ਸਰਕਾਰੀ ਹਾਈ ਸਕੂਲ ਸਰਸੀਣੀ ਵਿਖੇ ਸੇਫਟੀ ਸਬੰਧੀ ਸੈਮੀਨਾਰ ਕਰਵਾਇਆ
ਮਲਕੀਤ ਸਿੰਘ ਮਲਕਪੁਰ
ਲਾਲੜੂ 26 ਅਪ੍ਰੈਲ 2024: ਗੇਟਸ ਇੰਡੀਆ ਪ੍ਰਾਈਵੇਟ ਲਿਮਟਿਡ ਲਾਲੜੂ ਵੱਲੋਂ ਐਚ.ਆਰ. ਹੈੱਡ ਸ਼੍ਰੀ ਅਜੀਤ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਸਰਸੀਣੀ ਵਿਖੇ "ਰੋਡ ਸੇਫਟੀ" ਅਤੇ "ਫਾਇਰ ਸੇਫਟੀ" ਵਿਸ਼ੇ ਉਪਰ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੌਰਾਨ ਕੰਪਨੀ ਦੇ ਐਚ.ਐਸ.ਈ. ਹੈੱਡ ਸ਼੍ਰੀ ਮਹੇਸ਼ ਸਿੰਘ ਵੱਲੋਂ ਆਪਣੀ ਟੀਮ ਨਾਲ ਸਕੂਲ ਵਿੱਚ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਨਿਯਮਾਂ, ਅੱਗ ਤੇ ਕਾਬੂ ਅਤੇ ਬਚਾਓ, ਬਿਜਲੀ ਯੰਤਰਾਂ ਦੀ ਵਰਤੋਂ ਕਰਨ ਵੇਲੇ ਜ਼ਰੂਰੀ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ ਗਈ। ਸ਼੍ਰੀ ਦੁਪਿੰਦਰ ਸ਼ਰਮਾ ਵੱਲੋਂ ਪਲਾਸਟਿਕ ਦੇ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਇਸਦੀ ਵਰਤੋਂ ਘੱਟ ਕਰਨ ਦਾ ਸੰਦੇਸ਼ ਦਿੱਤਾ ਗਿਆ।
ਸਕੂਲ ਹੈੱਡਮਾਸਟਰ ਕੁਲਵਿੰਦਰ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਨੂੰ 'ਜੀ ਆਇਆਂ' ਆਖਦਿਆਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਇਸ ਸੈਮੀਨਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਰੋਜ਼ਾਨਾ ਜ਼ਿੰਦਗੀ ਵਿੱਚ ਇਨ੍ਹਾਂ ਗੱਲਾਂ ਨੂੰ ਲਾਗੂ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਕੰਪਨੀ ਦੇ ਅਧਿਕਾਰੀਆਂ ਵੱਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਤੇ ਤਸੱਲੀ ਪ੍ਰਗਟ ਕਰਦਿਆਂ ਭਵਿੱਖ ਵਿੱਚ ਸਕੂਲ ਨੂੰ ਬੁਨਿਆਦੀ ਲੋੜਾਂ ਮਹੁੱਈਆ ਕਰਵਾਉਣ ਲਈ ਸੰਭਵ ਮਦਦ ਦੇਣ ਦਾ ਵਾਅਦਾ ਕੀਤਾ। ਅੰਤ ਵਿੱਚ ਇਸ ਪ੍ਰੋਗਰਾਮ ਦੇ ਨੋਡਲ ਇੰਚਾਰਜ਼ ਅਧਿਆਪਕ ਡਾ. ਮਹੇਸ਼ ਗੁਪਤਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਇਸ ਪ੍ਰੋਗਰਾਮ ਦੌਰਾਨ ਕੰਪਨੀ ਵੱਲੋਂ ਸ਼੍ਰੀ ਸ਼ਸ਼ੀ ਭੂਸ਼ਣ, ਸ਼੍ਰੀ ਅਸ਼ੀਸ਼ ਕੁਮਾਰ ਅਤੇ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਰਿਹਾ।