ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ, ਬੱਚਤ ਭਵਨ, ਫ਼ਤਹਿਗੜ੍ਹ ਸਾਹਿਬ ਵਿਖੇ ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਕਣਕ ਵੰਡਣ ਲਈ ਡਿਪੂ ਹੋਲਡਰਾਂ ਨੂੰ ਮਾਰਜਨ ਮਨੀ ਦੇ ਚੈਕ ਵੰਡਦੇ ਹੋਏ।
ਫ਼ਤਹਿਗੜ੍ਹ ਸਾਹਿਬ, 17 ਜੁਲਾਈ:(ਦੀਦਾਰ ਗੁਰਨਾ ) ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ ਦੇ ਹਰੇਕ ਵਰਗ ਦੇ ਲੋਕਾਂ ਨੂੰ ਬਣਦੀਆਂ ਸਕੀਮਾਂ ਦਾ ਲਾਭ ਦੇਣ ਲਈ ਵਚਨਬੱਧ ਹੈ ਤੇ ਸਰਕਾਰ ਰਾਜ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਪੇਸ਼ ਨਹੀਂ ਆਉਣ ਦੇਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਬੱਚਤ ਭਵਨ ਵਿਖੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਸਮਾਰਟ ਰਾਸ਼ਨ ਕਾਰਡ ਅਧੀਨ ਡਿਪੂ ਹੋਲਡਰਾਂ ਵੱਲੋਂ ਅਪ੍ਰੈਲ2016 ਤੋਂ ਮਾਰਚ2017 ਤੱਕ ਵੰਡੀ ਗਈ ਕਣਕ ਦੀ ਮਾਰਜਨ ਮਨੀ ਦੇ ਚੈਕ ਵੰਡਣ ਉਪਰੰਤ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਡਿਪੂ ਹੋਲਡਰਾਂ ਦੀ ਕੁੱਲ 80 ਲੱਖ 69 ਹਜਾਰ 995 ਰੁਪਏ ਦੀ ਮਾਰਜਨ ਮਨੀ ਬਣਦੀ ਹੈ ਜਿਸ ਵਿੱਚੋਂ ਸਰਹਿੰਦ, ਖੇੜਾ, ਭਗੜਾਣਾ ਤੇ ਬਸੀ ਪਠਾਣਾਂ ਦੇ 71 ਡਿਪੂ ਹੋਲਡਰਾਂ ਨੂੰ 23 ਲੱਖ 90 ਹਜਾਰ 423 ਰੁਪਏ ਦੇ ਚੈਕ ਵੰਡੇ ਗਏ ਹਨ ਅਤੇ ਬਾਕੀ ਦੇ ਚੈਕ ਵੀ ਛੇਤੀ ਹੀ ਵੰਡ ਦਿੱਤੇ ਜਾਣਗੇ।
ਵਿਧਾਇਕ ਨਾਗਰਾ ਨੇ ਦੱਸਿਆ ਕਿ ਕਣਕ ਵੰਡਣ ਦੀ ਮਾਰਜਨ ਮਨੀ ਵਜੋਂ ਸਰਹਿੰਦ ਦੇ 48 ਡਿਪੂ ਹੋਲਡਰਾਂ ਨੂੰ 18 ਲੱਖ 25 ਹਜਾਰ 600 ਰੁਪਏ, ਖੇੜਾ ਦੇ 11 ਡਿਪੂ ਹੋਲਡਰਾਂ ਨੂੰ 1 ਲੱਖ 41 ਹਜਾਰ 873 ਰੁਪਏ, ਭਗੜਾਣਾ ਦੇ 8 ਡਿਪੂ ਹੋਲਡਰਾਂ ਨੂੰ 2 ਲੱਖ 54 ਹਜਾਰ 915 ਰੁਪਏ ਅਤੇ ਬਸੀ ਪਠਾਣਾਂ ਦੇ 4 ਡਿਪੂ ਹੋਲਡਰਾਂ ਨੂੰ 1 ਲੱਖ 68 ਹਜਾਰ 49 ਰੁਪਏ ਦੇ ਚੈਕ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਡਿਪੂ ਹੋਲਡਰ ਬੜੀ ਦੇਰ ਤੋਂ ਕਣਕ ਵੰਡਣ ਲਈ ਆਪਣੀ ਮਾਰਜਨ ਮਨੀ ਦੀ ਮੰਗ ਕਰ ਰਹੇ ਸਨ ਅਤੇ ਪੰਜਾਬ ਸਰਕਾਰ ਵੱਲੋਂ ਡਿਪੂ ਹੋਲਡਰਾਂ ਦੀ ਇਹ ਮੰਗ ਪੂਰੀ ਕਰ ਦਿੱਤੀ ਹੈ।
ਵਿਧਾਇਕ ਨੇ ਕਿਹਾ ਕਿ ਕੈਪਟਨ ਸਰਕਾਰ ਕਿਸੇ ਵੀ ਵਰਗ ਦੇ ਲੋਕਾਂ ਨਾਲ ਧੱਕਾ ਨਹੀਂ ਹੋਣ ਦੇਵੇਗੀ ਕਿਉਂਕਿ ਜਿਹੜੇ ਲੋਕਾਂ ਨੇ ਵਿਸ਼ਵਾਸ਼ ਨਾਲ ਕਾਂਗਰਸ ਸਰਕਾਰ ਸੱਤਾ ਵਿੱਚ ਲਿਆਂਦੀ ਹੈ ਉਨ੍ਹਾਂ ਦਾ ਵਿਸ਼ਵਾਸ਼ ਬਣਾਈ ਰੱਖਣਾ ਸਰਕਾਰ ਦਾ ਪਹਿਲਾ ਫਰਜ਼ ਹੈ।ਉਨ੍ਹਾਂ ਕਿਹਾ ਕਿ ਡਿਪੂ ਹੋਲਡਰ ਲੰਮੇਂ ਸਮੇਂ ਤੋਂ ਆਪਣੀ ਮਾਰਜਨ ਮਨੀ ਲਈ ਸੰਘਰਸ਼ ਕਰ ਰਹੇ ਸਨ ਅਤੇ ਕੈਪਟਨ ਸਰਕਾਰ ਨੇ ਉਨ੍ਹਾਂ ਦਾ ਬਣਦਾ ਹੱਕ ਉਨ੍ਹਾਂ ਨੂੰ ਦੇ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਮੌਜੂਦਾ ਕਾਂਗਰਸ ਸਰਕਾਰ ਹੀ ਲੋਕ ਹਿਤੈਸ਼ੀ ਸਰਕਾਰ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਗਵਿੰਦਰਜੀਤ ਸਿੰਘ ਸੰਧੂ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ਼੍ਰੀਮਤੀ ਹਰਜੀਤ ਕੌਰ ਤੋਂ ਇਲਾਵਾ ਵਿਭਾਗ ਦੇ ਸਮੂਹ ਐਫ.ਐਸ.ਓਜ਼, ਏ.ਐਫ.ਐਸ.ਓਜ਼ ਤੇ ਵੱਡੀ ਗਿਣਤੀ ਵਿੱਚ ਡਿਪੂ ਹੋਲਡਰ ਹਾਜਰ ਸਨ।