ਰਾਮਪੁਰਾ, 21 ਜੁਲਾਈ : ਪੰਜਾਬ ਦੇ ਬਿਜਲੀ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ 40.60 ਲੱਖ ਰੁਪਏ ਦੀ ਗ੍ਰਾਂਟ 6 ਪਿੰਡਾਂ ਵਿੱਚ ਛੱਪੜਾਂ ਦੀ ਸਫ਼ਾਈ ਕਰਵਾਉਣ ਲਈ ਵੰਡੀ।
ਇਸ ਮੌਕੇ ਬੋਲਦਿਆਂ ਸ਼੍ਰੀ ਕਾਂਗੜ ਨੇ ਕਿਹਾ ਕਿ ਬਾਰਿਸ਼ ਦੇ ਮੌਸਮ ਦੌਰਾਨ ਪਿੰਡਾਂ ਵਿੱਚ ਛੱਪੜਾਂ ਸਬੰਧੀ ਦਰਪੇਸ਼ ਸਮੱਸਿਆਵਾਂ ਆ ਰਹੀਆਂ ਹਨ ਜਿਨਾਂ ਨੂੰ ਹੱਲ ਕਰਨ ਲਈ ਗ੍ਰਾਂਟ ਦਿੱਤੀ ਜਾ ਰਹੀ ਹੈ। ਉਨਾਂ ਪਿੰਡ ਭੋਡੀਪੁਰਾ ਨੂੰ 6.50 ਲੱਖ, ਸਿਰੀਏਵਾਲਾ ਨੂੰ 12.65 ਲੱਖ, ਮਲੂਕਾ ਖੁਰਦ 3.10 ਲੱਖ, ਰਾਜਗੜ 8.35 ਲੱਖ, ਪਿੰਡ ਜਲਾਲ ਨੂੰ 7 ਲੱਖ ਰੁਪਏ ਅਤੇ ਪਿੰਡ ਹਾਕਮ ਸਿੰਘ ਵਾਲਾ 2.50 ਲੱਖ ਰੁਪਏ ਦੀ ਗ੍ਰਾਂਟ ਦਿੱਤੀ। ਉਨਾਂ ਕਿਹਾ ਕਿ ਹੋਰ ਪਿੰਡਾਂ ਨੂੰ ਵੀ ਇਸ ਤਰਾਂ ਦੇ ਫੰਡ ਦਿੱਤੇ ਜਾਣਗੇ।
ਉਨਾਂ ਦੱਸਿਆ ਕਿ ਵਿਸ਼ੇਸ਼ ਪ੍ਰੋਜੈਕਟਾਂ ਰਾਹੀਂ ਪਾਈਪਾਂ ਲਗਾ ਕੇ ਛੱਪੜਾਂ ਵਿੱਚੋਂ ਪਾਣੀ ਕੱਢਿਆ ਜਾਵੇਗਾ। ਇਸ ਤੋਂ ਇਲਾਵਾ ਸ਼੍ਰੀ ਕਾਂਗੜ ਨੇ 6 ਪਿੰਡਾਂ ਨੂੰ ਪਾਣੀ ਵਾਲੇ ਟੈਂਕਰ ਵੀ ਵੰਡੇ, ਜਿਨਾਂ ਦਾ ਇਸਤੇਮਾਲ ਪਿੰਡ ਵਾਸੀਆਂ ਵਲੋਂ ਕਿਸੇ ਵਿਆਹ-ਸ਼ਾਦੀ ਜਾਂ ਹੋਰ ਸਮਾਗਮ ਦੌਰਾਨ ਕੀਤਾ ਜਾ ਸਕਦਾ ਹੈ। ਸ਼੍ਰੀ ਕਾਂਗੜ ਨੇ ਇਹ ਟੈਂਕਰ ਪਿੰਡ ਗੁੰਮਟੀ ਕਲਾਂ, ਭੋਡੀਪੁਰਾ, ਜਲਾਲ, ਕਾਂਗੜ, ਸਿਰੀਏਵਾਲਾ, ਦਿਆਲਪੁਰਾ ਭਾਈਕਾ ਨੂੰ ਵੰਡੇ। ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਪਿੰਡਾਂ ਨੂੰ ਵੀ ਇਸ ਤਰਾਂ ਦੇ ਟੈਂਕਰ ਮੁਹੱਈਆ ਕਰਵਾਏ ਜਾਣਗੇ।
ਪੰਚਾਇਤੀ ਚੋਣਾਂ ਸਬੰਧੀ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਦੱਸਿਆ ਕਿ ਇਹ ਚੋਣਾਂ ਸਾਂਤੀਪੂਰਵਕ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਨਾਂ ਪਿੰਡਾਂ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਵਸੰਮਤੀ ਨਾਲ ਨਵੀਂਆਂ ਪੰਚਾਇਤਾਂ ਬਨਾਉਣ ਨੂੰ ਤਰਜੀਹ ਦੇਣ। ਇਸ ਤੋਂ ਪਹਿਲਾਂ ਸ਼੍ਰੀ ਕਾਂਗੜ ਨੇ ਪਿੰਡ ਦਿਆਲਪੁਰਾ ਵਿਖੇ ਸੰਗਤ ਦਰਸ਼ਨ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ।