ਕਿਰਤੀ ਕਿਸਾਨ ਯੂਨੀਅਨ ਵੱਲੋਂ ਪਨਸਪ ਦਫਤਰ ਮੁਕੰਮਲ ਬੰਦ, ਪਨਸਪ ਮੁਲਾਜ਼ਮ ਵੀ ਅੰਦਰ ਬੰਦ ਕੀਤੇ
- ਤਾਲ਼ਾ ਖੁਲਵਾਉਣ ਆਏ ਸਕਿਊਰਿਟੀ ਇੰਚਾਰਜ ਅਤੇ ਐੱਸ.ਐੱਚ.ਓ ਸਿਟੀ ਨੂੰ ਨਾਅਰੇਬਾਜ਼ੀ ਕੀਤਾ ਪਿਛਾਂਹ, ਡੀ.ਐੱਸ.ਪੀ., ਡੀ.ਐੱਮ ਪਨਸਪ ਅਤੇ ਐੱਸ.ਡੀ.ਐੱਮ ਨਾਲ ਗੱਲ ਬਾਤ ਹੋਣ ਉਪਰੰਤ ਖੋਲ੍ਹਿਆ ਤਾਲ਼ਾ
ਰੋਹਿਤ ਗੁਪਤਾ
ਗੁਰਦਾਸਪੁਰ, 26 ਅਪ੍ਰੈਲ 2024 - ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਝੋਨੇ ਦੀ ਰੁਕੀ ਅਦਾਇਗੀ ਨੂੰ ਕਿਸਾਨਾਂ ਦੇ ਖਾਤਿਆਂ ਵਿੱਚ ਪਵਾਉਣ ਲਈ ਲੱਗੇ ਧਰਨੇ 31ਵੇਂ ਦਿਨ ਰੋਹ ਵਿੱਚ ਆਏ ਕਿਸਾਨਾਂ ਵੱਲੋਂ ਪਨਸਪ ਦਫਤਰ ਗੁਰਦਾਸਪੁਰ ਨੂੰ ਮੁਕੰਮਲ ਬੰਦ ਕੀਤਾ ਗਿਆ।ਦਫਤਰ ਦੀ ਤਾਲ਼ਾਬੰਦੀ 5 ਘੰਟੇ ਲਗਾਤਾਰ ਰਹੀ, ਜਿਸਨੂੰ ਖੁਲਵਾਉਣ ਲਈ ਸਕਿਊਰਿਟੀ ਇੰਚਾਰਜ ਐੱਸ.ਐੱਸ.ਪੀ ਦਫਤਰ ਦੇ ਰਾਜ ਕੁਮਾਰ ਅਤੇ ਐੱਸ.ਐੱਚ.ਓ ਥਾਣਾ ਸਿਟੀ ਗੁਰਦਾਸਪੁਰ ਮੌਕੇ ਉੱਪਰ ਪੁੱਜੇ।ਪਰੰਤੂ ਕਿਸਾਨਾਂ ਵੱਲੋਂ ਕੀਤੀ ਨਾਆਰੇਬਾਜ਼ੀ ਕੀਤੀ।ਜਿਸ ਤੋਂ ਬਾਅਦ ਡੀਐੱਸਪੀ ਸੁਖਪਾਲ ਸਿੰਘ ਰੰਧਾਵਾ ਨੇ ਮੌਕੇ ਉੱਪਰ ਆ ਕੇ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ।
ਕਿਸਾਨਾਂ ਦੇ ਰੋਹ ਨੂੰ ਸ਼ਾਂਤ ਕਰਨ ਲਈ ਮੌਕੇ ਉੱਪਰ ਤਹਿਸੀਲਦਾਰ ਅਤੇ ਡੀ.ਐੱਮ ਪਨਸਪ ਨੂੰ ਧਰਨਾ ਸਥਾਨ ਉੱਪਰ ਬੁਲਾਇਆ ਗਿਆ।ਪਰਤੰੂ ਗੱਲਬਾਤ ਸਿਰੇ ਨਾ ਲੱਗਣ ਉਪਰੰਤ ਦੁਬਾਰਾ ਐੱਸ.ਡੀ.ਐੱਮ ਦਫਤਰ ਗੁਰਦਾਸਪੁਰ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ।ਜਿਸ ਵਿੱਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਐੱਸ.ਡੀ.ਐੱਮ ਗੁਰਦਾਸਪੁਰ ਵੱਲੋਂ ਡੀ.ਐੱਮ ਪਨਸਪ ਵਿਭਾਗ ਨੂੰ ਕਿਸਾਨਾਂ ਦੀ ਰੁਕੀ ਅਦਾਇਗੀ ਸੰਬੰਧੀ ਹੋ ਰਹੀ ਦੇਰੀ ਦਾ ਕਾਰਨ ਪੁੱਛਿਆ ਗਿਆ ਅਤੇ 30 ਅਪ੍ਰੈਲ ਨੂੰ ਕਿਸਾਨਾਂ ਦੀ ਮੀਟਿੰਗ ਐੱਮ.ਡੀ ਪਨਸਪ ਵਿਭਾਗ ਚੰਡੀਗੜ੍ਹ ਨਾਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ।ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਪਨਸਪ ਦਫਤਰ ਨੂੰ ਮਾਰਿਆ ਤਾਲ਼ਾ ਤਕਰੀਬਨ 5 ਘੰਟੇ ਬਾਅਦ ਖੋਲ੍ਹਿਆ ਗਿਆ।
ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਤਿਬੀਰ ਸਿੰਘ ਸੁਲਤਾਨੀ, ਸਲਵਿੰਦਰ ਸਿੰਘ ਤਾਜ, ਦਲਜੀਤ ਸਿੰਘ ਤਲਵੰਡੀ, ਕੁਲਵਿੰਦਰ ਸਿੰਘ ਗੋਸਲ, ਹਰਪਿੰਦਰ ਸਿੰਘ ਕੈਲੇ ਕਲਾਂ, ਹਰਪ੍ਰੀਤ ਸਿੰਘ ਵਿਰਕ ਨੇ ਕਿਹਾ ਕਿ ਕਿਸਾਨਾਂ ਦੇ ਰੋਹ ਵਿੱਚ ਆਉਣ ਦਾ ਕਾਰਨ ਪਨਸਪ ਵਿਭਾਗ ਗੁਰਦਾਸਪੁਰ ਦਾ ਡੀ.ਐੱਮ ਹੈ।ਜਿਸ ਵੱਲੋਂ ਕਿਸਾਨਾਂ ਦੀ ਮੰਗ ਨੂੰ ਲਗਾਤਾਰ ਅਣਦੇਖਿਆ ਕੀਤਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਬੀਤੇ ਦਿਨ੍ਹੀਂ ਐੱਮ.ਡੀ ਪਨਸਪ ਵਿਭਾਗ ਚੰਡੀਗੜ੍ਹ ਵੱਲੋਂ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ ਸੀ, ਪਰ ਬਜਾਇ ਐੱਮ.ਡੀ ਨੰ ਪਨਸਪ ਦਫਤਰ ਗੁਰਦਾਸਪੁਰ ਮੂਹਰੇ ਧਰਨਾ ਲਗਾਈ ਬੈਠੇ ਕਿਸਾਨਾਂ ਦੀਆਂ ਮੰਗਾਂ ਬਾਰੇ ਦੱਸਣ ਅਤੇ ਮੀਟਿੰਗ ਕਰਵਾਉਣ ਦੇ, ਐੱਮ.ਡੀ ਨੂੰ ਮੰਡੀਆਂ ਵਿੱਚ ਦੌਰਾ ਕਰਵਾ ਕੇ ਵਾਪਿਸ ਭੇਜ ਦਿੱਤਾ ਗਿਆ।
ਆਗੂਆਂ ਨੇ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ 30 ਅਪ੍ਰੈਲ ਨੂੰ ਐੱਮ.ਡੀ. ਚੰਡੀਗੜ੍ਹ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ ਹੈ।ਉਹਨਾਂ ਐਲਾਨ ਕਰਦਿਆਂ ਕਿਹਾ ਕਿ ਅਗਰ ਮੀਟਿੰਗ ਵਿੱਚ ਕੋਈ ਸਾਰਥਿਕ ਨਤੀਜੇ ਨਾ ਨਿਕਲੇ ਤਾਂ ਜੱਥੇਬੰਦੀ ਆਪਣੀ ਮੀਟਿੰਗ ਕਰਨ ਉਪਰੰਤ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਪਨਸਪ ਦਫਤਰ ਗੁਰਦਾਸਪੁਰ ਮੂਹਰੇ ਲੱਗਿਆ ਪੱਕਾ ਧਰਨਾ ਮੰਗਾ ਦੀ ਪੂਰਤੀ ਤੱਕ ਜਾਰੀ ਰਹੇਗਾ।ਇਸ ਮੌਕੇ ਇਫਟੂ ਦੇ ਸੁਖਦੇਵ ਰਾਜ ਬਹਿਰਾਮਪੁਰ, ਪਲਵਿੰਦਰ ਸਿੰਘ ਕਿਲਾ ਨੱਥੂ ਸਿੰਘ, ਰੇਸ਼ਮ ਸਿੰਘ, ਮਲਕੀਤ ਸਿੰਘ ਸਪਰਾਏ ਕੋਠੇ, ਮਨਦੀਪ ਸਿੰਘ ਕੈਲੇ ਕਲਾਂ ਆਦਿ ਹਾਜ਼ਿਰ ਹੋਏ।