ਸ਼ਰਾਬ ਦੀਆਂ 415 ਬੋਤਲਾਂ ਸਮੇਤ 2 ਕਾਬੂ
ਰੋਹਿਤ ਗੁਪਤਾ
ਗੁਰਦਾਸਪੁਰ 26 ਅਪ੍ਰੈਲ 2024 - ਚੋਣਾਂ ਵਿੱਚ ਸ਼ਰਾਬ ਦੀ ਵਰਤੋ ਰੋਕਣ ਲਈ ਪੁਲਿਸ ਅਤੇ ਐਕਸਾਈਜ਼ ਵਿਭਾਗ ਖਾਲਸਾ ਸਰਗਰਮ ਹੋ ਗਿਆ ਹੈ। ਬੀਤੇ ਦਿਨ ਐਕਸਾਈਜ਼ ਵਿਭਾਗ ਅਤੇ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਸ਼ਹਿਰ ਵਿੱਚੋਂ ਸ਼ਰਾਬ ਦੀਆਂ 415 ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ। ਮਾਮਲੇ ਵਿੱਚ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਵੀ ਪੁਲਿਸ ਵੱਲੋਂ ਕੀਤੀ ਗਈ ਹੈ।
ਦਾਯਮਾ ਹਰੀਸ਼ ਕੁਮਾਰ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਚੋਣ ਕਮਿਸ਼ਨ, ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਜੀ ਦੇ ਦਿਸ਼ਾ-ਨਿਰਦੇਸ਼ ਹੇਠ ਗੁਰਦਾਸਪੁਰ ਪੁਲਿਸ ਅਤੇ ਆਬਕਾਰੀ ਵਿਭਾਗ ਵੱਲੋਂ ਸਾਂਝੇ ਓਪਰੇਸ਼ਨ ਦੌਰਾਨ ਨਜ਼ਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਸ਼ੱਕੀ ਵਿਅਕਤੀਆਂ ਦੇ ਸੰਗਲਪੁਰਾ ਰੋਡ ਸਥਿਤ ਘਰ ਅਚਨਚੇਤ ਚੈਕਿੰਗ ਕੀਤੀ ਗਈ। ਦੌਰਾਨੇ ਚੈਕਿੰਗ ਪਰਮਪਾਲ ਸਿੰਘ ਅਤੇ ਚੰਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 415 ਬੋਤਲਾਂ ਵੱਖ-ਵੱਖ ਮਾਰਕਾ ਸ਼ਰਾਬ ਠੇਕਾ ਬਰਾਮਦ ਕੀਤੀ ਗਈ। ਜਿਸ ਤੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 69, ਮਿਤੀ 25.04.2024 ਜੁਰਮ 61-1-14 ਆਬਕਾਰੀ ਐਕਟ ਥਾਣਾ ਸਿਟੀ ਗੁਰਦਾਸਪੁਰ ਦਰਜ ਰਜਿਸਟਰ ਕੀਤਾ ਗਿਆ ।
ਦਾਯਮਾ ਹਰੀਸ਼ ਕੁਮਾਰ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਨਜਾਇਜ਼ ਸ਼ਰਾਬ/ਨਸ਼ਿਆ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ/ਮਾੜੇ ਅਨਸਰਾਂ ਦੀ ਪੁਲਿਸ ਨੂੰ ਇਤਲਾਹ ਦੇਣ, ਤਾਂ ਜੋ ਚੋਣਾਂ ਦੌਰਾਨ ਇਮਾਨਦਾਰੀ ਨਾਲ ਲੋਕ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣ। ਨਸ਼ੇ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਖਿਲਾਫ ਠੋਸ ਕਾਰਵਾਈ ਕੀਤੀ ਜਾਵੇਗੀ।