ ਗਰਗ
ਕੋਟਕਪੂਰਾ, 26 ਅਪ੍ਰੈਲ 2024 :- ਬਾਬਾ ਫਰੀਦ ਪਬਲਿਕ ਸਕੂਲ ਫਰੀਦਕੋਟ ਵਿਖੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਵਿਦਿਆਰਥੀ ਸਖਸ਼ੀਅਤ-ਉਸਾਰੀ ਇੱਕ ਵਿਸ਼ੇਸ਼ ਸੈਮੀਨਾਰ ਸਕੂਲ ਮੈਨੇਜਮੈਂਟ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਸੈਮੀਨਾਰ ’ਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣੀਆਂ ਸੇਵਾਵਾ ਨਿਭਾਅ ਰਹੇ ਖੇਤੀਬਾੜੀ ਅਫਸਰ ਡਾ. ਅਵੀਨਿੰਦਰ ਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਆਪਣੀ ਸਰਵਪੱਖੀ ਸਖਸ਼ੀਅਤ ਦੀ ਉਸਾਰੀ ਤਹਿਤ ਨੈਤਿਕ ਕਦਰਾਂ-ਕੀਮਤਾਂ ’ਤੇ ਜੋਰ ਦਿੰਦੇ ਹੋਏ ਕਿਹਾ ਕਿ ਇੱਕ ਡਾਕਟਰ, ਇੰਜੀਨੀਅਰ ਬਣਨ ਤੋਂ ਪਹਿਲਾਂ ਸਾਡਾ ਇੱਕ ਚੰਗਾ ਇਨਸਾਨ ਬਣਨਾ ਬੇਹੱਦ ਜਰੂਰੀ ਹੈ ਕਿਉਂਕਿ ਅੱਜ ਦੀ ਇਸ ਭੱਜ-ਦੌੜ ਅਤੇ ਆਧੁਨਿਕ ਤਕਨਾਲੋਜੀ ਨਾਲ ਭਰੀ ਜਿੰਦਗੀ ’ਚ ਵਿਦਿਆਰਥੀਆਂ ਅੰਦਰ ਨੈਤਿਕ ਕਦਰਾਂ-ਕੀਮਤਾਂ ਘਟਦੀਆਂ ਜਾ ਰਹੀਆਂ ਹਨ। ਵਿਦਿਆਰਥੀਆਂ ਅੰਦਰ ਨੈਤਿਕ ਕਦਰਾਂ-ਕੀਮਤਾਂ ਨੂੰ ਭਰਨ ਅਤੇ ਉਚੇਰੀ ਸੋਚ ਅਪਨਾਉਣ ਹਿੱਤ ਹੀ ਸਕੂਲ ਵੱਲੋਂ ਇਹ ਸੈਮੀਨਾਰ ਕਰਵਾਇਆ ਗਿਆ।
ਜਿਸ ’ਚ ਲਗਭਗ 650 ਵਿਦਿਆਰਥੀ ਸ਼ਾਮਿਲ ਸਨ। ਸੈਮੀਨਾਰ ’ਚ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੇ ਨਾਲ-ਨਾਲ ਆਪਣੇ ਅਤੇ ਹੋਰਾਂ ਪ੍ਰਤੀ ਵਿਸਾਲ ਨਜਰੀਆ ਰੱਖਣ ਅਤੇ ਸੁਭ ਕਾਰਜ ਕਰਨ ਵਰਗੇ ਗੁਣਾਂ ਨੂੰ ਗ੍ਰਹਿਣ ਕਰਨ ਬਾਰੇ ਪ੍ਰੇਰਿਤ ਕੀਤਾ ਗਿਆ। ਅਵੀਨਿੰਦਰਪਾਲ ਸਿੰਘ ਨੇ ਇਸ ਮੌਕੇ ਗੁਰਬਾਣੀ ਦੀਆਂ ਵੱਖ-ਵੱਖ ਤੁਕਾਂ ਦਾ ਹਵਾਲਾ ਦਿੰਦਿਆਂ ਆਪਣੀ ਸੋਚ ਨੂੰ ਉੱਚਾ ਕਰਨ ਅਤੇ ਦੂਜਿਆਂ ਪ੍ਰਤੀ ਸਹੀ ਮੁਲਾਂਕਣ ਕਰਨ ਲਈ ਵੀ ਪ੍ਰੇਰਤ ਕੀਤਾ। ਸੈਮੀਨਾਰ ’ਚ ਅਦਾਰੇ ਦੇ ਚੇਅਰਮੈਨ ਸਿਮਰਜੀਤ ਸਿੰਘ ਸੇਖੋ, ਪ੍ਰਧਾਨ ਗੁਰਇੰਦਰਮੋਹਨ ਸਿੰਘ, ਵਾਈਸ ਪਿ੍ਰੰਸੀਪਲ ਹਰਸਿਮਰਨਜੀਤ ਕੌਰ, ਸਾਰੇ ਕੋਆਰਡੀਨੇਟਰਜ ਤੋਂ ਇਲਾਵਾ ਅਧਿਆਪਕ ਵੀ ਹਾਜਰ ਸਨ। ਇਸ ਸੰਸਥਾ ਵੱਲੋਂ ਸਮੇਂ-ਸਮੇਂ ‘ਤੇ ਵਿਦਿਆਰਥੀਆਂ ਦੀ ਸਖਸ਼ੀਅਤ ਨੂੰ ਉਸਾਰਣ ਲਈ ਵੱਖ-ਵੱਖ ਤਰ੍ਹਾਂ ਦੇ ਸੈਮੀਨਾਰ ਲਵਾਏ ਜਾਣਗੇ। ਜਿਸ ’ਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਉੱਚਕਦਰਾਂ-ਕੀਮਤਾਂ ਨੂੰ ਧਾਰਨ ਦੀ ਸਿੱਖਿਆ ਵੀ ਮਿਲ ਸਕੇ।