ਸੁਰਜੀਤ ਸਿੰਘ ਗਰੇਵਾਲ ਨੂੰ ਅਦਾਲਤ ਵਿੱਚ ਪੇਸ਼ ਕਰਨ ਲੈ ਜਾਂਦੀ ਪੁਲਿਸ
ਫਿਰੋਜਪੁਰ 17 ਜੁਲਾਈ (ਗੁਰਿੰਦਰ ਸਿੰਘ) ਸਾਲ 2012 ਵਿੱਚ ਪਟਵਾਰੀ ਨੂੰ ਮਾਨਸਿਕ ਪ੍ਰੇਸ਼ਾਨ ਕਰਕੇ ਝੂਠਾ ਮਾਮਲਾ ਦਰਜ ਕਰਨ ਦੇ ਦੋਸ਼ ਵਿੱਚ ਨਾਮਜਦ ਚਾਰ ਆਰੋਪੀਆਂ ਵਿੱਚੋਂ ਇੱਕ ਤੱਤਕਾਲੀਨ ਐਸ ਐਸ ਪੀ ਸੁਰਜੀਤ ਸਿੰਘ ਗਰੇਵਾਲ ਜੋ ਕਿ ਸਰੋਤ ਤੋਂ ਵੱਧ ਸੰਪਤੀ ਦੇ ਮਾਮਲੇ ਵਿੱਚ ਪਟਿਆਲਾ ਜੇਲ੍ਹ ਵਿੱਚ ਬੰਦ ਸੀ , ਨੂੰ ਅੱਜ ਫਿਰੋਜਪੁਰ ਪੁਲਿਸ ਦੁਆਰਾ ਪ੍ਰੋਟੈਕਸ਼ਨ ਵਰੰਟ ਤੇ ਲਿਆਕੇ ਮਾਨਯੋਗ ਮਹੇਸ਼ ਕੁਮਾਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ , ਜਿਨ੍ਹਾਂ ਨੇ ਆਰੋਪੀ ਸੁਰਜੀਤ ਸਿੰਘ ਗਰੇਵਾਲ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ । ਅੱਜ ਜਦੋਂ ਆਰੋਪੀ ਸੁਰਜੀਤ ਸਿੰਘ ਨੂੰ ਅਦਾਲਤ ਵਿੱਚਚ ਪੇਸ਼ ਕੀਤਾ ਜਾਣਾ ਸੀ ਤਾਂ ਪਟਵਾਰ ਯੂਨੀਅਨ ਦੇ ਸੂਬਾਈ ਆਗੂ ਹਰਮੀਤ ਵਿਦਿਆਰਥੀ ਦੀ ਆਗਵਾਈ ਵਿੱਚ ਭਾਰੀ ਗਿਣਤੀ ਵਿੱਚ ਪਟਵਾਰੀ ਕੋਰਟ ਕੰਪਲੈਕਸ ਦੇ ਬਾਹਰ ਇੱਕਠੇ ਹੋ ਗਏ ਅਤੇ ਆਰੋਪੀਆਂ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ । ਹਰਮੀਤ ਵਿਦਿਆਰਥੀ ਨੇ ਮੰਗ ਕੀਤੀ ਕਿ ਮੋਹਨ ਸਿੰਘ ਪਟਵਾਰੀ ਨਾਲ ਧੱਕੇਸ਼ਾਹੀ ਕਰਨ ਵਾਲੇ ਸਾਰੇ ਆਰੋਪੀਆਂ ਨੂੰ ਗਿਰਫਤਾਰ ਕੀਤਾ ਜਾਵੇ।
ਕੀ ਹੈ ਸਾਰਾ ਮਾਮਲਾ
----------------------------
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੀਡ਼ਿਤ ਪਟਵਾਰੀ ਮੋਹਨ ਸਿੰਘ ਨੇ ਦੱਸਿਆ ਕਿ ਜਦੋਂ ਉਹ ਫਤਿਹਗੜ੍ਹ ਸਾਹਿਬ ਵਿੱਚ ਤਾਇਨਾਤ ਸੀ ਤਾਂ ਸਾਲ 2009 ਵਿੱਚ ਐਸ ਐਸ ਪੀ ਸ਼ਿਵ ਕੁਮਾਰ ਸ਼ਰਮਾ ਨੇ ਆਪਣੀ ਕਿਸੇ ਜ਼ਮੀਨ ਦੀ ਫਰਦ ਕਢਵਾਈ ਤਾਂ ਮੈਂ ਐਸ ਐਸ ਪੀ ਵਲੋਂ ਓਸ ਫਰਦ ਤਿਆਰ ਕਰਨ ਦੀ ਸਰਕਾਰੀ ਫੀਸ ਦੇ 20 ਰੁਪਏ ਲੈ ਲਏ ਜੋ ਐਸ ਐਸ ਪੀ ਸ਼ਿਵ ਕੁਮਾਰ ਨੂੰ ਗਵਾਰਾ ਨਾ ਹੋਏ ਅਤੇ ਜਿਸ ਨਾਲ ਉਹ ਭੜਕ ਗਿਆ ਤੇ ਉਨ੍ਹਾਂ ਮੈਨੂੰ ਅਹੁਦੇ ਦੀ ਧੌਂਸ ਦਿੱਤੀ ਕਿ ਆਹ ਉਸਨੇ ਚੰਗਾ ਨਹੀਂ ਕੀਤਾ। ਪਟਵਾਰੀ ਮੋਹਨ ਸਿੰਘ ਨੇ ਦੱਸਿਆ ਕਿ ਸ਼ਿਵ ਕੁਮਾਰ ਸ਼ਰਮਾ ਨੇ ਉਸ ਨੂੰ ਧਮਕੀ ਦਿੱਤੀ ਕਿ ਉਨ੍ਹਾਂ ਨੇ ਬਹੁਤ ਸਿੱਖ ਨੌਜਵਾਨਾਂ ਦੇ ਐਨਕਾਊਂਟਰ (ਝੂਠੇ ਮੁਕਾਬਲੇ) ਕੀਤੇੇ ਹਨ ਅਤੇ ਉਸ ਦਾ ਵੀ ਐਨਕਾਊਂਟਰ ਕਰ ਦੇਵੇਗਾ ਜਾਂ ਕਿਸੇ ਝੂਠੇ ਕੇਸ ਵਿੱਚ ਫਸਾ ਕੇ ਅੰਦਰ ਕਰ ਦੇਵਾਂਗਾ। ਮੋਹਨ ਸਿੰਘ ਅਨੁਸਾਰ ਦੋ ਸਾਲ ਬਾਅਦ ਐਸ ਐਸ ਪੀ ਸ਼ਿਵ ਕੁਮਾਰ ਸ਼ਰਮਾ ਨੇ ਐਸ ਐਸ ਪੀ ਜਲੰਧਰ ਸੁਰਜੀਤ ਸਿੰਘ ਗਰੇਵਾਲ, ਐਸ ਐਸ ਪੀ ਫਿਰੋਜ਼ਪੁਰ ਜਸਪਾਲ ਸਿੰਘ, ਬਨਾਰਸੀ ਦਾਸ, ਇੰਸਪੈਕਟਰ ਵਿਜੀਲੈਂਸ ਈਸ਼ਰ ਸਿੰਘ ਤੇ ਸੁਰਿੰਦਰਪਾਲ ਸਿੰਘ ਵਿਰਕ ਦੇ ਨਾਲ ਮਿਲ ਕੇ 18 ਫਰਵਰੀ 2012 ਨੂੰ ਮੈਨੂੰ ਘਰੋੋੋਂ ਚੁੁੁੱਕ ਲਿਆ ਤੇ ਫਿਰੋਜਪੁਰ ਜਿਲ੍ਹੇ ਦੇ ਮੱਲਾਂਵਾਲਾ ਵਿੱਚ ਕਿਸੇ ਪੈਡੀ ਕਾਂਡ ਵਿੱੱਚ ਬਨਾਰਸੀ ਦਾਸ ਨੇ ਆਪਣੇ ਨਾਨਕੇ ਪਿੰਡ ਤਲਵੰਡੀ ਭਾਈ ਦੇ ਕਿਸੇ ਰਵਿੰਦਰ ਸਿੰਘ ਨਾਂ ਦੇ ਵਿਅਕਤੀ ਦਾ 161 ਦੇ ਝੂਠੇ ਬਿਆਨ ਤੋੜ ਮਰੋੜ ਕੇ ਮੇਰਾ ਨਾਂ ਐਫ ਆਈ ਆਰ ਵਿੱਚ ਸ਼ਾਮਿਲ ਕਰ ਦਿੱਤਾ। ਇਸਦੇ ਬਾਅਦ ਸੁਰਜੀਤ ਸਿੰਘ ਗਰੇਵਾਲ ਨੇ ਪੁਲਿਸ ਹਿਰਾਸਤ ਵਿੱਚ ਸ਼ਾਮ ਕਰੀਬ ਪੰਜ ਵਜੇ ਆਕੇ ਮੇਰੀ ਪੱਗ ਉਤਾਰੀ, ਕਕਾਰਾਂ ਦੀ ਬੇਅਦਬੀ ਕਰਦਿਆਂ ਮੇਰੀ ਵੀਡੀਆਂ ਵੀ ਬਣਾਈ । ਇਸ ਮਾਮਲੇ ਦੀ ਜਾਂਚ ਚੇਅਰਮੈਨ ਪਰਦੂਸ਼ਨ ਬੋਰਡ ਕਾਹਨ ਸਿੰਘ ਪੰਨੂ ਨੂੰ ਸੌਂਪੀ ਗਈ ਤਾਂ ਉਨ੍ਹਾਂ ਨੇ ਆਪਣੀ ਜਾਂਚ ਵਿੱਚ ਸਾਰੇ ਉਕਤ ਪੰਜ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਪਾਇਆ। 23 ਅਗਸਤ 2012 ਨੂੰ ਥਾਣਾ ਸਦਰ ਫਿਰੋਜ਼ਪੁਰ ਵਿਚ ਮੁਕੱਦਮਾ ਨੰਬਰ 184 ਦਰਜ ਕਰਕੇ ਇਸ ਦੀ ਜਾਂਚ ਐਸ ਪੀ (ਡੀ) ਰਘੁਬੀਰ ਸਿੰਘ ਨੂੰ ਸੌਂਪੀ ਗਈ । ਜਿਨ੍ਹਾਂ ਨੇ ਕੇਵਲ ਬਨਾਰਸੀ ਦਾਸ 'ਤੇ ਧਾਰਾਵਾਂ ਘਟਾ ਕੇ ਕੇਸ ਨੂੰ ਕਮਜੋਰ ਕਰ ਦਿੱਤਾ। ਕਾਂਗਰਸ ਸਰਕਾਰ ਆਉਣ ਤੇ ਜਦੋਂ ਕੈਪਟਨ ਮੁੱਖ ਮੰਤਰੀ ਬਣੇ ਤਾਂ ਮੈਂ 13 ਮਈ 2017 ਨੂੰ ਫੇਰ ਉਨ੍ਹਾਂ ਨੂੰ ਦਰਖਾਸਤ ਦੇ ਦਿੱਤੀ ਜਿਸ ਤੇ ਇੱਕ ਸਾਲ ਬਾਅਦ ਕਾਰਵਾਈ ਹੋਈ ਤੇ ਮਾਮਲੇ ਦੀ ਜਾਂਚ ਆਈ ਜੀ ਫਿਰੋਜਪੁਰ ਰੇਂਜ ਗੁਰਵਿੰਦਰ ਸਿੰਘ ਢਿੱਲੋਂ ਨੂੰ ਸੌਂਪ ਦਿੱਤੀ ਜਿਨ੍ਹਾਂ ਪੂਰੀ ਇਮਾਨਦਾਰੀ ਨਾਲ ਕੀਤੀ ਜਾਂਚ ਵਿੱਚ ਉਕਤ ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਉਂਦਿਆਂ ਉਨ੍ਹਾਂ ਖਿਲਾਫ 377, 506, 511, 295 -ਏ, 195 ਆਈ.ਪੀ.ਸੀ ਤੇ 120 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਆਰੋਪੀ ਸ਼ਿਵ ਕੁਮਾਰ ਦੇ ਘਰ ਰੇਡ ਵੀ ਕੀਤੀ ਗਈ ਲੇਕਿਨ ਉਹ ਪੁਲਿਿਸ ਦੇ ਹੱਥੇ ਨਹੀ ਚੜ੍ਹਿਆ, ਮਾਮਲੇ ਵਿੱਚ ਆਰੋਪੀ ਸੁਰਜੀਤ ਸਿੰਘ ਗਰੇਵਾਲ ਨੂੰ ਅੱਜ ਪਟਿਆਲਾ ਜੇਲ੍ਹ ਤੋਂ ਲਿਆਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਥੇ ਮਾਣਯੋਗ ਅਦਾਲਤ ਨੇ ਇੱੱਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਆਰੋਪੀ ਗਰੇੇੇਵਾਲ ਨੂੰ ਕੱਲ੍ਹ ਫਿਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।