ਦੋਰਾਹਾ, 20 ਜੁਲਾਈ -ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀ. ਜੀ. ਪੀ.) ਸ੍ਰੀ ਸੁਰੇਸ਼ ਅਰੋੜਾ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਜਿਵੇਂ ਉਨ੍ਹਾਂ ਨੇ ਸੂਬੇ ਵਿੱਚੋਂ 'ਅੱਤਵਾਦ' ਨੂੰ ਖ਼ਤਮ ਕਰਨ ਲਈ ਪੰਜਾਬ ਪੁਲਿਸ ਦਾ ਸਹਿਯੋਗ ਕੀਤਾ ਸੀ, ਉਵੇਂ ਹੀ 'ਨਸ਼ੇ' ਨੂੰ ਖ਼ਤਮ ਕਰਨ ਲਈ ਵੀ ਉਹ ਅੱਗੇ ਆ ਕੇ ਸਹਿਯੋਗ ਕਰਨ। ਉਨ੍ਹਾਂ ਵਚਨਬੱਧਤਾ ਪ੍ਰਗਟਾਈ ਕਿ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਅੰਜ਼ਾਮ ਤੱਕ ਪਹੁੰਚਾਉਣ ਲਈ ਹਰ ਯਤਨ ਕੀਤਾ ਜਾਵੇਗਾ।
ਅੱੱਜ ਸਥਾਨਕ ਹੈਵੈਨਲੀ ਪੈਲੇਸ ਵਿਖੇ ਪੁਲਿਸ ਜ਼ਿਲ੍ਹਾ ਖੰਨਾ ਵੱਲੋਂ ਨਸ਼ਿਆਂ ਖ਼ਿਲਾਫ਼ ਕਰਵਾਏ ਗਏ ਜਾਗਰੂਕਤਾ ਸਮਾਗਮ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਇਸ ਸਮੇਂ ਇੱਕ ਬਦਲਾਅ ਦੀ ਸਥਿਤੀ ਵਿੱਚ ਗੁਜ਼ਰ ਰਿਹਾ ਹੈ। ਇਸ ਹਾਂ-ਪੱਖੀ ਬਦਲਾਅ ਦੌਰਾਨ ਪੰਜਾਬ ਦੇ ਉਹ ਵਿਅਕਤੀ ਜੋ ਕਿ ਕਿਸੇ ਨਾ ਕਿਸੇ ਕਾਰਨ ਵੱਸ ਨਸ਼ਿਆਂ ਵਿੱਚ ਗ੍ਰਸਤ ਹੋ ਗਏ ਸਨ, ਉਹ ਮੁੜ ਸਿਹਤਮੰਦ ਸਮਾਜ ਦਾ ਹਿੱਸਾ ਬਣਨ ਲਈ ਅੱਗੇ ਆਉਣ ਲੱਗੇ ਹਨ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਅੱੱਤਵਾਦ ਦੇ ਦੌਰ ਦੌਰਾਨ ਪੰਜਾਬ ਪੁਲਿਸ ਨੂੰ ਲੋਕਾਂ ਦਾ ਸਹਿਯੋਗ ਮਿਲਿਆ ਤਾਂ ਸੂਬੇ ਵਿੱਚ ਅੱਤਵਾਦ ਜੜ੍ਹੋਂ ਖ਼ਤਮ ਹੋ ਗਿਆ। ਜੇਕਰ ਲੋਕ ਹੁਣ ਵੀ ਪੂਰੀ ਦ੍ਰਿੜਤਾ ਨਾਲ ਪੁਲਿਸ ਨੂੰ ਨਸ਼ੇ ਨਾਲ ਸੰਬੰਧਤ ਗਤੀਵਿਧੀਆਂ ਬਾਰੇ ਸੂਚਨਾ ਦੇ ਕੇ ਸਹਿਯੋਗ ਕਰਨ ਤਾਂ ਬੜੀ ਜਲਦ ਸੂਬੇ ਵਿੱਚੋਂ ਨਸ਼ੇ ਦੀ ਵੀ ਜੜ੍ਹ ਖ਼ਤਮ ਕਰ ਦਿੱਤੀ ਜਾਵੇਗੀ।
ਸ੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਨਸ਼ਾਮੁਕਤੀ ਮੁਹਿੰਮ ਤਹਿਤ ਜੋ ਵੀ ਵਿਅਕਤੀ ਨਸ਼ਾ ਛੱਡਣ ਲਈ ਖੁਦ ਨਸ਼ਾ ਛੁਡਾਊ ਕੇਂਦਰਾਂ ਤੱਕ ਪਹੁੰਚਣਗੇ, ਉਨ੍ਹਾਂ ਖ਼ਿਲਾਫ਼ ਕੋਈ ਵੀ ਉਲਟ ਕਾਰਵਾਈ ਨਹੀਂ ਕੀਤੀ ਜਾਵੇਗੀ, ਸਗੋਂ ਅਜਿਹੇ ਵਿਅਕਤੀਆਂ ਨੂੰ ਸਿਹਤਮੰਦ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਪੁਲਿਸ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਇਸ ਗੱਲ 'ਤੇ ਖੁਸ਼ੀ ਪ੍ਰਗਟ ਕੀਤੀ ਕਿ ਅੱਜ ਸੂਬੇ ਵਿੱਚ ਨਸ਼ਿਆਂ ਖ਼ਿਲਾਫ਼ ਮਾਹੌਲ ਬਣ ਗਿਆ ਹੈ, ਜਿਸ ਨੂੰ ਲੋਕਾਂ ਦਾ ਵੀ ਸਹਿਯੋਗ ਮਿਲਣ ਲੱਗਾ ਹੈ। ਨਤੀਜਤਨ ਨਸ਼ੇ ਦੇ ਆਦੀ ਵਿਅਕਤੀ ਨਸ਼ਾ ਛੱਡਣ ਲਈ ਖੁਦ-ਬ-ਖੁਦ ਅੱਗੇ ਆਉਣ ਲੱਗੇ ਹਨ। ਉਨ੍ਹਾਂ ਪੁਲਿਸ ਨੂੰ ਵੀ ਹਦਾਇਤ ਕੀਤੀ ਕਿ ਉਹ ਇਸ ਹਾਂ-ਪੱਖੀ ਬਦਲਾਅ ਦੇ ਦੌਰ ਵਿੱਚ ਲੋਕਾਂ ਦਾ ਸਹਿਯੋਗ ਲੈਣ ਲਈ ਉਨ੍ਹਾਂ ਵਿੱਚ ਪੁਲਿਸ ਦੀ ਵਿਸ਼ਵਾਸ਼ ਬਹਾਲੀ ਅਤੇ ਮਜ਼ਬੂਤੀ ਲਈ ਹੋਰ ਯਤਨ ਕਰਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਪਿਛਲੇ ਤਿੰਨ-ਚਾਰ ਸਾਲਾਂ ਦੌਰਾਨ ਪੰਜਾਬ ਪੁਲਿਸ ਵੱਲੋਂ ਨਸ਼ੇ ਦੇ ਵੱਖ-ਵੱਖ ਮਾਮਲਿਆਂ ਵਿੱਚ ਫੜ੍ਹੇ ਦੋਸ਼ੀਆਂ ਦੀਆਂ 220 ਕਰੋੜ ਰੁਪਏ ਦੀਆਂ ਜਾਇਦਾਦਾਂ ਸਰਕਾਰ ਨਾਲ ਅਟੈਚ ਕਰਵਾਈਆਂ ਗਈਆਂ ਹਨ, ਇਹ ਸਾਰੀ ਰਾਸ਼ੀ ਭਾਰਤ ਸਰਕਾਰ ਨੂੰ ਜਾਂਦੀ ਹੈ। ਜੇਕਰ ਇਸ ਰਾਸ਼ੀ ਵਿੱਚੋਂ ਬਣਦੀ ਯੋਗ ਰਾਸ਼ੀ ਸੂਬਾ ਸਰਕਾਰ ਨੂੰ ਮਿਲਣ ਲੱਗੇ ਤਾਂ ਇਸ ਨਾਲ ਸੂਬੇ ਵਿੱਚੋਂ ਨਸ਼ੇ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਨਾਲ-ਨਾਲ ਨਸ਼ਾ ਛੱਡਣ ਵਾਲਿਆਂ ਦਾ ਚੰਗੇ ਤਰੀਕੇ ਨਾਲ ਪੁਨਰਵਾਸ ਵੀ ਕੀਤਾ ਜਾ ਸਕਦਾ ਹੈ। ਇਸ ਮੌਕੇ ਖੰਨਾ ਪੁਲਿਸ ਅਧੀਨ ਪੈਂਦੇ ਇਲਾਕੇ ਦੇ ਨਸ਼ਾ ਛੱਡਣ ਵਾਲੇ ਦੋ ਨੌਜਵਾਨਾਂ ਨੇ ਵੀ ਸੰਬੋਧਨ ਕੀਤਾ ਅਤੇ ਸੁਨੇਹਾ ਦਿੱਤਾ ਕਿ ਜੇਕਰ ਮਨ ਵਿੱਚ ਕੋਈ ਕੰਮ ਧਾਰ ਲਿਆ ਜਾਵੇ ਤਾਂ ਸਭ ਕੁਝ ਕੀਤਾ ਜਾ ਸਕਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਾ ਛੱਡ ਕੇ ਤੰਦਰੁਸਤ ਸਮਾਜ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਪਾਇਲ ਦੇ ਵਿਧਾਇਕ ਸ੍ਰ. ਲਖ਼ਬੀਰ ਸਿੰਘ ਲੱਖਾ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ ਦਾ ਵੇਰਵਾ ਪੇਸ਼ ਕਰਦਿਆਂ ਉਨ•ਾਂ ਪਰਿਵਾਰਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਜਿਨ੍ਹਾ ਦੇ ਪਰਿਵਾਰਕ ਮੈਂਬਰ ਇਸ ਬਿਮਾਰੀ ਤੋਂ ਪੀੜਤ ਹਨ, ਉਨ੍ਹਾ ਕਿਹਾ ਕਿ ਉਹ ਅੱਗੇ ਆਉਣ ਦਾ ਹੌਂਸਲਾ ਕਰਨ ਪੰਜਾਬ ਸਰਕਾਰ ਉਨ੍ਹਾਂ ਦਾ ਹਰ ਤਰ੍ਹਾਂ ਦਾ ਸਹਿਯੋਗ ਕਰਨ ਲਈ ਵਚਨਬੱਧ ਹੈ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਡੀ. ਆਈ. ਜੀ. ਲੁਧਿਆਣਾ ਰੇਂਜ ਸ੍ਰ. ਰਣਬੀਰ ਸਿੰਘ ਖੱਟੜਾ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਜ਼ਿਲ੍ਹਾ ਪੁਲਿਸ ਮੁੱਖੀ ਸ੍ਰੀ ਧਰੁਵ ਦਹੀਆ ਅਤੇ ਕੌਂਸਲਰ ਮਿਸ ਰਵੀ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਨਸ਼ਿਆਂ ਖ਼ਿਲਾਫ ਮੁਹਿੰਮ ਵਿੱਚ ਅਣਥੱਕ ਸੇਵਾ ਨਿਭਾਉਣ ਵਾਲੇ ਖੰਨਾ ਪੁਲਿਸ ਦੇ ਇੰਸਪੈਕਟਰ ਸ੍ਰ. ਗੁਰਮੇਲ ਸਿੰਘ, ਇੰਸਪੈਕਟਰ ਸ੍ਰ. ਮਨਜੀਤ ਸਿੰਘ, ਇੰਸਪੈਕਟਰ ਸ੍ਰ. ਹਰਦੀਪ ਸਿੰਘ, ਸਹਾਇਕ ਥਾਣੇਦਾਰ ਸ੍ਰ. ਬਲਵੀਰ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਾਇਰੈਕਟਰ ਜਨਰਲ ਪੁਲਿਸ (ਅਮਨ ਕਾਨੂੰਨ) ਸ੍ਰੀ ਈਸ਼ਵਰ ਸਿੰਘ, ਜ਼ਿਲ•ਾ ਪੁਲਿਸ ਮੁੱਖੀ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਦੀਪਕ ਹਿਲੋਰੀ, ਜ਼ਿਲ੍ਹਾ ਪੁਲਿਸ ਮੁੱਖੀ ਲੁਧਿਆਣਾ (ਦਿਹਾਤੀ) ਸ੍ਰ. ਵਰਿੰਦਰ ਸਿੰਘ ਬਰਾੜ, ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿੱਚ ਹੋਰ ਹਾਜ਼ਰ ਸਨ।