ਸਵ.ਬਚਿੱਤਰ ਸਿੰਘ ਸੀੜਾ
ਉੱਘੇ ਕਾਂਗਰਸੀ ਆਗੂ ਦੇ ਭਰਾ ਦੀ ਅੰਤਿਮ ਅਰਦਾਸ ਭਲਕੇ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ, 10 ਨਵੰਬਰ 2018 : ਉੱਘੇ ਕਾਂਗਰਸੀ ਆਗੂ ਭੁਪਿੰਦਰ ਸਿੰਘ ਬਧੌਛੀ ਦੇ ਭਰਾ ਬਚਿੱਤਰ ਸਿੰਘ ਸੀੜਾ ਬੀਤੀ 3 ਨਵੰਬਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਵਰਗ ਸਿਧਾਰ ਗਏ। ਉਨ੍ਹਾਂ ਦੀ ਆਤਮਿਕ ਸ਼ਾਤੀ ਲਈ ਅੰਤਿਮ ਅਰਦਾਸ ਭਲਕੇ 11 ਨਵੰਬਰ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਸਾਹਿਬ (ਰੇਲੂ ਪੱਤੀ) ਪਿੰਡ ਬਧੌਛੀ ਕਲਾਂ (ਫਤਹਿਗੜ ਸਾਹਿਬ) ਵਿਖੇ ਸ਼੍ਰੀ ਸਹਿਜ ਪਾਠ ਦੇ ਭੋਗ ਦੌਰਾਨ ਕੀਤੀ ਜਾਏਗੀ। ਪਰਿਵਾਰ ਨੇ ਇਸ ਦੁੱਖ ਦੀ ਘੜੀ 'ਚ ਸ਼ਾਮਲ ਹੋ ਕੇ ਸਵ. ਬਚਿੱਤਰ ਸਿੰਘ ਸੀੜਾ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ ਹੈ।
ਸਵ.ਬਚਿੱਤਰ ਸਿੰਘ ਸੀੜਾ ਦਾ ਜਨਮ ਸੰਨ 1965 'ਚ ਪਿਤਾ ਸਵ.ਹਰਬੰਸ ਸਿੰਘ ਸੀੜਾ (ਚੇਅਰਮੈਨ ਮਿਲਕਫੈੱਡ) ਦੇ ਘਰ ਮਾਤਾ ਹਰਮੇਲ ਕੌਰ ਸੀੜਾ ਦੀ ਕੁੱਖੋਂ ਹੋਇਆ। ਉਨਾਂ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਕੂਲੋਂ ਪ੍ਰਾਪਤ ਕਰਕੇ ਹਾਇਰ ਸੈਕੰਡਰੀ ਦੀ ਪੜਾਈ ਮਲਟੀਪਰਪਜ ਸਕੂਲ ਪਟਿਆਲਾ ਅਤੇ ਗ੍ਰੈਜੂਏਸ਼ਨ ਦੀ ਪੜ੍ਹਾਈ ਗੌਰਮਿੰਟ ਮਹਿੰਦਰਾ ਕਾਲਜ ਪਟਿਆਲਾ ਤੋ ਪ੍ਰਾਪਤ ਕੀਤੀ। ਉਹ ਬਚਪਨ ਤੋ ਹੀ ਆਪਣੇ ਪਿਤਾ ਨਾਲ ਖੇਤੀਬਾੜੀ ਦੇ ਕੰਮਾਂ ਵਿਚ ਹੱਥ ਵਟਾਉਣ ਲੱਗ ਪਏ ਸਨ।
ਸਵ.ਬਚਿੱਤਰ ਸਿੰਘ ਸੀੜਾ ਭੈਣ ਚਰਨਜੀਤ ਕੌਰ ਅਤੇ ਭਰਾ ਉੱਘੇ ਕਾਂਗਰਸੀ ਆਗੂ ਭੁਪਿੰਦਰ ਸਿੰਘ ਬਧੌਛੀ , ਬਲਬੀਰ ਸਿੰਘ ਦੇ ਛੋਟੇ ਭਰਾ ਸਨ। ਸੰਨ 1993 ਵਿਚ ਉਨਾਂ ਦਾ ਵਿਆਹ ਪਿੰਡ ਸੇਖਪੁਰਾ ਸਰਹਿੰਦ (ਫਤਹਿਗੜ ਸਾਹਿਬ) ਦੇ ਵਸਨੀਕ ਸਰਦਾਰ ਬਲਬੀਰ ਸਿੰਘ ਢੀਂਡਸਾ ਦੀ ਸਪੁੱਤਰੀ ਬੀਬੀ ਕਮਲਜੀਤ ਕੌਰ ਨਾਲ ਗੁਰੂ ਮਰਿਯਾਦਾ ਅਨੁਸਾਰ ਹੋਇਆ। ਉਨਾਂ ਦੇ ਘਰ ਇਕ ਪੁੱਤਰ ਸ.ਤ੍ਰਿਲੋਕਇੰਦਰ ਸਿੰਘ ਸੀੜਾ ਨੇ ਜਨਮ ਲਿਆ। ਜਿਸਨੂੰ ਉਨਾਂ ਨੇ ਚੰਗੀ ਤਾਲੀਮ ਦੇ ਕੇ ਸਮੇ ਦਾ ਹਾਣੀ ਬਣਾਉਣ ਵਿਚ ਕੋਈ ਕਸਰ ਬਾਕੀ ਨਹੀ ਛੱਡੀ। ਸੰਨ 1985 ਵਿਚ ਉਨਾਂ ਦੇ ਪਿਤਾ ਦੀ ਮੌਤ ਹੋਣ ਉਪਰੰਤ ਉਹ ਆਪਣੇ ਚਾਚਾ ਚੇਅਰਮੈਨ ਸ.ਕੁਲਵੰਤ ਸਿੰਘ ਨਾਲ ਮਿਲਕੇ ਪਰਿਵਾਰਕ ਜਿੰਮੇਵਾਰੀਆਂ ਦੇ ਨਾਲ-ਨਾਲ ਆਪਣੇ ਸਾਂਝੇ ਪਰਿਵਾਰ ਦੇ ਕਾਰੋਬਾਰ ਨੂੰ ਵੀ ਸੰਭਾਲਣ ਲੱਗ ਪਏ ਸਨ। ਉਨ੍ਹਾਂ ਦੀ ਬੇਵਕਤੀ ਮੌਤ 'ਤੇ ਜਿਥੇ ਪਰਿਵਾਰ 'ਚ ਸੋਗ ਦੀ ਲਹਿਰ ਹੈ, ਉਥੇ ਹੀ ਇਲਾਕੇ 'ਚ ਵੀ ਉਨ੍ਹਾਂ ਦੀ ਬੇਵਕਤੀ ਮੌਤ 'ਤੇ ਸੋਗ ਮਨਾਇਆ ਜਾ ਰਿਹਾ ਹੈ।