ਝੋਨੇ ਦੀ ਪੂਸਾ-44 ਕਿਸਮ ਬੀਜਣ ਤੋਂ ਗੁਰੇਜ਼ ਕੀਤਾ ਜਾਵੇ: ਮੁੱਖ ਖੇਤੀਬਾੜੀ ਅਫਸਰ
ਰੂਪਨਗਰ, 26 ਅਪ੍ਰੈਲ 024: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾਂ ਨਿਰਦੇਸ਼ਾਂ ਅਧੀਨ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਗੁਰਬਚਨ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਬੀਜ ਵਿਕਰੇਤਾਵਾਂ ਨੂੰ ਸੀਜਨ ਦੌਰਾਨ ਝੋਨੇ ਦੀ ਪੂਸਾ—44 ਕਿਸਮ ਨੂੰ ਵੇਚਣ ਤੋਂ ਗੁਰੇਜ਼ ਕਰਨ ਲਈ ਹਦਾਇਤਾਂ ਜਾਰੀਂ ਕੀਤੀਆਂ ਗਈਆਂ।
ਬਲਾਕ ਖੇਤੀਬਾੜੀ ਅਫਸਰ ਨੂਰਪੁਰਬੇਦੀ ਡਾ. ਪੰਕਜ ਸਿੰਘ ਵੱਲੋਂ ਬੀਜ ਡੀਲਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਇਸ ਕਿਸਮ ਦੇ ਬੀਜ ਨੂੰ ਵੇਚਣ ਅਤੇ ਰੱਖਣ ਤੋਂ ਮਨ੍ਹਾ ਕੀਤਾ ਗਿਆ ਅਤੇ ਕਿਸਾਨਾਂ ਨੂੰ ਵੇਚੇ ਗਏ ਬੀਜ ਦਾ ਰਿਕਾਰਡ ਮੁਕੰਮਲ ਰੱਖਣ ਲਈ ਕਿਹਾ ਗਿਆ।
ਡਾ. ਗੁਰਬਚਨ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਲਗਾਤਾਰ ਕਾਸ਼ਤ ਕਰਨ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਲੈਵਲ ਡਿੱਗਦਾ ਜਾ ਰਿਹਾ ਹੈ। ਪਾਣੀ ਦੀ ਬੱਚਤ ਲਈ ਝੋਨੇ ਦੀ ਪੂਸਾ-44 ਕਿਸਮ ਨੂੰ ਬੀਜਣ ਤੋਂ ਮਨ੍ਹਾ ਕੀਤਾ ਗਿਆ ਕਿਉਂਕਿ ਇਹ ਕਿਸਮ ਬਾਕੀ ਕਿਸਮਾਂ ਦੇ ਮੁਕਾਬਲੇ 15 ਤੋਂ 20 ਫ਼ੀਸਦ ਪਾਣੀ ਦੀ ਵੱਧ ਖਪਤ ਕਰਦੀ ਹੈ ਅਤੇ ਵੱਧ ਸਮਾਂ ਲੈਂਦੀ ਹੈ ਜਿਸ ਕਾਰਨ ਕਣਕ ਦੀ ਬਿਜਾਈ ਲੇਟ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ ਇਸ ਕਿਸਮ ਦਾ ਪਰਾਲ ਵੀ ਬਾਕੀ ਕਿਸਮਾਂ ਦੇ ਮੁਕਾਬਲੇ ਜਿ਼ਆਦਾ ਹੁੰਦਾ ਹੈ ਜਿਸ ਕਾਰਨ ਪਰਾਲੀ ਪ੍ਰਬੰਧਨ ਵਿੱਚ ਸਮੱਸਿਆ ਆਉਂਦੀ ਹੈ। ਇਸ ਕਿਸਮ ਨੂੰ ਬਿਮਾਰੀਆਂ ਵੀ ਵੱਧ ਲਗਦੀਆਂ ਹਨ। ਇਸ ਦੀ ਕਾਸ਼ਤ ਨਾਲ ਵਾਤਾਵਰਣ ਪ੍ਰਭਾਵਿਤ ਹੁੰਦਾ ਹੈ ਅਤੇ ਕਿਸਾਨਾਂ ਦਾ ਮੁਨਾਫਾ ਵੀ ਘਟਦਾ ਹੈ। ਇਸ ਲਈ ਕਿਸਾਨ ਵੀਰ ਇਸ ਕਿਸਮ ਦੀ ਕਾਸ਼ਤ ਨਾ ਕਰਕੇ ਪੰਜਾਬ ਦਾ ਭਵਿੱਖ ਸੁਧਾਰਨ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ।